ਗਿੱਦੜਬਾਹਾ(ਕਟਾਰੀਆ)-ਗਿੱਦੜਬਾਹਾ ਦੇ ਕੁੱਝ ਦੁਕਾਨਦਾਰ ਦੇਸੀ ਘਿਓ ਦੇ ਨਾਂ 'ਤੇ ਕੁਕਿੰਗ ਆਇਲ ਵੇਚ ਕੇ ਸ਼ਰੇਆਮ ਗਾਹਕਾਂ ਦੇ ਨਾਲ ਠੱਗੀ ਮਾਰ ਰਹੇ ਹਨ। ਵਰਨਣਯੋਗ ਹੈ ਕਿ ਉਕਤ ਕੁਕਿੰਗ ਆਇਲ ਦੀ ਪੈਕਿੰਗ ਉਤਪਾਦਕ ਵੱਲੋਂ ਪੂਰੀ ਚਮਕ/ਦਮਕ ਦੇ ਨਾਲ ਕੀਤੀ ਹੋਣ ਦੇ ਕਾਰਨ ਗਾਹਕ ਇਸ ਨੂੰ ਦੇਸੀ ਘਿਓ ਸਮਝ ਕੇ ਖਰੀਦ ਲੈਂਦਾ ਹੈ ਪਰ ਅਨਪੜ੍ਹਤਾ ਦੇ ਕਾਰਨ ਗਾਹਕ ਨੂੰ ਇਹ ਪਤਾ ਲਹੀਂ ਲੱਗਦਾ ਕਿ ਦੁਕਾਨਦਾਰ ਵੱਲੋਂ ਅਸਲ 'ਚ ਦੇਸੀ ਘਿਓ ਦੇ ਨਾਂ 'ਤੇ ਉਸ ਨੂੰ ਕੀ ਦਿੱਤਾ ਜਾ ਰਿਹਾ ਹੈ ਪਰ ਨਾ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਦੇਸੀ ਘਿਓ ਦੇ ਨਾਂ 'ਤੇ ਕੁਕਿੰਗ ਆਇਲ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਕੋਈ ਕਾਰਵਾਈ ਕਰ ਰਹੇ ਹਨ ਅਤੇ ਨਾ ਹੀ ਗਾਹਕਾਂ ਨੂੰ ਸ਼ੁੱਧ ਖਾਣ/ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਦਾਅਵੇ ਕਰਨ ਵਾਲੀ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਅਹੁਦੇਦਾਰ ਇਥੋ ਦੇ ਹੋਲਸੇਲ ਡੀਲਰ ਤੇ ਪ੍ਰਚੂਨ ਦੁਕਾਨਦਾਰਾਂ ਦੇ ਨਾਲ ਸਖਤੀ ਨਾਲ ਪੇਸ਼ ਆ ਰਹੇ ਹਨ। ਇਸ ਲਈ ਇਹ ਕੁਕਿੰਗ ਆਇਲ ਦੁਕਾਨਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ, ਜਿਸ ਨੂੰ ਦੁਕਾਨਦਾਰਾਂ ਵੱਲੋਂ ਸ਼ਰੇਆਮ ਵੇਚ ਕੇ ਗਾਹਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਅਸਿਸਟੈਂਟ ਕਮਿਸ਼ਨਰ?
ਜਦ ਇਸ ਸਬੰਧੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਕੰਵਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸ਼ੁੱਧ ਖਾਣ/ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮੇਂ-ਸਮੇ 'ਤੇ ਦੁਕਾਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਸੈਂਪਲ ਵੀ ਭਰੇ ਜਾਂਦੇ ਹਨ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਕੁਕਿੰਗ ਆਇਲ ਦੇ ਨਾਂ 'ਤੇ ਵਿਕ ਰਿਹਾ ਦੇਸੀ ਘਿਓ ਤੁਰੰਤ ਬੰਦ ਕਰ ਦਿੱਤਾ ਜਾਵੇ, ਨਹੀਂ ਤਾਂ ਸਿਹਤ ਵਿਭਾਗ ਨੂੰ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ।
ਕੀ ਕਹਿੰਦੇ ਹਨ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ?
ਜਦ ਇਸ ਸਬੰਧੀ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ (ਰਿੰਕੂ) ਪਪਨੇਜਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਦੁਕਾਨਦਾਰਾਂ ਵੱਲੋਂ ਗਾਹਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸੀ ਘਿਓ ਦੇ ਨਾਂ 'ਤੇ ਕੁਕਿੰਗ ਆਇਲ ਵੇਚ ਕੇ ਸ਼ਰੇਆਮ ਠੱਗੀ ਮਾਰੀ ਜਾ ਰਹੀ ਹੈ।
ਜਦ ਉਨ੍ਹਾਂ ਨੂੰ ਕੁਕਿੰਗ ਆਇਲ ਦੀ ਸੇਲ ਬੰਦ ਕਰਨ ਬਾਬਤ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਉਨ੍ਹਾਂ ਵੱਲੋਂ ਹੋਲਸੇਲ ਡੀਲਰ ਦੇ ਬਿੱਲ ਦੀ ਚੈਕਿੰਗ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਤਪਾਦਕ ਵੱਲੋਂ ਹੋਲਸੇਲ ਡੀਲਰ ਨੂੰ ਕੁਕਿੰਗ ਆਇਲ ਲਿਖ ਕੇ 150 ਰੁਪਏ ਪ੍ਰਤੀ ਲੀਟਰ ਦੀ ਦਰ ਦੇ ਨਾਲ ਬਿੱਲ ਜਾਰੀ ਕੀਤਾ ਗਿਆ ਸੀ ਤੇ ਅੱਗੇ ਹੋਲਸੇਲ ਡੀਲਰ ਵੱਲੋਂ ਪ੍ਰਚੂਨ ਦੁਕਾਨਦਾਰਾਂ ਨੂੰ 220 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਉਕਤ ਕੁਕਿੰਗ ਆਇਲ ਵੇਚਿਆ ਜਾਂਦਾ ਹੈ, ਜਦਕਿ ਪ੍ਰਚੂਨ ਦੁਕਾਨਦਾਰ ਦੇਸੀ ਘਿਓ ਦੇ ਨਾਂ 'ਤੇ ਗਾਹਕਾਂ ਨੂੰ ਕਰੀਬ 300 ਰੁਪਏ ਪ੍ਰਤੀ ਲੀਟਰ ਉਕਤ ਕੁਕਿੰਗ ਆਇਲ ਵੇਚਦੇ ਹਨ। ਉਨ੍ਹਾਂ ਨੇ ਮੰਨਿਆ ਕਿ ਗਾਹਕਾਂ ਦੇ ਨਾਲ ਸ਼ਰੇਆਮ ਧੋਖਾ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਪੰਜਾਬ ਡਿਸਟਰੀਬਿਊਟਰ ਐਸੋਸੀਏਸ਼ਨ ਦੇ ਪ੍ਰਧਾਨ?
ਜਦ ਇਸ ਸਬੰਧੀ ਪੰਜਾਬ ਡਿਸਟਰੀਬਿਊਟਰ ਸ਼ਾਖਾ ਗਿੱਦੜਬਾਹਾ ਦੇ ਪ੍ਰਧਾਨ ਸੰਦੀਪ ਗਰਗ (ਸੀਪਾ) ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਕੁਕਿੰਗ ਆਇਲ ਦੀ ਦੇਸੀ ਘਿਓ ਜਿਹੀ ਪੈਕਿੰਗ ਕਰਨ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਤਾਂਕਿ ਗਾਹਕ ਠੱਗੀ ਦਾ ਸ਼ਿਕਾਰ ਹੋਣ ਤੋਂ ਬੱਚ ਸਕਣ।
ਜੇ. ਐੱਮ. ਬਾਲਾਮੁਰਗਨ ਨੇ ਸੰਭਾਲਿਆ ਪੰਜਾਬ ਰਾਜਪਾਲ ਦੇ ਸਕੱਤਰ ਦਾ ਅਹੁਦਾ
NEXT STORY