ਫ਼ਤਿਹਗੜ੍ਹ ਸਾਹਿਬ, (ਟਿਵਾਣਾ)- ਨਜ਼ਦੀਕੀ ਪਿੰਡ ਮਹਾਦੀਆਂ ਵਿਖੇ ਸਥਿਤ 'ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਆਨਲਾਈਨ ਲਾਇਸੈਂਸਿੰਗ ਤੇ ਟ੍ਰੇਨਿੰਗ ਸੈਂਟਰ' ਵਿਖੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਬਣ ਰਹੇ, ਜਿਸ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਮੌਕੇ ਦਫ਼ਤਰ 'ਚ ਆਏ ਲੋਕਾਂ ਨੇ ਕਿਹਾ ਕਿ ਉਹ ਪਿਛਲੇ ਕਰੀਬ ਇਕ ਮਹੀਨੇ ਤੋਂ ਇੱਥੇ ਆਪਣਾ ਹੈਵੀ ਵਾਹਨ ਲਾਇਸੈਂਸ ਬਣਾਉਣ ਲਈ ਆ ਰਹੇ ਹਨ ਤੇ ਇਸ ਸਬੰਧੀ ਸਾਰੇ ਦਸਤਾਵੇਜ਼ ਵੀ ਪੂਰੇ ਕਰ ਕੇ ਦੇ ਦਿੱਤੇ ਗਏ ਸਨ ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪਟਿਆਲਾ ਵਿਖੇ ਇਹ ਕੰਮ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉਹ ਆਪਣੇ ਪਿੰਡਾਂ ਤੋਂ ਕਰੀਬ 30-35 ਕਿਲੋਮੀਟਰ ਦੂਰ ਚੱਲ ਕੇ ਇੱਥੇ ਆ ਰਹੇ ਹਨ ਤੇ ਹੁਣ ਪਟਿਆਲਾ ਜਾਣ ਲਈ ਵੀ ਵਾਧੂ ਖਰਚਾ ਕਰਨਾ ਪਵੇਗਾ ਤੇ ਉੱਥੋਂ ਦੀਆਂ ਸ਼ਰਤਾਂ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਇਲਾਵਾ ਇਸ ਬਿਲਡਿੰਗ 'ਚ ਗੱਡੀਆਂ ਦੀਆਂ ਕਾਪੀਆਂ ਤੇ ਪਰਮਿਟ ਬਣਾਉਣ ਦਾ ਕੰਮ ਵੀ ਪਟਿਆਲਾ ਹੀ ਟਰਾਂਸਫਰ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗੱਡੀਆਂ ਵੇਚਣ ਤੇ ਖਰੀਦਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਵੀ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਲਈ ਉਨ੍ਹਾਂ ਨੂੰ ਮੁਕਤਸਰ ਨੇੜੇ ਜਾਣਾ ਪੈਂਦਾ ਹੈ, ਜਿੱਥੇ ਉਹ ਹੋਟਲਾਂ 'ਚ ਰੁਕਦੇ ਹਨ ਤੇ ਕਿਰਾਇਆ ਖਰਚ ਕਰ ਕੇ ਜਾਂਦੇ ਹਨ ਤੇ ਦੋ-ਤਿੰਨ ਦਿਨਾਂ ਬਾਅਦ ਉਨ੍ਹਾਂ ਦੇ ਲਾਇਸੈਂਸ ਤੇ ਸਰਟੀਫ਼ਿਕੇਟ ਜਾਂ ਲਾਇਸੈਂਸ ਰੀਨਿਊ ਕਰਵਾਉਣਾ ਹੋਵੇ, ਉਹ ਬਣਦੇ ਹਨ, ਜਿਸ ਕਾਰਨ ਵੀ ਉਨ੍ਹਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਇਕ ਜ਼ਿਲਾ ਹੈ ਤੇ ਜ਼ਿਲਾ ਹੈੱਡਕੁਆਰਟਰ 'ਚ ਹੀ ਡਰਾਈਵਿੰਗ ਲਾਇਸੈਂਸ ਸਬੰਧੀ ਸਾਰੇ ਕੰਮ ਹੋਣੇ ਚਾਹੀਦੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜ਼ਿਲੇ ਅੰਦਰ ਹੀ ਇਹ ਸੇਵਾ ਸ਼ੁਰੂ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਨਾਜਾਇਜ਼ ਅਸਲੇ ਸਣੇ ਇਕ ਕਾਬੂ
NEXT STORY