ਭਿਖੀਵਿੰਡ,(ਕਵਲਜੀਤ) : ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਸਰਹੱਦੀ ਵਾਂ ਤਾਰਾ ਸਿੰਘ ਵਿਖੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਸਥਾਨ 'ਤੇ ਪਹੁੰਚ ਕੇ ਡੀ. ਐੱਸ. ਪੀ ਭਿੱਖੀਵਿੰਡ ਰਾਜਬੀਰ ਸਿੰਘ ਤੇ ਐਸ. ਐਚ. ਓ. ਖਾਲੜਾ ਹਰਪ੍ਰੀਤ ਸਿੰਘ ਵਿਰਕ ਖਾਲੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸਾਹਿਬ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬਲਿਆਂਵਾਲਾ ਥਾਣਾ ਵਲਟੋਹਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਤੇ ਉਸ ਦਾ ਪਿਤਾ ਗੁਰਨਾਮ ਸਿੰਘ ਆਪਣੀ ਮਾਸੀ ਦੇ ਪੁੱਤ ਹਰਜੀਤ ਸਿੰਘ ਵਾਸੀ ਵਾਂ ਤਾਰਾ ਸਿੰਘ ਜੈਸੀ ਦਾ ਪਤਾ ਲੈਣ ਗਏ ਸਨ। ਇਸ ਦੌਰਾਨ ਜਦ ਸਾਰਾ ਪਰਿਵਾਰ ਘਰ 'ਚ ਬੈਠ ਕੇ ਗੱਲਾਂਬਾਤਾਂ ਕਰ ਰਿਹਾ ਸੀ ਤਾਂ ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਮੇਜਰ ਸਿੰਘ ਪੁੱਤਰ ਗੁਰਦੀਪ ਸਿੰਘ ਉਸ ਦੀ ਪਤਨੀ ਦਵਿੰਦਰ ਕੌਰ ਤੇ ਭਤੀਜਾ ਗੁਰਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਰਾਜੋਕੇ ਜਿਨ੍ਹਾਂ ਨੇ ਹੱਥਾਂ 'ਚ ਡਾਂਗਾਂ ਸੋਟੇ ਫੜੇ ਹੋਏ ਸਨ ਤੇ ਸਾਡੇ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਬਾਕੀ ਪਰਿਵਾਰਕ ਮੈਂਬਰ ਤਾਂ ਭੱਜ ਕੇ ਅੰਦਰ ਵੜ ਗਏ ਪਰ ਗੁਰਨਾਮ ਸਿੰਘ ਬਜ਼ੁਰਗ ਹੋਣ ਕਰਕੇ ਭੱਜ ਨਹੀਂ ਸਕਿਆ ਤੇ ਉਕਤ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਗੁਰਨਾਮ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਡੀ. ਐਸ. ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਘਰ ਦਾ ਨਿਕਾਸੀ ਪਾਣੀ ਕੱਢਣ ਵਾਲੀ ਨਾਲੀ ਨੂੰ ਲੈ ਕੇ ਦੋਹਾਂ ਪਰਿਵਾਰਾਂ 'ਚ ਝਗੜਾ ਚੱਲ ਰਿਹਾ ਸੀ। ਜਿਸ ਨੇ ਅੱਜ ਇੱਕ ਵਿਅਕਤੀ ਦੀ ਜਾਨ ਲੈ ਲਈ, ਉਨ੍ਹਾਂ ਕਿਹਾ ਕਿ ਮੇਜਰ ਸਿੰਘ ਉਸ ਦੀ ਪਤਨੀ ਦਵਿੰਦਰ ਕੌਰ ਤੇ ਭਤੀਜੇ ਗੁਰਵਿੰਦਰ ਸਿੰਘ ਵਿਰੁੱਧ ਥਾਣਾ ਖਾਲੜਾ ਵਿਖੇ ਮੁਕੱਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਿਆਸੀ ਸਟੇਜਾਂ ਦੇ ਰੌਲੇ ’ਚ ਘਿਰਿਆ ‘550ਵਾਂ ਪ੍ਰਕਾਸ਼ ਪੁਰਬ’
NEXT STORY