ਲੁਧਿਆਣਾ (ਰਾਜ): ਵਿਦੇਸ਼ ਜਾ ਕੇ ਪਰਿਵਾਰ ਦੀ ਗਰੀਬੀ ਦੂਰ ਕਰਨ ਦਾ ਸੁਫ਼ਨਾ ਸੰਜੋਈ ਬੈਠੇ ਇਕ ਨੌਜਵਾਨ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਦੇ ਕੋਲ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਲੁਟੇਰਿਆਂ ਨੇ ਨੌਜਵਾਨ ਦੀਆਂ ਅੱਖਾਂ ਵਿਚ ਕੋਈ ਜ਼ਹਿਰੀਲਾ ਕੈਮੀਕਲ (ਸਪ੍ਰੇਅ) ਪਾ ਦਿੱਤਾ ਅਤੇ ਜਦੋਂ ਤੱਕ ਉਹ ਦਰਦ ਨਾਲ ਤੜਫਦਾ ਰਿਹਾ, ਬਦਮਾਸ਼ ਉਸ ਦਾ ਪਾਸਪੋਰਟ, ਵੀਜ਼ਾ ਅਤੇ ਨਕਦੀ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਨੇ ਨਾ ਸਿਰਫ਼ ਪੀੜਤ ਨੂੰ ਸਰੀਰਕ ਸੱਟ ਪਹੁੰਚਾਈ ਹੈ, ਸਗੋਂ ਉਸ ਦੇ ਪੂਰੇ ਪਰਿਵਾਰ ਦੇ ਭਵਿੱਖ ਨੂੰ ਵੀ ਅੱਧ ਵਿਚਕਾਰ ਲਟਕਾ ਦਿੱਤਾ ਹੈ।
ਮੋਗਾ ਨਿਵਾਸੀ ਪੀੜਤ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਮੋਗਾ ਤੋਂ ਬੱਸ ਰਾਹੀਂ ਲੁਧਿਆਣਾ ਪਹੁੰਚਿਆ ਸੀ। ਉਸ ਨੇ ਰਾਤ 11 ਵਜੇ ਦਿੱਲੀ ਲਈ ਟ੍ਰੇਨ ਫੜਨੀ ਸੀ, ਕਿਉਂਕਿ ਅਗਲੇ ਦਿਨ ਸ਼ੁੱਕਰਵਾਰ ਸ਼ਾਮ 6 ਵਜੇ ਦਿੱਲੀ ਤੋਂ ਉਸ ਦੀ ਦੁਬਈ ਦੀ ਫਲਾਈਟ ਸੀ। ਰਾਤ ਦੇ ਵੇਲੇ ਜਦੋਂ ਉਹ ਪੈਦਲ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ, ਉਦੋਂ ਹੀ ਹਨੇਰੇ ਦਾ ਫਾਇਦਾ ਉਠਾ ਕੇ ਦੋ ਅਣਪਛਾਤੇ ਨੌਜਵਾਨ ਉਸ ਦੇ ਸਾਹਮਣੇ ਆਏ ਅਤੇ ਅਚਾਨਕ ਉਸ ਦੀਆਂ ਅੱਖਾਂ ਵਿਚ ਸਪ੍ਰੇਅ ਕਰ ਦਿੱਤੀ। ਕੈਮੀਕਲ ਪੈਂਦੇ ਹੀ ਗੁਰਦੀਪ ਦੀਆਂ ਅੱਖਾਂ ਵਿਚ ਅਜਿਹੀ ਭਿਆਨਕ ਜਲਣ ਸ਼ੁਰੂ ਹੋਈ ਕਿ ਉਸ ਨੂੰ ਦਿਖਣਾ ਬੰਦ ਹੋ ਗਿਆ। ਜਦੋਂ ਤੱਕ ਉਹ ਸੰਭਲ ਪਾਉਂਦਾ, ਲੁਟੇਰੇ ਉਸ ਦਾ ਬੈਗ ਖੋਹ ਕੇ ਭੱਜ ਚੁੱਕੇ ਸਨ।
ਗੁਰਦੀਪ ਪੇਸ਼ੇ ਤੋਂ ਵਾਲ ਪੇਂਟਰ ਅਤੇ ਸ਼ਟਰਿੰਗ ਦਾ ਕੰਮ ਕਰਦਾ ਹੈ। ਘਰ ਵਿਚ ਉਹ ਇਕੱਲਾ ਕਮਾਉਣ ਵਾਲਾ ਮੈਂਬਰ ਹੈ, ਜਿਸ 'ਤੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਚਾਰ ਬੱਚਿਆਂ (3 ਬੇਟੇ ਅਤੇ 1 ਬੇਟੀ) ਦੀ ਜ਼ਿੰਮੇਵਾਰੀ ਹੈ। ਉਸ ਨੇ ਦੱਸਿਆ ਕਿ 7 ਸਾਲ ਬਾਅਦ ਉਸ ਨੂੰ ਦੁਬਾਰਾ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ, ਜਿਸ ਦੇ ਲਈ ਉਸਨੇ ਆਪਣੀ ਪ੍ਰਾਪਰਟੀ ਗਹਿਣੇ ਰੱਖ ਕੇ ਅਤੇ ਭਾਰੀ ਕਰਜ਼ਾ ਚੁੱਕ ਕੇ ਵਰਕ ਪਰਮਿਟ ਦਾ ਇੰਤਜ਼ਾਮ ਕੀਤਾ ਸੀ। ਬੈਗ ਵਿਚ ਉਸ ਦੀ ਮਿਹਨਤ ਦੀ ਕਮਾਈ, ਕੱਪੜੇ, ਪਾਸਪੋਰਟ ਅਤੇ ਸਭ ਤੋਂ ਜ਼ਰੂਰੀ ਦੁਬਈ ਦਾ ਵਰਕ ਪਰਮਿਟ (ਵੀਜ਼ਾ) ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਹਰਕਤ ਵਿਚ ਆ ਗਈ ਹੈ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਦੀਪ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸਟੇਸ਼ਨ ਦੇ ਆਸ-ਪਾਸ ਅਤੇ ਰਸਤਿਆਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ, ਬਿਨਾਂ ਪਾਸਪੋਰਟ ਅਤੇ ਪੈਸਿਆਂ ਦੇ ਗੁਰਦੀਪ ਦਾ ਦਿੱਲੀ ਜਾਣਾ ਅਤੇ ਫਲਾਈਟ ਫੜਨਾ ਨਾਮੁਮਕਿਨ ਹੋ ਗਿਆ ਹੈ, ਜਿਸ ਨਾਲ ਉਸ ਦਾ ਪੂਰਾ ਪਰਿਵਾਰ ਡੂੰਘੇ ਸਦਮੇ ਵਿਚ ਹੈ।
ਪੰਜਾਬ ਦੇ ਬਿਜਲੀ ਖੇਤਰ ’ਚ ਪਹਿਲੀ ਵਾਰ, ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਨੂੰ ਅਪੀਲੀ ਟ੍ਰਿਬਿਊਨਲ 'ਚ ਚੁਣੌਤੀ
NEXT STORY