ਖਰੜ, (ਗਗਨਦੀਪ)- ਨਜ਼ਦੀਕੀ ਪਿੰਡ ਘੜੂੰਆਂ ਦੇ ਵਸਨੀਕਾਂ ਨੂੰ ਪਿੰਡ 'ਚ ਪਈਆਂ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਨਿਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਲੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਗਰਮ ਹੋ ਕੇ ਟੁੱਟ ਜਾਂਦੀਆਂ ਹਨ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਤਕਰੀਬਨ 60 ਸਾਲ ਪਹਿਲਾਂ ਤੋਂ ਹੀ ਇਹ ਤਾਰਾਂ ਪਈਆਂ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਟ੍ਰਾਂਸਫਾਰਮਰ 'ਤੇ ਜ਼ਿਆਦਾ ਲੋਡ ਹੋਣ ਕਾਰਨ ਇਹ ਤਾਰਾਂ ਪਿਛਲੇ ਮਹੀਨਿਆਂ 'ਚ ਕਈ ਵਾਰ ਟੁੱਟ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਮੁਹੱਲਾ ਨਿਵਾਸੀਆਂ ਵਲੋਂ ਕਰੀਬ 3 ਮਹੀਨੇ ਪਹਿਲਾਂ ਬਿਜਲੀ ਵਿਭਾਗ ਦੇ ਜੇ. ਈ. ਨੂੰ ਲਿਖਤੀ ਰੂਪ ਵਿਚ ਅਰਜ਼ੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਉਨ੍ਹਾਂ ਨੂੰ ਸਮੱਸਿਆ ਦਾ ਇਕ ਹਫ਼ਤੇ ਅੰਦਰ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਸਮੱਸਿਆ ਉਵੇਂ ਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਦੀਪਕ ਕੁਮਾਰ, ਰਵੀ ਸਿੰਘ, ਹਰਭਜਨ ਸਿੰਘ, ਰਾਜੇਸ਼ ਕੁਮਾਰ, ਪਵਨ ਕੁਮਾਰ, ਤਰਸੇਮ ਲਾਲ, ਕਾਲਾ ਸਿੰਘ ਤੇ ਦੀਪਕ ਵਰਮਾ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ।
ਕੀ ਕਹਿੰਦੇ ਨੇ ਜੇ. ਈ. ਘੜੂੰਆਂ : ਇਸ ਸਮੱਸਿਆ ਸਬੰਧੀ ਜਦੋਂ ਜੇ. ਈ. ਘੜੂੰਆਂ ਓਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੰਮ ਦਾ ਐਸਟੀਮੇਟ ਪਾਸ ਹੋ ਚੁੱਕਿਆ ਹੈ, ਵਰਕ ਆਰਡਰ ਅਜੇ ਹੋਣਾ ਬਾਕੀ ਹੈ ਅਤੇ ਮਾਮਲਾ ਐਕਸੀਅਨ ਸਾਹਿਬ ਕੋਲ ਹੈ। ਇਸ ਸਬੰਧੀ ਜਦੋਂ ਐਕਸੀਅਨ ਖਰੜ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ 'ਤੇ ਵੀ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।
ਨਾਬਾਲਿਗਾ ਨੂੰ ਅਗਵਾ ਕਰ ਕੇ ਸਰੀਰਕ ਸਬੰਧ ਬਣਾਉਣ ਵਾਲੇ ਕਾਬੂ
NEXT STORY