ਚੰਡੀਗੜ੍ਹ (ਸ਼ਰਮਾ) - ਆਪਣਾ ਪੰਜਾਬ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਗੁਰਦਾਸਪੁਰ ਲੋਕ ਸਭਾ ਉਪ ਚੋਣ 'ਚ ਨਾ ਤਾਂ ਉਹ ਕਿਸੇ ਉਮੀਦਵਾਰ ਨੂੰ ਸਮਰਥਨ ਦੇ ਰਹੀ ਹੈ ਤੇ ਨਾ ਹੀ ਵਿਰੋਧ ਕਰ ਰਹੀ ਹੈ। ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੰਪਰਾਵਾਦੀ ਸਿਆਸੀ ਪਾਰਟੀਆਂ ਭਾਜਪਾ-ਅਕਾਲੀ ਗੱਠਜੋੜ ਤੇ ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਲੋਕ ਸਭਾ ਉਪ ਚੋਣ 'ਚ 'ਪੈਸੇ ਤੇ ਜ਼ੋਰ' ਦੀ ਦੁਰਵਰਤੋਂ ਕਾਰਨ ਇਸ ਚੋਣ 'ਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ ਗਿਆ ਸੀ ਕਿਉਂਕਿ ਇਹ ਉਪ ਚੋਣ ਕੇਂਦਰ 'ਚ ਸੱਤਾਧਾਰੀ ਐੱਨ. ਡੀ. ਏ. ਸਰਕਾਰ ਤੇ ਰਾਜ ਦੀ ਕਾਂਗਰਸ ਸਰਕਾਰ ਲਈ ਮੁੱਛ ਦਾ ਸਵਾਲ ਬਣ ਗਈ ਹੈ ਤੇ ਦੋਵੇਂ ਪਾਰਟੀਆਂ ਇਸ ਚੋਣ ਨੂੰ ਜਿੱਤਣ ਲਈ ਹਰ ਹੱਥਕੰਡਾ ਅਪਣਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਚੋਣ ਦੀ ਦੌੜ ਵਿਚੋਂ ਆਮ ਆਦਮੀ ਪਾਰਟੀ ਬਾਹਰ ਹੈ ਜਦਕਿ ਮੁਕਾਬਲਾ ਭਾਜਪਾ-ਅਕਾਲੀ ਗੱਠਜੋੜ ਤੇ ਕਾਂਗਰਸ ਉਮੀਦਵਾਰ ਵਿਚਕਾਰ ਹੀ ਹੈ।
ਮੀਡੀਆ 'ਚ ਛੋਟੇਪੁਰ ਨੇ ਅਕਾਲੀ ਦਲ ਜਾਂ ਕਾਂਗਰਸ 'ਚ ਸ਼ਾਮਿਲ ਹੋਣ ਦੀਆਂ ਅਟਕਲਾਂ 'ਤੇ ਰੋਕ ਲਾਉਂਦੇ ਹੋਏ ਕਿਹਾ ਕਿ ਇਨ੍ਹਾਂ ਮਨਘੜਤ ਖਬਰਾਂ ਕਾਰਨ ਉਨ੍ਹਾਂ ਨੂੰ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਨਾ ਪਿਆ ਹੈ। ਛੋਟੇਪੁਰ ਨੇ ਸਪੱਸ਼ਟ ਕੀਤਾ ਕਿ ਹਾਲ ਹੀ ਦੇ ਦਿਨਾਂ 'ਚ ਉਨ੍ਹਾਂ ਦੀ ਅਕਾਲੀ ਤੇ ਕਾਂਗਰਸ ਆਗੂਆਂ ਨਾਲ ਮੁਲਾਕਾਤ ਹੁੰਦੀ ਰਹੀ ਹੈ, ਜਿਸ ਕਾਰਨ ਮੀਡੀਆ 'ਚ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਪਰ ਪਾਰਟੀ ਨੇ ਇਹ ਫੈਸਲਾ ਲਿਆ ਹੈ ਕਿ ਉਹ ਇਸ ਚੋਣ 'ਚ ਸਾਰੀਆਂ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੇਗੀ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਇਸ ਚੋਣ 'ਚ ਆਪਣੀ ਆਤਮਾ ਦੀ ਆਵਾਜ਼ ਤੇ ਆਪਣੀ ਸਮਝ ਅਨੁਸਾਰ ਉਮੀਦਵਾਰ ਚੁਣਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਨਾ ਸਿਰਫ਼ ਹਿੱਸਾ ਲਵੇਗੀ ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਈਮਾਨਦਾਰ ਸਰਕਾਰ ਬਣਾਉਣ ਦਾ ਵੀ ਆਧਾਰ ਤਿਆਰ ਕਰੇਗੀ। ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਲਦ ਹੀ ਆਪਣਾ ਅਗਲਾ ਪ੍ਰੋਗਰਾਮ ਤੇ ਰਣਨੀਤੀ ਪੰਜਾਬ ਦੀ ਜਨਤਾ ਸਾਹਮਣੇ ਪੇਸ਼ ਕਰੇਗੀ।
ਕਰਵਾਚੌਥ 'ਤੇ ਮਾਰਕੀਟਾਂ 'ਚ ਭੀੜ, ਸਨੈਚਿੰਗ ਰੋਕਣ ਲਈ ਲਾਏ ਨਾਕੇ
NEXT STORY