ਪਟਿਆਲਾ (ਮਨਦੀਪ ਜੋਸਨ) : ਲਗਭਗ ਮਾਨਸੂਨ ਸਿਰ ’ਤੇ ਆ ਚੁਕਿਆ ਹੈ ਪਰ ਪਟਿਆਲਾ ਸ਼ਹਿਰ ਅਤੇ ਜ਼ਿਲ੍ਹੇ ਨੂੰ ਡੋਬਦੀਆਂ ਨਦੀਆਂ, ਜਿਨ੍ਹਾਂ ’ਚ ਘੱਗਰ, ਪਟਿਆਲਾ ਨਦੀ, ਛੋਟੀ ਨਦੀ, ਮਾਰਕੰਡਾ, ਟਾਂਗਰੀ ਆਦਿ ਦੀ ਅਜੇ ਤੱਕ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਸਫਾਈ ਤੱਕ ਸ਼ੁਰੂ ਨਹੀਂ ਕਰਵਾਈ, ਜਿਸ ਕਾਰਨ ਮੁੜ ਪਟਿਆਲਾ ਡੁੱਬ ਸਕਦਾ ਹੈ ਅਤੇ ਹਾਹਾਕਾਰ ਮਚ ਸਕਦੀ ਹੈ। ਜਦਕਿ ਡੀ. ਸੀ. ਪਟਿਆਲਾ ਗਹਿਰੀ ਨੀਂਦ ਵਿਚ ਏ. ਸੀ. ਦਫਤਰ ਦਾ ਆਨੰਦ ਮਾਣ ਰਹੇ ਹਨ। ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਦਰਿਆਵਾਂ ਦਾ ਮੁਆਇਨਾ ਨਹੀਂ ਕੀਤਾ। ਦਰਿਆਵਾਂ ਨੂੰ ਜਾ ਕੇ ਨਹੀਂ ਦੇਖਿਆ। ਪਟਿਆਲਾ ਨਦੀ, ਛੋਟੀ ਨਦੀ, ਮਾਰਕੰਡਾ, ਟਾਂਗਰੀ ਦੀ ਸਫਾਈ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਗਿਆ ਕਿਉਂਕਿ ਇਹ ਹਮੇਸ਼ਾ ਹੁੰਦਾ ਹੈ ਕਿ ਪਹਿਲਾਂ ਪਟਿਆਲਾ ਡੁੱਬਦਾ ਹੈ, ਫਿਰ ਕਰੋੜਾਂ ਰੁਪਏ ਦੇ ਫੰਡ ਬਚਾਅ ਕਾਰਜਾਂ ਲਈ ਆਉਂਦੇ ਹਨ, ਜਿਸ ’ਚੋਂ ਅੱਧੇ ਤੋਂ ਵਧ ਰਾਜਸੀ ਲੋਕਾਂ ਤੇ ਅਧਿਕਾਰੀਆਂ ਦੀਆਂ ਜੇਬਾਂ ’ਚ ਚਲੇ ਜਾਂਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਪਟਿਆਲਾ ਨੂੰ ਇਕ ਸਾਜ਼ਿਸ਼ ਤਹਿਤ ਹੀ ਡੋਬਿਆ ਜਾਂਦਾ ਹੈ ਕਿਉਂਕਿ ਇਹ ਕਰੋੜਾਂ ਅਰਬਾਂ ਰੁਪਏ ਦੀ ਗੇਮ ਹੈ।
ਇਹ ਵੀ ਪੜ੍ਹੋ : 11 ਜੂਨ ਨੂੰ ਲੈ ਕੇ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਪੰਜਾਬ ਭਰ 'ਚ ਵਿੱਢੀ ਤਿਆਰੀ
ਸਾਲ 2023 ਵਿਚ ਸਿਰਫ 3 ਸਾਲ ਪਹਿਲਾਂ ਪਟਿਆਲਾ ਅੰਦਰ ਹੜ੍ਹ ਆਇਆ ਸੀ। ਪਟਿਆਲਾ ਨਦੀ, ਟਾਂਗਰੀ, ਮਾਰਕੰਡਾ, ਘੱਗਰ, ਛੋਟੀ ਨਦੀ ਸਮੇਤ ਹਰ ਨਦੀ ਨਾਲੇ ਨੇ ਤਬਾਹੀ ਮਚਾਈ ਸੀ। ਤਬਾਹੀ ਦਾ ਮੰਜਰ ਇਨਾ ਕੁ ਡਰਾਉਣਾ ਸੀ ਕਿ ਸ਼ਹਿਰ ਪਟਿਆਲਾ ਦੇ ਅਰਬਨ ਅਸਟੇਟ ਵਰਗੇ ਵੀ. ਵੀ. ਆਈ. ਪੀ. ਏਰੀਆ ਵੀ ਡੁੱਬ ਗਏ ਸਨ। ਇਨ੍ਹਾਂ ਨੂੰ ਪਟਿਆਲਾ ਨਦੀ, ਛੋਟੀ ਨਦੀ ਡੁਬਾਉਂਦੀ ਹੈ। ਤਿੰਨ ਸਾਲ ਬੀਤਣ ਤੋਂ ਬਾਅਦ ਵੀ ਮੌਜੂਦਾ ਸਰਕਾਰ ਦੇ ਕਿਸੇ ਅਧਿਕਾਰੀ ਦਾ ਇਸ ਦੀ ਸਫਾਈ ਵੱਲ, ਕੰਡਿਆਂ ਦੀ ਮਜ਼ਬੂਤੀ ਲਈ ਕੋਈ ਵੀ ਧਿਆਨ ਨਹੀਂ ਗਿਆ। ਅਧਿਕਾਰੀ ਅਤੇ ਰਾਜਸੀ ਲੋਕ ਗੱਲਾਂ ਦਾ ਕੜਾਹ ਪਕਾ ਰਹੇ ਹਨ, ਜਦੋਂ ਕਿ ਗਰਾਊਂਡ ਵਿਚ ਰਿਪੋਰਟ ਜ਼ੀਰੋ ਹੈ। ਘੱਗਰ ਦੇ ਹਾਲਾਤ ਬਦ ਤੋਂ ਬਦਤਰ ਹਨ। ਟਾਂਗਰੀ, ਮਾਰਕੰਡਾ ਦਾ ਮਾੜਾ ਹਾਲ ਹੈ। ਤਿੰਨ ਸਾਲ ਪਹਿਲਾਂ ਹਲਕਾ ਸਨੌਰ, ਘਨੌਰ, ਰਾਜਪੁਰਾ, ਸਮਾਣਾ ਅਤੇ ਪਾਤੜਾਂ ਦੇ ਪਿੰਡਾਂ ਦੇ ਪਿੰਡ ਡੁੱਬ ਗਏ ਸਨ। ਲੱਖਾਂ ਕਰੋੜਾਂ ਰੁਪਏ ਦਾ ਲੋਕਾਂ ਦਾ ਨੁਕਸਾਨ ਹੋਇਆ ਸੀ। ਉਦੋਂ ਵੀ ਵੱਡੀਆਂ-ਵੱਡੀਆਂ ਡੀਂਗਾਂ ਮੌਜੂਦਾ ਸਰਕਾਰ ਦੇ ਅਧਿਕਾਰੀਆਂ ਨੇ ਮਾਰੀਆਂ ਸੀ ਕਿ ਆਉਣ ਵਾਲੇ ਸਮੇਂ ਅੰਦਰ ਸਭ ਕੁਝ ਸਹੀ ਹੋ ਜਾਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ। ਇਸ ਸਮੇਂ ਹਾਲਾਤ ਹਾਲੋ-ਬੇਹਾਲ ਹਨ। ਜੇਕਰ ਮਾਨਸੂਨ ਜ਼ੋਰਾਂ ਨਾਲ ਪੈ ਗਈ ਤਾਂ ਪਟਿਆਲਾ ਨੂੰ ਡੁੱਬਣ ਤੋਂ ਕੋਈ ਨਹੀਂ ਰੋਕ ਸਕਦਾ। ਪਟਿਆਲਾ ਨੂੰ ਡੁਬਾਉਣ ਲਈ ਸਿੱਧੇ ਤੌਰ ’ਤੇ ਜ਼ਿਲਾ ਪ੍ਰਸ਼ਾਸਨ ਖਾਸ ਕਰ ਕੇ ਜ਼ਿਲਾ ਪ੍ਰਸ਼ਾਸਨ ਦੇ ਮੁਖੀ ਡੀ. ਸੀ. ਪਟਿਆਲਾ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ : ਡਿੰਪਲ ਦੇ ਹੱਕ 'ਚ ਪਟਿਆਲਾ 'ਚ ਵੱਡਾ ਪ੍ਰਦਰਸ਼ਨ, ਮੁਲਜ਼ਮ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ
3 ਸਾਲ ਪਹਿਲਾਂ ਵੀ ਜ਼ਿਲਾ ਪ੍ਰਸ਼ਾਸਨ ਨੇ ਹੜ੍ਹ ਖੜ੍ਹੇ ਕੀਤੇ ਸਨ ਤਾਂ ਮਿਲਟਰੀ ਨੇ ਸੰਭਾਲਿਆ ਸੀ ਮੋਰਚਾ
3 ਸਾਲ ਪਹਿਲਾਂ ਜਦੋਂ ਪਟਿਆਲਾ ’ਚ ਹੜ੍ਹ ਆਏ ਤਾਂ ਉਸ ਸਮੇਂ ਜ਼ਿਲਾ ਪ੍ਰਸ਼ਾਸਨ ਦੇ ਹੱਥ ਖੜ੍ਹੇ ਹੋ ਗਏ ਸਨ। ਆਖਿਰ ਲੋਕਾਂ ਨੂੰ ਡੁਬਦਿਆਂ ਦੇਖ ਕੇ ਮਿਲਟਰੀ ਨੇ ਆਕੇ ਮੋਰਚਾ ਸੰਭਾਲਿਆ ਸੀ। ਅਸਲ ’ਚ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਪਹਿਲਾਂ ਕੁੰਭਕਰਨੀ ਨੀਂਦ ਸੁੱਤੇ ਰਹਿੰਦੇ ਹਨ। ਜਦੋਂ ਬਿਪਤਾ ਪੈਦੀ ਹੈ ਤਾਂ ਹੱਥ ਖੜ੍ਹੇ ਕਰ ਦਿੰਦੇ ਹਨ। ਪਟਿਆਲਾ ਨਾਲ ਹੜ੍ਹਾਂ ਦਾ ਗੁੜਾ ਰਿਸ਼ਤਾ ਹੈ। ਇਸ ਲਈ ਇਥੇ ਬੇਹੱਦ ਜ਼ਰੂਰੀ ਹੈ ਕਿ ਨਦੀਆਂ, ਨਾਲਿਆਂ ਦੀ ਸਫਾਈ ਸਹੀ ਢੰਗ ਨਾਲ ਕਰਵਾਈ ਜਾਵੇ ਤੇ ਉਨ੍ਹਾਂ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਣਗੀਆਂ ਇਨ੍ਹਾਂ ਪਲਾਟਾਂ ਦੀਆਂ ਰਜਿਸਟਰੀਆਂ, ਜਾਰੀ ਹੋਏ ਸਖ਼ਤ ਹੁਕਮ
ਲੰਘੇ ਸਾਲ ਬਾਗੀ ਵਿਧਾਇਕ ਪਠਾਣਮਾਜਰਾ ਨੇ ਵੀ ਚੁਕਿਆ ਸੀ ਮੁੱਦਾ
ਲੰਘੇ ਸਾਲ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹੜ੍ਹਾਂ ਨੂੰ ਲੈ ਕੇ ਮੁੱਦਿਆਂ ਚੁੱਕਿਆ ਸੀ। ਉਸ ਸਮੇਂ ਉਹ ਆਮ ਆਦਮੀ ਪਾਰਟੀ ਦੇ ਪੂਰੀ ਚੜ੍ਹਾਈ ਵਾਲੇ ਵਿਧਾਇਕ ਸਨ, ਉਨ੍ਹਾਂ ਨੇ ਸਰਕਾਰ ਨੂੰ ਸ਼ੀਸਾ ਦਿਖਾਇਆ ਸੀ ਕਿ ਜੇਕਰ ਤੁਸੀਂ ਟਾਂਗਰੀ, ਮਾਰਕੰਡਾ, ਘੱਗਰ ਆਦਿ ਤੋਂ ਮਿੱਟੀ ਨਹੀਂ ਕੱਢਦੇ ਤੇ ਇਨਾ ਦੇ ਕੰਡੇ ਮਜ਼ਬੂਤ ਨਹੀਂ ਕਰਦੇ ਤਾਂ ਹੜ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ। ਹਰਮੀਤ ਪਠਾਣਮਾਜਰਾ ਨੇ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨੂੰ ਵੀ ਆੜੇ ਹੱਥੀਂ ਲਿਆ ਸੀ। ਬਾਗੀ ਵਿਧਾਇਕ ਪਠਾਣਮਾਜਰਾ ਦਾ ਕਹਿਣਾ ਸੀ ਕਿ ਇਨ੍ਹਾਂ ਨਦੀਆਂ ਨਾਲਿਆਂ ਦੀ ਸਫਾਈ ਹੋਣੀ ਬੇਹੱਦ ਜ਼ਰੂਰੀ ਹੈ। ਜਦੋਂ ਇਸ ’ਚੋਂ ਮਿੱਟੀ ਕੱਢ ਕੇ ਇਸ ਨੂੰ ਡੂੰਘਾ ਕੀਤਾ ਜਾਵੇਗਾ ਤੇ ਸਿੱਧਾ ਕੀਤਾ ਜਾਵੇਗਾ ਤਾਂ ਪਾਣੀ ਉੱਪਰ ਉਛਲਣ ਦੀ ਬਜਾਏ ਹੇਠਾਂ ਹੀ ਅੱਗੇ ਲੰਘ ਜਾਵੇਗਾ। ਉਨ੍ਹਾਂ ਹਲਕਾ ਸਨੌਰ ਦੇ ਲੋਕਾਂ ਲਈ ਬਿਲਕੁੱਲ ਸਹੀ ਮੁੱਦਾ ਚੁਕਿਆ ਸੀ ਕਿਉਂਕਿ ਲੋਕਾਂ ਨੂੰ ਡੁੱਬਦੇ ਪਠਾਣਮਾਜਰਾ ਨੇ ਅੱਖੀਂ ਦੇਖਿਆ ਸੀ ਪਰ ਲੰਘੇ ਸਾਲ ਇਹ ਇਕ ਨੇਕ ਸਲਾਹ ‘ਆਪ’ ਸਰਕਾਰ ਨੂੰ ਰਾਸ ਨਹੀਂ ਆਈ ਸੀ। ਉਨ੍ਹਾਂ ਨੇ ਪਠਾਣਮਾਜਰਾ ਉੱਪਰ 2-3 ਪਰਚੇ ਦਰਜ ਕਰ ਦਿੱਤੇ ਅਤੇ ਪਠਾਣਮਾਜਰਾ ਹੁਣ ਕੁਝ ਦਿਨ ਪਹਿਲਾਂ ਹੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਜੇਲ ’ਚੋਂ ਰਿਹਾਅ ਹੋ ਕੇ ਆਏ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲਿਆ ਗਿਆ ਵੱਡਾ ਫ਼ੈਸਲਾ
ਲੋਕਾਂ ਨੂੰ ਉਜਾੜਨ ਤੋਂ ਬਾਅਦ ਜਾਗਦੀ ਐ ਸਰਕਾਰ : ਹੈਰੀਮਾਨ
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਹਲਕਾ ਸਨੌਰ ਦੇ ਕਾਂਗਰਸ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਉਜਾੜਨ ਤੋਂ ਬਾਅਦ ਜਾਗਦੀ ਹੈ। ਅਜੇ ਤੱਕ ਸਰਕਾਰ ਨੇ ਕਿਤੇ ਇਕ ਤਸਲਾ ਮਿੱਟੀ ਦਾ ਕੱਢਵਾਇਆ ਅਤੇ ਨਾ ਹੀ ਸਫਾਈ ਕਰਵਾਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਖੁਦ ਲੋਕਾਂ ਦਾ ਉਜਾੜਾ ਭਾਲਦੀ ਹੈ। ਹੈਰੀਮਾਨ ਨੇ ਆਖਿਆ ਕਿ ਕਾਂਗਰਸ ਸਰਕਾਰ ਸਮੇਂ ਇਨ੍ਹਾਂ ਨਦੀਆਂ-ਨਾਲਿਆਂ ਲਈ ਕਈ ਪ੍ਰਾਜੈਕਟ ਬਣਾਏ ਗਏ ਸਨ ਪਰ ਉਹ ਮੌਜੂਦਾ ਸਰਕਾਰ ਨੇ ਰੋਲ ਦਿੱਤੇ। ਹੁਣ ਮੁੜ ਕਾਂਗਰਸ ਸਰਕਾਰ ਬਣਦੇ ਹੀ ਇਨ੍ਹਾਂ ਨਦੀਆਂ-ਨਾਲਿਆਂ ਦੀ ਸਾਰ ਲਈ ਜਾਵੇਗੀ।
ਅਜੇ ਤੱਕ ਕਿਸੇ ਵੀ ਨਦੀ-ਨਾਲੇ ਦੀ ਸਫਾਈ ਨਾ ਕਰਾਉਣਾ ਮੰਦਭਾਗਾ : ਹਰਿੰਦਰਪਾਲ ਚੰਦੂਮਾਜਰਾ
ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਨਦੀਆਂ, ਨਾਲਿਆਂ ਦੀ ਸਫਾਈ ਨਾ ਕਰਵਾਉਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਆਖਿਆ ਕਿ ਹੜ੍ਹਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹਲਕਾ ਸਨੌਰ ਨੂੰ ਹੁੰਦਾ ਹੈ ਕਿਉਂਕਿ ਘੱਗਰ ਦੇ ਨਾਲ-ਨਾਲ ਟਾਂਗਰੀ, ਮਾਰਕੰਡਾ ਸਮੇਤ ਕਈ ਹੋਰ ਨਦੀਆਂ ਹਲਕਾ ਸਨੌਰ ਅੰਦਰੋਂ ਲੰਘਦੀਆਂ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਗੁੂੜੀ ਨੀਂਦ ਨੂੰ ਤਿਆਗਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਬਚਾਉਣ ਲਈ ਤੁਰੰਤ ਠੋਸ ਨੀਤੀ ਬਣਾ ਕੇ ਇਨ੍ਹਾਂ ਦੇ ਕੰਡੇ ਪੱਕੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਕੋਈ ਵੱਡਾ ਉਜਾੜਾ ਨਾ ਹੋਵੇ।
ਪਟਿਆਲਾ ਸ਼ਹਿਰ ਕਈ ਵਾਰ ਡੁੱਬਿਆ ਪਰ ਸਰਕਾਰ ਖਾਮੋਸ਼ : ਯੋਗਿੰਦਰ ਯੋਗੀ
ਨਗਰ ਨਿਗਮ ਪਟਿਆਲਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਸੀਨੀਅਰ ਕਾਂਗਰਸੀ ਨੇਤਾ ਯੋਗਿੰਦਰ ਸਿੰਘ ਯੋਗੀ ਨੇ ਆਖਿਆ ਕਿ ਪਟਿਆਲਾ ਕਈ ਵਾਰ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਡੁੱਬ ਚੁੱਕਿਆ ਹੈ। ਪਿਛਲੇ ਸਾਲ ਵੀ ਅੰਦਰ ਵਾਲੇ ਸ਼ਹਿਰ ਦਾ ਵੀ ਬਹੁਤ ਨੁਕਸਾਨ ਹੋਇਆ ਸੀ ਕਿਉਂਕਿ ਪਾਣੀ ਬੈਕ ਮਾਰਨ ਕਾਰਨ ਛੋਟੀ ਨਦੀ ’ਚ ਆ ਗਿਆ ਅਤੇ ਛੋਟੀ ਨਦੀ ਨੇ ਅੰਦਰ ਵਾਲੇ ਸ਼ਹਿਰ ਦਾ ਨੁਕਸਾਨ ਕਰ ਦਿੱਤਾ। ਯੋਗਿੰਦਰ ਯੋਗੀ ਨੇ ਆਖਿਆ ਕਿ ਜੇਕਰ ਸਰਕਾਰ ਨਾ ਜਾਗੀ ਅਤੇ ਮਾਨਸੂਨ ਜ਼ਿਆਦਾ ਜ਼ੋਰ ਨਾਲ ਪੈ ਗਈ ਤਾਂ ਪਟਿਆਲਾ ਦਾ ਹਾਲ ਪਿਛਲੇ 3 ਸਾਲ ਵਰਗਾ ਹੀ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਤੁਰੰਤ ਜਾਗ ਕੇ ਨਦੀਆਂ ਨਾਲਿਆਂ ਦੀ ਸਫਾਈ ਕਰਵਾਉਣੀ ਚਾਹੀਦੀ ਹੈ।
ਸਰਕਾਰ ਦਾ ਨਦੀਆਂ-ਨਾਲਿਆਂ ਦੀ ਸਫਾਈ ਵੱਲ ਕੋਈ ਧਿਆਨ ਨਹੀਂ : ਹਰਦਿਆਲ ਕੰਬੋਜ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਮੌਜੂਦਾ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਹੈ। ਉਨ੍ਹਾਂ ਕਿਹਾ ਕਿ 2023 ਵਿਚ ਵੀ ਜਦੋਂ ਹੜ੍ਹ ਆਏ, ਉਸ ਸਮੇਂ ਰਾਜਪੁਰਾ ਅੰਦਰ ਵੀ ਬਕਾਇਦਾ ਤੌਰ ’ਤੇ ਮਿਲਟਰੀ ਬੁਲਾਉਣੀ ਪਈ ਸੀ ਅਤੇ ਫੌਜ ਨੇ ਹਲਕਾ ਸੰਭਾਲਿਆ ਸੀ। ਉਨ੍ਹਾਂ ਆਖਿਆ ਕਿ ਸਰਕਾਰ ਦੀ ਕੁੰਭਕਰਨੀ ਨੀਂਦ ਇਹ ਦਰਸਾਉਂਦੀ ਹੈ ਕਿ ਇਹ ਆਮ ਨਹੀਂ, ਸਿਰਫ ਕੁਝ ਕੁ ਖਾਸ ਆਦਮੀਆਂ ਦੀ ਪਾਰਟੀ ਹੈ। ਜੇਕਰ ਨਦੀਆਂ-ਨਾਲਿਆਂ ਦੀ ਸਫਾਈ ਸਹੀ ਢੰਗ ਨਾਲ ਨਾ ਹੋਈ ਤਾਂ ਕਾਂਗਰਸ ਇਸ ਸਬੰਧੀ ਸੰਘਰਸ਼ ਸ਼ੁਰੂ ਕਰੇਗੀ ਤੇ ਲੋਕਾਂ ਨੂੰ ਬਚਾਉਣ ਲਈ ਵੱਡੇ-ਵੱਡੇ ਧਰਨੇ ਮੁਜ਼ਾਹਰੇ ਵੀ ਲਗਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੰਗਰੂਰ 'ਚ ਲੱਗੀ ਭਿਆਨਕ ਅੱਗ, 6 ਕਰੋੜ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ
NEXT STORY