ਲੰਬੀ (ਜਟਾਣਾ) : ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੱਕੀ ਟਿੱਬੀ ਵਿਖੇ ਇਕ ਮਜ਼ਦੂਰ ਪਰਿਵਾਰ ਦੇ ਘਰ ਉਸ ਸਮੇਂ ਸੋਗ ਛਾ ਗਿਆ ਜਦੋਂ ਗੂੜ੍ਹੀ ਨੀਂਦ ਸੁੱਤੇ ਪਏ ਪਰਿਵਾਰ ਦੇ ਮਕਾਨ ਛੱਤ ਅਚਾਨਕ ਡਿੱਗ ਪਈ ਤੇ ਅੰਦਰ ਸੁੱਤੇ ਪਤੀ-ਪਤਨੀ 'ਚੋਂ ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਜ਼ਖਮੀ ਹੋ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਸਤਪਾਲ ਸਿੰਘ (68) ਅਤੇ ਮਾਤਾ ਸਵਰਨ ਕੌਰ ਨਾਲ ਦੇ ਕਮਰੇ ਵਿਚ ਸੁੱਤੇ ਪਏ ਸਨ, ਸਵੇਰੇ ਲਗਭਗ ਸਵਾ ਤਿੰਨ ਵਜੇ ਅਚਾਨਕ ਇਕ ਜ਼ੋਰਦਾਰ ਖੜਕਾ ਹੋਇਆ। ਆਵਾਜ਼ ਸੁਣ ਕੇ ਜਦੋਂ ਉਹ ਭੱਜ ਕੇ ਬਾਹਰ ਨਿਕਲੇ ਤਾਂ ਉਸਦੇ ਹੋਸ਼ ਉਡ ਗਏ ਕਿਉਂਕਿ ਨਾਲ ਦੇ ਕਮਰੇ ਦੀ ਛੱਤ ਡਿੱਗੀ ਹੋਈ ਸੀ ਤੇ ਧੂੜ ਉੱਡ ਰਹੀ ਸੀ। ਇਸ ਦੌਰਾਨ ਗੁਆਂਢੀਆਂ ਦੀ ਮਦਦ ਨਾਲ ਉਨ੍ਹਾਂ ਮਲਬਾ ਪਾਸੇ ਕੀਤਾ ਤਾਂ ਜਦੋਂ ਤਕ ਉਸਦੇ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਜਦਕਿ ਮਾਤਾ ਜ਼ਖਮੀ ਸੀ।
ਬੂਟਾ ਸਿੰਘ ਨੇ ਦੱਸਿਆ ਕਿ ਮਕਾਨ ਪੁਰਾਣਾ ਹੋਣ ਕਾਰਨ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਡਾਟਾਂ ਵਾਲੀ ਛੱਤ ਦੇ ਗਾਡਰ ਗੱਲ ਚੁੱਕੇ ਸਨ ਤੇ ਤਰੇੜਾਂ ਵੀ ਆ ਚੁੱਕੀਆਂ ਸਨ। ਸਤਪਾਲ ਅਨੁਸਾਰ ਇਸ ਸਬੰਧੀ ਉਸ ਨੇ ਸਿਆਸੀ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਸਹਾਇਤਾ ਲਈ ਕਈ ਵਾਰ ਗੁਹਾਰ ਲਗਾਈ ਸੀ ਪਰ ਕਿਧਰੇ ਕੋਈ ਸੁਣਵਾਈ ਨਹੀਂ ਹੋਈ ਜਿਸ ਕਰਕੇ ਅੱਜ ਇਹ ਭਾਣਾ ਵਾਪਰ ਗਿਆ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਸਮੂਹ ਪਿੰਡਾਂ ਵਿਚ ਮੁੱਖ ਮੰਤਰੀ ਵੱਲੋਂ ਅਕਸਰ ਸੰਗਤ ਦਰਸ਼ਨ ਕੀਤੇ ਜਾਂਦੇ ਹਨ ਅਤੇ ਮਕਾਨ ਪੱਕੇ ਕਰਨ ਅਤੇ ਮਕਾਨਾਂ ਦੀ ਮੁਰੰਮਤ ਲਈ ਹਰ ਲੋੜਵੰਦ ਪਰਿਵਾਰ ਤੱਕ ਗਰਾਂਟ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅੱਜ ਇਸ ਘਟਨਾ ਨੇ ਸਾਰੇ ਸਿਆਸੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਥਾਣਾ ਕਬਰਵਾਲਾ ਦੇ ਮੁਖੀ ਸਤਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸਹਿਮਤੀ ਨਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਇਸ ਘਟਨਾ ਨੂੰ ਲੈ ਕਿ ਜਿਥੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਸਰਕਾਰੀ ਗਰਾਂਟਾ ਦੀ ਵੀ ਖੂਬ ਚਰਚਾ ਚਲ ਰਹੀ ਹੈ।
ਸ਼ਾਰਟ ਸਰਕਟ ਕਾਰਣ ਵਿਧਵਾ ਦਾ ਸਾਰਾ ਸਮਾਨ ਹੋਇਆ ਸੜ ਕੇ ਸੁਆਹ
NEXT STORY