ਪਟਿਆਲਾ (ਬਖਸ਼ੀ)—ਅਕਸਰ ਹੀ ਵਿਵਾਦਾਂ 'ਚ ਰਹਿਣ ਵਾਲਾ ਰਜਿੰਦਰਾ ਹਸਪਤਾਲ ਇਕ ਵਾਰ ਫਿਰ ਨਵੇਂ ਵਿਵਾਦ 'ਚ ਆ ਗਿਆ ਹੈ। ਇਸ ਵਾਰ ਉੱਥੇ ਬਰਨਾਲਾ ਜ਼ਿਲੇ ਦੇ ਪਿੰਡ ਉਗੋਕੇ ਦੇ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ। ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲੇ ਤੋਂ ਇਕ ਗਰਭਵਤੀ ਔਰਤ ਪਰਮਿੰਦਰ ਕੌਰ ਧਰਮ ਪਤਨੀ ਜਸਵਿੰਦਰ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਸੀ ਜਿਸ ਦੀ ਮੌਤ ਹੋਣ ਤੋਂ ਬਾਅਦ ਭੜਕੇ ਰਿਸ਼ਤੇਦਾਰਾਂ ਨੇ ਹਸਪਤਾਲ 'ਚ ਹੰਗਾਮਾ ਕੀਤਾ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਰਾਤ ਨੂੰ ਉਹ ਆਪਣੀ ਕੁੜੀ ਨੂੰ ਇੱਥੇ ਲੈ ਕੇ ਆਏ ਸਨ ਪਰ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਉਨ੍ਹਾਂ ਦੀ ਲੜਕੀ ਦੀ ਮੌਤ ਹੋਈ। ਲੜਕੀ ਦੇ ਪਤੀ ਅਤੇ ਉਸਦੇ ਘਰ ਵਾਲਿਆਂ ਨੇ ਦੱਸਿਆ ਕਿ ਰਾਤ ਨੂੰ ਦਰਦਾਂ ਹੋਣ ਤੇ ਉਹ ਲੜਕੀ ਨੂੰ ਬਰਨਾਲਾ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ। ਪਟਿਆਲਾ ਪਹੁੰਚਣ ਤੇ ਡਾਕਟਰਾਂ ਨੇ ਸਿਰਫ ਉਸ ਨੂੰ ਟੀਕੇ ਹੀ ਲਗਾਏ ਜਦੋਂ ਕਿ ਵਾਰ-ਵਾਰ ਪਰਿਵਾਰ ਵਾਲਿਆਂ ਦੇ ਕਹਿਣ ਤੇ ਉਨ੍ਹਾਂ ਦੀ ਲੜਕੀ ਦੀ ਗੌਰ ਨਹੀਂ ਕੀਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਰਾਤ ਨੂੰ ਕੋਈ ਵੀ ਡਾਕਟਰ ਇੱਥੇ ਮੌਜੂਦ ਨਹੀਂ ਸਨ ਡਾਕਟਰਾਂ ਦੀ ਜਗ੍ਹਾ ਤੇ ਨਰਸਾਂ ਫੋਨ ਤੇ ਡਾਕਟਰਾਂ ਤੋਂ ਸਲਾਹ ਲੈ ਕੇ ਕੰਮ ਕਰ ਰਹੀਆਂ ਸਨ। ਉਨ੍ਹਾਂ ਨੇ ਅੱਜ ਹਸਪਤਾਲ ਹੰਗਾਮਾ ਕੀਤਾ ਅਤੇ ਡਾਕਟਰਾਂ ਖਿਲਾਫ਼ ਬਣਦੀ ਕਾਰਵਾਈ ਨੂੰ ਲੈ ਕੇ ਉਨ੍ਹਾਂ ਨੇ ਪ੍ਰਦਰਸ਼ਨ ਵੀ ਕੀਤਾ ਹੈ।

ਦੂਜੇ ਪਾਸੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਉਨ੍ਹਾਂ 'ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਲੜਕੀ ਨੂੰ ਜਦੋਂ ਰਜਿੰਦਰਾ ਹਸਪਤਾਲ ਲੈ ਕੇ ਆਇਆ ਗਿਆ ਸੀ ਉਦੋਂ ਉਸ ਦੀ ਹਾਲਤ ਕਾਫੀ ਗੰਭੀਰ ਸੀ ਕਿਉਂਕਿ ਉਸਦੇ ਬੱਚੇ ਦੀ ਮੌਤ ਬਰਨਾਲਾ ਹਸਪਤਾਲ 'ਚ ਹੋ ਚੁੱਕੀ ਸੀ। ਡਾਕਟਰਾਂ ਵੱਲੋਂ ਉਸ ਦੀ ਡਿਲੀਵਰੀ ਕਰਵਾਉਣ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਲੜਕੀ ਦੀ ਮੌਤ ਹੋ ਗਈ।
ਸੁਖਪਾਲ ਖਹਿਰਾ ਦੀ 'ਆਪ' 'ਚ ਜਾਣ ਤੋਂ ਕੋਰੀ ਨਾਂਹ
NEXT STORY