ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਉੱਪਰ ਹਲਕੇ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੇਰੇ ਨਾਂ ਦੇ ਨਾਲ ਮਿਲਦੇ-ਜੁਲਦੇ ਵਿਅਕਤੀ ਪਰਮਿੰਦਰ ਸਿੰਘ ਢੀਂਗਰਾ ਦੇ ਇਕ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾ ਕੇ ਵੋਟਰਾਂ ਨੂੰ ਭੁਲੇਖਾ ਪਾਉਣ ਦਾ ਕੋਝਾ ਯਤਨ ਕੀਤਾ ਹੈ। ਢੀਂਡਸਾ ਅੱਜ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੇ ਇਸ ਸਭ ਤੋਂ ਵੱਡੇ ਮੇਲੇ ’ਚ ਹਲਕੇ ਦੇ ਅਸਲ ਮੁੱਦਿਆਂ ਨੂੰ ਗਾਇਬ ਕਰਕੇ ਧੋਖੇ ਨਾਲ ਵੋਟਾਂ ਬਟੋਰਨ ਦੀ ਖੇਡ ਖੇਡੀ ਜਾ ਰਹੀ ਹੈ, ਜੋ ਸਿਆਸੀ ਨੀਤੀਆਂ ਨੂੰ ਉਭਾਰਨ ਦੀ ਬਜਾਏ ਨਾਂਹ-ਪੱਖੀ ਸੋਚ ਉਭਾਰਨ ਦਾ ਪੁਖਤਾ ਸਬੂਤ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 8 ਫਰਵਰੀ ਤੱਕ ਭੇਜਿਆ ED ਦੇ ਰਿਮਾਂਡ ’ਤੇ
ਢੀਂਡਸਾ ਨੇ ਕਿਹਾ ਕਿ ਲੋਕਤੰਤਰ ’ਚ ਹਰ ਇਕ ਨੂੰ ਚੋਣਾਂ ਲੜਨ ਦਾ ਪੂਰਾ ਅਧਿਕਾਰ ਹੈ ਪਰ ਇਸ ਤਰ੍ਹਾਂ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਇਸ ਅਧਿਕਾਰ ਦਾ ਆਮ ਆਦਮੀ ਪਾਰਟੀ ਵੱਲੋਂ ਨਾਜਾਇਜ਼ ਫਾਇਦਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਚੋਣ ਕਮਿਸ਼ਨ ਪੰਜਾਬ ਨੂੰ ਬਕਾਇਦਾ ਪੱਤਰ ਲਿਖ ਕੇ ਸ਼ਿਕਾਇਤ ਵੀ ਕੀਤੀ ਗਈ ਹੈ। ਇਸ ਉਮੀਦਵਾਰ ਦੇ ਨਾਂ ਪਿੱਛੇ ਢੀਂਗਰਾ ਸ਼ਬਦ ਲਿਖਿਆ ਗਿਆ ਹੈ, ਇਸ ਨੂੰ ਹਟਾਇਆ ਜਾਵੇ। ਇਹ ਉਮੀਦਵਾਰ ਚੋਣ ਲੜਨ ਦੇ ਇਰਾਦੇ ਨਾਲ ਨਹੀਂ ਆਇਆ ਬਲਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਮਨਸ਼ਾ ਨਾਲ ਚੋਣ ਮੈਦਾਨ ’ਚ ਹੈ। ਢੀਡਸਾ ਨੇ ਹਲਕੇ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਸਿਆਸੀ ਫਰੇਬ ਖ਼ਿਲਾਫ਼ ਕਦਮ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚਿੱਕੜ ਉਛਾਲਣ ਦੀ ਸਿਆਸਤ ਕਰਦੀ ਆਈ ਹੈ। ਸਿਆਸਤ ਨੂੰ ਇਸ ਹੱਦ ਤਕ ਸੀਮਤ ਕਰਨਾ ਚਾਹੁੰਦੀ ਹੈ ਤਾਂ ਕਿ ਵੋਟਾਂ ਬਟੋਰਨ ਵਾਲੇ ਕਦੇ ਨਾ ਪੂਰੇ ਹੋ ਸਕਣ ਵਾਲੇ ਨਾਅਰੇ ਦੇ ਕੇ ਅਸਲ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਹੀ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਨੌਜਵਾਨਾਂ ਦੇ ਸੁਫ਼ਨਿਆਂ ਤੇ ਉਮੀਦਾਂ ’ਚੋਂ ਪੰਜਾਬ ਗਾਇਬ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਨੂੰ ਖੂਬਸੂਰਤ ਬਣਾਉਣ ਦਾ ਮੁੱਦਾ ਮੇਰੀ ਸਿਆਸਤ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ’ਤੇ ਕਾਂਗਰਸ ਦੇ ਸ਼ਾਸਨ ਦੌਰਾਨ ਹੀ ਦਰਜ ਹੋਇਆ ਸੀ ਮਾਮਲਾ : ਚੁੱਘ
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਬੋਲਣ ਦੇ ਢੰਗ-ਤਰੀਕੇ ਨੂੰ ਵੇਖਣ-ਪਰਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੋਟਰ ਹੁਣ ਬਹੁਤ ਸੂਝਵਾਨ ਹਨ ਤੇ ਲੋਕ ਆਮ ਆਦਮੀ ਪਾਰਟੀ ਦੇ ਇਸ ਕੋਝੇ ਯਤਨਾਂ ’ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਭੈੜੀ ਹਰਕਤ ਦਾ ਢੁੱਕਵਾਂ ਜਵਾਬ ਦੇਣ ਲਈ ਲੋਕ 20 ਫਰਵਰੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਮਾਤਾ ਵੈਸ਼ਨੋ ਦੇਵੀ ਮੰਦਿਰ ਤੋਂ ਪਰਤੇ, CM ਚੰਨੀ ਮਾਤਾ ਬਗਲਾਮੁਖੀ ਮੰਦਿਰ ਪਹੁੰਚੇ
ਨਵਜੋਤ ਸਿੱਧੂ ਮਾਤਾ ਵੈਸ਼ਨੋ ਦੇਵੀ ਮੰਦਿਰ ਤੋਂ ਪਰਤੇ, CM ਚੰਨੀ ਮਾਤਾ ਬਗਲਾਮੁਖੀ ਮੰਦਿਰ ਪਹੁੰਚੇ
NEXT STORY