ਭਵਾਨੀਗੜ੍ਹ, (ਅੱਤਰੀ/ਸੋਢੀ)— ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਪਿੰਡ ਸੰਘਰੇੜੀ ਵਿਖੇ ਵਾਟਰ ਵਰਕਸ ਦਾ ਕੱਟਿਆ ਗਿਆ ਬਿਜਲੀ ਕੁਨੈਕਸ਼ਨ ਜੋੜ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਲਾਭ ਸਿੰਘ ਖੁਰਾਣਾ, ਭਿੰਦਰ ਸਿੰਘ ਘਰਾਚੋਂ ਅਤੇ ਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਪਿੰਡ ਸੰਘਰੇੜੀ ਵਿਖੇ 4 ਮਹੀਨਿਆਂ ਤੋਂ ਵਾਟਰ ਵਰਕਸ ਦਾ ਕੁਨੈਕਸ਼ਨ ਕੱਟੇ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲੇ ਜਾਣ ਕਾਰਨ ਆਮ ਲੋਕਾਂ ਨੂੰ ਮਹਿੰਗੇ ਭਾਅ ਦਾ ਸਬਮਰਸੀਬਲ ਪੰਪ ਲਗਵਾਉਣਾ ਵੀ ਔਖਾ ਹੋ ਰਿਹਾ ਹੈ। ਲੋਕਾਂ ਨੂੰ ਪਸ਼ੂਆਂ ਲਈ ਵਧੇਰੇ ਪਾਣੀ ਦੀ ਜ਼ਰੂਰਤ ਪੈਂਦੀ ਹੈ, ਜਿਸ ਕਾਰਨ ਉਹ ਕਰਜ਼ਾ ਚੁੱਕ ਕੇ ਸਬਮਰਸੀਬਲ ਪੰਪ ਲਵਾ ਰਹੇ ਹਨ।
ਅਧਿਕਾਰੀਆਂ ਦਾ ਘਿਰਾਓ ਕਰਨ ਦੀ ਚਿਤਾਵਨੀ
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਉਲਟਾ ਟੈਂਕੀ ਦਾ ਕੁਨੈਕਸ਼ਨ ਹੀ ਕੱਟ ਦਿੱਤਾ। ਸਰਕਾਰ ਅਤੇ ਵਾਟਰ ਸਪਲਾਈ ਮਹਿਕਮਾਂ ਨਿੱਜੀਕਰਨ ਦੀ ਨੀਤੀ 'ਤੇ ਚੱਲਦਿਆਂ ਪਾਣੀ ਵਾਲੀਆਂ ਟੈਂਕੀਆਂ ਦੇ ਬਿੱਲ ਭਰਨ ਦੀ ਜ਼ਿੰਮੇਵਾਰੀ ਵੀ ਪੰਚਾਇਤਾਂ ਦੇ ਹਵਾਲੇ ਕਰ ਰਿਹਾ ਹੈ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਕੋਈ ਅਧਿਕਾਰੀ ਕੁਨੈਕਸ਼ਨ ਕੱਟਣ ਆਵੇਗਾ ਤਾਂ ਉਸ ਦਾ ਯੂਨੀਅਨ ਵੱਲੋਂ ਘਿਰਾਓ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਸਰਪੰਚ?
ਇਸ ਸਬੰਧੀ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਗੱਗੀ ਨੇ ਕਿਹਾ ਕਿ ਵਾਟਰ ਸਪਲਾਈ ਮਹਿਕਮੇ ਅਤੇ ਬਿਜਲੀ ਮਹਿਕਮੇ ਵੱਲੋਂ ਬਿੱਲ ਦੇ ਨਾਲ ਜੁਰਮਾਨੇ ਦੇ ਰੂਪ ਵਿਚ ਵੱਡੀ ਰਕਮ ਦਾ ਬਿੱਲ ਭੇਜ ਦਿੱਤਾ ਗਿਆ ਸੀ। ਪੰਚਾਇਤ ਨੂੰ ਸਰਕਾਰ ਵੱਲੋਂ ਅਜਿਹਾ ਕੋਈ ਫੰਡ ਨਹੀਂ ਦਿੱਤਾ ਜਾਂਦਾ, ਜਿਸ ਨਾਲ ਇਹ ਬਿੱਲ ਭਰਿਆ ਜਾ ਸਕੇ। ਉਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦੇ ਹੱਲ ਦੀ ਮੰਗ ਨਾਲ ਸਹਿਮਤੀ ਵੀ ਪ੍ਰਗਟਾਈ।
ਹਰੀਕੇ ਝੀਲ 'ਚ 93 ਕਿਸਮਾਂ ਦੇ 94,771 ਪ੍ਰਵਾਸੀ ਪੰਛੀ ਪਹੁੰਚੇ
NEXT STORY