ਲੁਧਿਆਣਾ (ਖੁਰਾਣਾ) : ਦੇਸ਼ ਦੀਆਂ ਤਿੰਨੋਂ ਪ੍ਰਮੁੱਖ ਪੈਟਰੋਲੀਅਮ ਕੰਪਨੀਆਂ ਆਉਂਦੇ ਦਿਨਾਂ ਵਿਚ ਪੂਰੇ ਭਾਰਤ ਵਿਚ ਕਰੀਬ 58 ਹਜ਼ਾਰ ਪੈਟਰੋਲ ਪੰਪਾਂ 'ਤੇ ਸੀ. ਐੱਫ. ਐੱਲ. ਬਲਬ, ਟਿਊਬ ਲਾਈਟਾਂ ਅਤੇ ਪੱਖਿਆਂ ਦੇ ਨਾਲ-ਨਾਲ ਜੈਨਰਿਕ ਦਵਾਈਆਂ ਦੀ ਵਿਕਰੀ ਕਰਨ ਦੀ ਯੋਜਨਾ ਲਾਗੂ ਕਰ ਰਹੀ ਹੈ। ਇਸ ਮਸੌਦੇ 'ਤੇ ਬਕਾਇਦਾ ਊਰਜਾ ਮੰਤਰਾਲੇ ਦੇ ਪੀਯੂਸ਼ ਗੋਇਲ, ਪੈਟ੍ਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਪੈਟ੍ਰੋਲੀਅਮ ਕੰਪਨੀਆਂ ਆਈ. ਓ. ਸੀ. ਐੱਲ. ਅਤੇ ਬੀ. ਪੀ. ਸੀ. ਐੱਲ. ਦੇ ਉੱਚ ਅਧਿਕਾਰੀਆਂ ਦੀ ਆਪਸੀ ਸਹਿਮਤੀ ਤੋਂ ਬਾਅਦ ਐੱਮ. ਓ. ਯੂ. ਵੀ ਸਾਈਨ ਕੀਤਾ ਗਿਆ। ਇਸੇ ਸਿਲਸਿਲੇ ਵਿਚ ਵੀਰਵਾਰ ਦੇਰ ਸ਼ਾਮ ਲੁਧਿਆਣਾ ਪੁੱਜੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੀ. ਡੀ. ਐੱਮ. ਸਚਿਨ ਸ਼ਰਮਾ ਨੇ ਇਕ ਅਹਿਮ ਬੈਠਕ ਜ਼ਿਲੇ ਨਾਲ ਸਬੰਧਤ ਪੈਟਰੋ ਕਾਰੋਬਾਰੀਆਂ ਨਾਲ ਕਰਕੇ ਯੋਜਨਾ ਨੂੰ ਅਮਲੀ ਜਾਮਾ ਪਹਿਣਾਉਣ 'ਤੇ ਜ਼ੋਰ ਦਿੱਤਾ। ਸ਼ਰਮਾ ਨੇ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ ਦੀ ਇਸ ਯੋਜਨਾ ਪਿੱਛੇ ਮਕਸਦ ਹੈ ਦੇਸ਼ ਵਿਚ ਬਿਜਲੀ ਦੀ ਫਾਲਤੂ ਹੋਣ ਵਾਲੀ ਖਪਤ ਨੂੰ ਬਚਾਉਣਾ, ਜਿਸ ਦੇ ਲਈ ਸਰਕਾਰ ਪੈਟ੍ਰੋਲ ਪੰਪਾਂ ਰਾਹੀਂ ਘਰ ਘਰ ਤੱਕ ਸੀ. ਐੱਫ. ਐੱਲ. ਬਲਬ ਪਹੁੰਚਾ ਕੇ ਬਿਜਲੀ ਬਚਾਉਣ ਦਾ ਸੁਨੇਹਾ ਦੇਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਖਪਤਕਾਰਾਂ ਤੱਕ ਪਹੁੰਚਾਏ ਜਾਣ ਵਾਲੇ ਯੰਤਰ ਉੱਚ ਕੁਆਲਿਟੀ ਦੇ ਹੋਣਗੇ, ਉਥੇ ਇਨ੍ਹਾਂ ਦਾ ਮੁੱਲ ਵੀ ਮਾਰਕੀਟ ਦੇ ਮੁਕਾਬਲੇ ਕਾਫੀ ਵਾਜਿਬ ਰੱਖਿਆ ਗਿਆ ਹੈ।
ਲਗਭਗ 10 ਗੁਣਾ ਘੱਟ ਕੀਮਤ 'ਤੇ ਮਿਲਣਗੀਆਂ ਦਵਾਈਆਂ
ਜਾਣਕਾਰੀ ਦੇ ਮੁਤਾਬਕ ਸਾਰੇ ਪਰਿਵਾਰਾਂ ਵਿਚ ਤਕਰੀਬਨ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ ਵੀ ਆਮ ਜਨਤਾ ਨੂੰ ਪੈਟਰੋਲ ਪੰਪਾਂ ਤੋਂ ਕਰੀਬ 10 ਗੁਣਾ ਘੱਟ ਕੀਮਤ 'ਤੇ ਮਿਲਣਗੀਆਂ। ਦਵਾ ਨਿਰਮਾਤਾ ਕੰਪਨੀਆਂ ਚਾਹੇ ਵੱਖ-ਵੱਖ ਰਹਿਣਗੀਆਂ ਪਰ ਦਵਾਈਆਂ ਦਾ ਸਾਲਟ ਸਾਮਾਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਮਾਹਿਰਾਂ ਦੀ ਮੰਨੀਏ ਤਾਂ ਬ੍ਰਾਂਡਿਡ ਕੰਪਨੀਆਂ ਹੋਣ ਦਾ ਕਾਰਨ ਕੁਝ ਦਵਾ ਕੰਪਨੀਆਂ ਆਪਣੇ ਪ੍ਰੋਡਕਟਸ ਦੀ ਬਾਜ਼ਾਰ ਵਿਚ ਮੂੰਹ ਮੰਗੀ ਕੀਮਤ ਵਸੂਲ ਰਹੀਆਂ ਹਨ ਪਰ ਹੁਣ ਉਕਤ ਯੋਜਨਾ ਦੇ ਲਾਗੂ ਹੋਣ ਨਾਲ ਆਮ ਜਨਤਾ ਨੂੰ ਰਾਹਤ ਮਿਲੇਗੀ।
1 ਮਹੀਨੇ ਦੀ ਉਧਾਰੀ 'ਤੇ ਮਿਲਣਗੇ ਪੈਟਰੋ ਕਾਰੋਬਾਰੀਆਂ ਨੂੰ ਪ੍ਰੋਡਕਟਸ
ਦੱਸਿਆ ਜਾ ਰਿਹਾ ਹੈ ਕਿ ਪੈਟਰੋ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਯੋਜਨਾ ਤਹਿਤ ਮੁਹੱਈਆ ਕਰਵਾਏ ਜਾਣ ਵਾਲੇ ਸੀ. ਐੱਫ. ਐੱਲ. ਬਲਬ ਅਤੇ ਬਿਜਲੀ ਦੇ ਹੋਰ ਯੰਤਰ, ਜੈਨਰਿਕ ਦਵਾਈਆਂ ਇਕ ਮਹੀਨੇ ਦੀ ਉਧਾਰੀ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ 'ਤੇ ਕੰਪਨੀਆਂ ਵੱਲੋਂ ਇਕ ਫਿਕਸ ਰੂਪ ਨਾਲ ਕਾਰੋਬਾਰੀਆਂ ਨੂੰ ਮਾਰਜਨ ਰਾਸ਼ੀ ਦਿੱਤੀ ਜਾਵੇਗੀ ਤਾਂਕਿ ਪੈਟ੍ਰੋਲੀਅਮ ਡੀਲਰ ਸਰਕਾਰ ਦੀ ਇਸ ਯੋਜਨਾ ਨੂੰ ਜ਼ਿਆਦਾ ਤੋਂ ਜ਼ਿਆਦਾ ਸਫਲ ਬਣਾਉਣ ਲਈ ਪੂਰਾ ਯਤਨ ਕਰਨ।
ਪੈਟਰੋਲ ਪੰਪਾਂ 'ਤੇ ਵਧੇਗੀ ਗਾਹਕਾਂ ਦੀ ਰੌਣਕ
ਕੇਂਦਰ ਸਰਕਾਰ ਦੀ ਇਸ ਯੋਜਨਾ ਨਾਲ ਹੀ ਲਗਭਗ ਸਾਰੇ ਪੈਟਰੋਲ ਪੰਪਾਂ 'ਤੇ ਗਾਹਕਾਂ ਦੀ ਰੌਣਕ ਵੀ ਵਧ ਜਾਵੇਗੀ, ਜਿਸ ਦੇ ਸਭ ਤੋਂ ਜ਼ਿਆਦਾ ਲਾਭ ਛੋਟੇ ਅਤੇ ਪੇਂਡੂ ਇਲਾਕਿਆਂ ਵਿਚ ਪੈਂਦੇ ਪੈਟਰੋਲ ਪੰਪਾਂ ਨੂੰ ਮਿਲਣ ਦੇ ਅਸਾਰ ਹਨ, ਜੋ ਕਿ ਪਹਿਲਾਂ ਜ਼ਿਆਦਾਤਰ ਸਮੇਂ ਤੱਕ ਕੰਮ ਘੱਟ ਹੋਣ ਕਾਰਨ ਖਾਲੀ ਦਿਖਾਈ ਦਿੰਦੇ ਹਨ।
ਘਰ-ਘਰ ਨੌਕਰੀ ਤਹਿਤ ਰਿਆਤ ਤੇ ਬਾਹਰਾ ਕੈਂਪਸ ਵਿਖੇ ਰੋਜ਼ਗਾਰ ਮੇਲਾ 22 ਨੂੰ
NEXT STORY