ਭਾਰਤ ਨਾ ਹੀ ਮੇਰੀ ਜਾਗੀਰ ਹੈ ਅਤੇ ਨਾ ਹੀ ਕੇਂਦਰ ’ਚ ਸੱਤਾ ਚਲਾ ਰਹੀ ਸਰਕਾਰ ਦੀ। ਸੱਤਾ ਸਥਾਈ ਨਹੀਂ। ਅੱਜ ਜਿੱਥੇ ਮੈਂ ਹਾਂ, ਕੱਲ ਕੋਈ ਹੋਰ ਹੋਵੇਗਾ ਪਰ ਮੇਰੀ ‘ਭਾਰਤ ਭੂਮੀ’ ਸਦਾ ਜਿਊਂਦੀ ਰਹੇਗੀ। ਇਸ ਦੇਸ਼ ਦੇ ਮੂਲ ਸਿਧਾਂਤਾਂ ਅਤੇ ਲੋਕਤੰਤਰ ਨੂੰ ਕੋਈ ਨਹੀਂ ਬਦਲ ਸਕਦਾ। ਇਹ 140 ਕਰੋੜ ਭਾਰਤ ਵਾਸੀਆਂ ਦਾ ਦੇਸ਼ ਹੈ। ਇਸ ਦੇਸ਼ ’ਚ ਪੱਖ ਅਤੇ ਵਿਰੋਧ ਦੇ ਟਕਰਾਅ ਨਾਲ ਅਰਾਜਕਤਾ ਫੈਲ ਰਹੀ ਹੈ ਜਿਸ ਨੂੰ ਰੋਕਣਾ ਜ਼ਰੂਰੀ ਹੈ। ਇਸ ਲਈ ਕੇਂਦਰ ’ਚ ਸਰਕਾਰ ਚਲਾ ਰਹੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲ-ਬੈਠ ਕੇ ਵਿਚਾਰ ਕਰਨਾ ਹੋਵੇਗਾ। ਸੱਤਾ ਧਿਰ ਨੂੰ ਵਿਰੋਧੀ ਧਿਰ ਵੱਲ ਦੋਸਤੀ ਦਾ ਹੱਥ ਵਧਾਉਣਾ ਹੋਵੇਗਾ। ਵਿਰੋਧੀ ਧਿਰ ਨੂੰ ਸੱਤਾਧਾਰੀ ਪਾਰਟੀ ਦੀਆਂ ਰੀਤੀ-ਨੀਤੀਆਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ। ਸੱਤਾ ਧਿਰ ਨੇ ਇਹ ਕਿਉਂ ਸੋਚ ਲਿਆ ਕਿ ਵਿਰੋਧੀ ਧਿਰ ਦਾ ਹਰ ਨੇਤਾ ‘ਦੇਸ਼ਧ੍ਰੋਹੀ’ ਹੈ ਅਤੇ ਕਿ ਉਹ ਵਿਦੇਸ਼ੀ ਫੰਡਾਂ ਦੇ ਦਮ ’ਤੇ ਅਰਾਜਕਤਾ ਫੈਲਾਅ ਰਿਹਾ ਹੈ। ਇਸ ਦੇਸ਼ ਦਾ ਸੱਤਾ ਪੱਖ ਵੀ ‘ਦੇਸ਼ਭਗਤ’ ਅਤੇ ਵਿਰੋਧੀ ਧਿਰ ਵੀ ਸ਼ੁੱਧ ‘ਦੇਸ਼ਭਗਤ’ ਹੈ। ਇੱਕਾ-ਦੁੱਕਾ ਨੇਤਾ ਇਸ ਦਾ ਅਪਵਾਦ ਹੋ ਸਕਦੇ ਹਨ। ਜਿੱਥੇ ਤੱਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਵਾਲ ਹੈ, ਅਸੀਂ ਸਭ ਭਾਰਤਵਾਸੀ ਇਕ ਹਾਂ।
ਇਹ ਸੱਤਾ ਧਿਰ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਨੇਤਾਵਾਂ ਨੂੰ ‘ਗੱਲਬਾਤ ਦੀ ਮੇਜ਼’ ’ਤੇ ਲਿਆਵੇ। ਵਿਰੋਧੀ ਧਿਰ ਇਹ ਕਿਉਂ ਸੋਚੇ ਕਿ ਸੱਤਾ ਧਿਰ ਉਨ੍ਹਾਂ ਦੀ ਆਵਾਜ਼ ਨੂੰ ਸੁਣਦੀ ਹੀ ਨਹੀਂ? ਵਿਰੋਧੀ ਧਿਰ ਸਰਕਾਰ ਦੀ ਪੂਰਕ ਹੈ। ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਦਾ ਸ਼ਿੰਗਾਰ ਹੈ। ਲੋਕਤੰਤਰ ਦੀ ਰੱਖਿਆ ਲਈ ਦੋਵੇਂ ਦੋਸਤੀ ਦਾ ਭਾਵ ਰੱਖਣ।
ਸਰਕਾਰ ਅਤੇ ਵਿਰੋਧੀ ਧਿਰਾਂ ਦੀ ਜ਼ਿੰਮੇਵਾਰੀ ਹੈ ਕਿ ਦੋਵੇਂ ਮਿਲ ਕੇ ਦੇਸ਼ ਨੂੰ ਅਰਾਜਕਤਾ ਦੇ ਮਾਹੌਲ ਤੋਂ ਬਾਹਰ ਕੱਢਣ। 140 ਕਰੋੜ ਲੋਕ ਇਸ ਦੇਸ਼ ਦੇ ਮਾਲਕ ਹਨ। ਸਰਕਾਰ ਲੋਕਾਂ ਦੀਆਂ ਵੋਟਾਂ ਨਾਲ ਬਣਦੀ ਹੈ। ਇਸ ਦੇਸ਼ ਦੇ ਮਾਲਕਾਂ ਨੂੰ ਵੋਟਾਂ ਤੋਂ ਬਾਅਦ ਕੋਈ ਪੁੱਛਦਾ ਹੀ ਨਹੀਂ? ਕੀ ਕੋਈ ਸਾਧਾਰਨ ਵਿਅਕਤੀ ਇਸ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ ਨੂੰ ਮਿਲ ਸਕਦਾ ਹੈ? ਆਪਣੇ ‘ਗ੍ਰੀਵੈਂਸਿਜ਼’ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਤੱਕ ਪਹੁੰਚਾ ਸਕਦਾ ਹੈ? ਦੇਸ਼ ਦੇ 98 ਫੀਸਦੀ ਲੋਕ ਤਾਂ ਕਦੇ ਨਹੀਂ ਮਿਲ ਸਕਦੇ, ਇਸ ਲਈ ਪਹੁੰਚ ਵਾਲੇ, ਰੋਅਬਦਾਰ ਵਿਅਕਤੀ ਜ਼ਰੂਰ ਮੰਤਰੀਆਂ ਜਾਂ ਸਕੱਤਰਾਂ ਤੱਕ ਪਹੁੰਚ ਸਕਦੇ ਹੋਣਗੇ। ਸਾਧਾਰਨ ਵਿਅਕਤੀ ਨੇ ਆਪਣੇ ਜਨਪ੍ਰਤੀਨਿਧਾਂ ਨੂੰ ਮਿਲਣ-ਮਿਲਾਉਣ ਦੀ ਗੱਲ ਹੀ ਭੁਲਾ ਦਿੱਤੀ ਹੈ। ਬਸ ਇੰਨੀ ਜਿਹੀ ਗੱਲ ਉਹ ਕਹਿ ਸਕਦੇ ਹਨ—ਕਿਸ-ਕਿਸ ਕੀ ਫ਼ਿਕਰ ਕਰੀਏ, ਕਿਸ-ਕਿਸ ਨੂੰ ਰੋਈਏ? ਨੀਂਦ ਬੜੀ ਚੀਜ਼ ਹੈ, ਮੂੰਹ ਢੱਕ ਕੇ ਸੋਈਏ। ਜਨਤਾ ਕਿਸ ਨੂੰ ਫਰਿਆਦ ਕਰੇ? ਅੰਗਰੇਜ਼ਾਂ ਦਾ ਰਾਜ ਸੀ ਤਾਂ ਵੀ ਮਹਾਤਮਾ ਗਾਂਧੀ ਜਦੋਂ ਕਦੇ ‘ਭੁੱਖ-ਹੜਤਾਲ’ ਜਾਂ ‘ਮਰਨ ਵਰਤ’ ’ਤੇ ਆਜ਼ਾਦੀ ਦੇ ਅੰਦੋਲਨ ਦੇ ਸਮੇਂ ਬੈਠਦੇ ਸਨ ਤਾਂ ਅੰਗਰੇਜ਼ ਸਰਕਾਰ ਉਨ੍ਹਾਂ ਨੂੰ ਖੁੱਲ੍ਹ ਕੇ ਭੁੱਖ ਹੜਤਾਲ ਤੋੜਨ, ਉਨ੍ਹਾਂ ਦੀ ਸ਼ਿਕਾਇਤ ਦੂਰ ਕਰਨ ਦੀ ਮਿੰਨਤ-ਤਰਲਾ ਕਰਦੀ। ਪੰਡਿਤ ਜਵਾਹਰ ਲਾਲ ਨਹਿਰੂ ਦੇ ਸੱਤਿਆਗ੍ਰਹਿ ਅਤੇ ਭੁੱਖ-ਹੜਤਾਲ ’ਤੇ ਅੰਗਰੇਜ਼ੀ ਹਕੂਮਤ ਉਨ੍ਹਾਂ ਨਾਲ ਗੱਲਬਾਤ ਬਣਾਈ ਰੱਖਦੀ। ਸੱਤਾ ਪੱਖ ਅਤੇ ਵਿਰੋਧੀ ਧਿਰ ਟਕਰਾਅ ਦੀ ਮੁਦਰਾ ’ਚ ਲੜਦੇ-ਝਗੜਦੇ ਦਿਖਾਈ ਦਿੰਦੇ। ਮਿਲ ਕੇ ਮਤਭੇਦਾਂ ਨੂੰ ਸੁਲਝਾਉਣ ਵਾਲਾ ਨਾ ਅੱਜ ਸੱਤਾ ਧਿਰ ’ਚ ਅਤੇ ਨਾ ਵਿਰੋਧੀ ਧਿਰ ’ਚ ਕੋਈ ਨੇਤਾ ਹੈ ਪਰ ਅੱਜ ਦੀ ਅਰਾਜਕਤਾ ਤੋਂ ਦੇਸ਼ ਦਾ ਨੌਜਵਾਨ ਕੁਝ ਵਧੇਰੇ ਦੁਖੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਬੜੀ ਬੁੱਧੀਮਾਨ ਹੈ। ਭ੍ਰਿਸ਼ਟਾਚਾਰ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅੱਜ ਦਾ ਨੌਜਵਾਨ ਹੈਰਾਨ ਹੈ ਕਿ ‘ਨੀਟ’ ਦੇ ਪ੍ਰਸ਼ਨ ਪੱਤਰ ਲੀਕ ਕਿਉਂ ਹੋ ਰਹੇ ਹਨ। ਪੇਪਰ ਲੀਕ ਕੋਈ ਇਕ-ਦੋ ਵਾਰ ਨਹੀਂ, 121 ਵਾਰ ਲੀਕ ਹੋਏ ਹਨ। ਪੇਪਰ ਲੀਕ ਹਰ ਰੋਜ਼, ਹਰ ਸੂਬੇ ’ਚ ਹੋ ਰਹੇ ਹਨ। ਪ੍ਰੀਖਿਆ ’ਚ 33 ਫੀਸਦੀ ਅੰਕ ਲੈਣ ਵਾਲਾ ਤਾਂ ਸਰਕਾਰੀ ਡਾਕਟਰ ਬਣ ਗਿਆ ਅਤੇ ਜਿਸ ਨੇ 93 ਫੀਸਦੀ ਅੰਕ ਲਏ ਉਹ ਬੇਕਾਰ ਘੁੰਮ ਰਿਹਾ ਹੈ। ਚੋਣ ਪ੍ਰਣਾਲੀ ਦੋਸ਼ਪੂਰਨ ਪ੍ਰੀਖਿਆ ਭਵਨ ਵਾਲਾ ਕੇਂਦਰ ਬਣ ਰਹੀ ਹੈ। ਪਾਸ ਨੂੰ ਫੇਲ ਅਤੇ ਫੇਲ ਨੂੰ ਅੱਵਲ ਐਲਾਨਿਆ ਜਾ ਰਿਹਾ ਹੈ। ਕੋਈ ਪੜ੍ਹੇ-ਲਿਖੇ ਨੌਜਵਾਨਾਂ ਦੀ ਸੁਣਦਾ ਹੀ ਨਹੀਂ। ਅਜਿਹੇ ਹਾਲਾਤ ’ਚ ਤੁਸੀਂ ਦੱਸੋ ਕਿ ਨੌਜਵਾਨ ਵਰਗ ‘ਕਾਕਰੋਚ ਜਨਤਾ ਪਾਰਟੀ’ ਨਾ ਬਣਾਏ ਤਾਂ ਕੀ ਕਰੇ? ਚੱਕਾ ਜਾਮ ਨਾ ਕਰੇ ਤਾਂ ਕੀ ਕਰੇ? ਧਰਨਾ, ਜਲੂਸ ਨਾ ਕੱਢੇ ਤਾਂ ਕੀ ਕਰੇ? ਇਸ ਨਿਰਾਸ਼ਾ ’ਚ ਜਾਂ ਤਾਂ ਵਿਦੇਸ਼ ਜਾ ਕੇ ‘ਸਫ਼ਾਈ ਸੇਵਕ’ ਬਣ ਜਾਵੇਗਾ ਜਾਂ ਖ਼ੁਦਕੁਸ਼ੀ ਕਰ ਲਵੇਗਾ। ਕੀ ਤੁਸੀਂ ਜਾਣਦੇ ਹੋ ‘ਨੀਟ’ ਦੀ ਪ੍ਰੀਖਿਆ ’ਚ 21 ਵਾਰ ਪੇਪਰ ਲੀਕ ਹੋਏ ਹਨ। ਇਸ ਤੋਂ ਦੁਖੀ ਹੋ ਕੇ 20 ਦੇ ਲਗਭਗ ਯੋਗ ਨੌਜਵਾਨਾਂ-ਕੁੜੀਆਂ ਨੇ ਖ਼ੁਦਕੁਸ਼ੀ ਕਰ ਲਈ ਹੈ। ਕੀ ਕੇਂਦਰ ਜਾਂ ਰਾਜ ਸਰਕਾਰਾਂ ਨੇ ਆਪਣੇ ਵਡਮੁੱਲੇ ਅਤੇ ਯੋਗ ਨੌਜਵਾਨਾਂ ਦੇ ਮਾਤਾ-ਪਿਤਾ ਦੇ ਦੁੱਖ-ਦਰਦ ਨੂੰ ਸੁਣਿਆ? ਉਨ੍ਹਾਂ ਦੇ ਹੰਝੂ ਪੂੰਝੇ? ਫਿਰ ਨੌਜਵਾਨ ਵਰਗ ਕੋਲ ਚਾਰਾ ਹੀ ਕੀ ਸੀ? ਅੰਦੋਲਨ, ਦਿੱਲੀ ਦੇ ਜੰਤਰ-ਮੰਤਰ ’ਤੇ ‘ਭੁੱਖ ਹੜਤਾਲ’।
ਵਿਰੋਧੀ ਪਾਰਟੀ ਦੇ ਆਗੂਆਂ ਨੂੰ ਨੌਜਵਾਨਾਂ ਨੂੰ ਭੜਕਾਉਣ-ਉਕਸਾਉਣ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਦਾ ਮੌਕਾ ਮਿਲ ਗਿਆ। ਲੋਹਾ ਪਹਿਲਾਂ ਹੀ ‘ਅਯੁੱਧਿਆ ਰਾਮ ਮੰਦਰ’ ਦੇ ਚੜ੍ਹਾਵੇ ’ਚ ਕਰੋੜਾਂ ਦੀ ਚੋਰੀ ਦੇ ਮੁੱਦੇ ’ਤੇ ਗਰਮ ਸੀ। ਸਰਕਾਰ ਅਤੇ ਆਰ. ਐੱਸ. ਐੱਸ. ਦੀ ਸਾਖ ਖ਼ਤਰੇ ’ਚ ਸੀ। ਇਸ ਲਈ ਦੇਸ਼ ’ਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਗਿਆ। ਦੇਸ਼ ’ਚ ਖ਼ਤਰੇ ਦੀ ਘੰਟੀ ਵੱਜ ਗਈ।
–ਮਾਸਟਰ ਮੋਹਨ ਲਾਲ
ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
NEXT STORY