ਭਵਾਨੀਗੜ੍ਹ (ਕਾਂਸਲ) : ਐੱਸ.ਐੱਸ.ਪੀ. ਸੰਗਰੂਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਥਾਨਕ ਪੁਲਸ ਨੇ ਪੀ. ਜੀ. ਆਈ ਚੰਡੀਗੜ੍ਹ ਵਿਖੇ ਅਟੈਡੈਂਟ ਦੀ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 2 ਲੱਖ ਦੇ ਕਰੀਬ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਿਆਰ ਸਿੰਘ ਵਾਸੀ ਪਿੰਡ ਕਾਹਨਗੜ੍ਹ ਨੇ ਐੱਸ.ਐੱਸ.ਪੀ ਸੰਗਰੂਰ ਨੂੰ ਕੀਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਪੀ. ਜੀ. ਆਈ ਚੰਡੀਗੜ੍ਹ ਵਿਖੇ ਅਟੈਡੈਂਟ ਦੀ ਭਰਤੀ ਲਈ ਅਪਲਾਈ ਕੀਤਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਹਰਦੀਪ ਸਿੰਘ ਨਾਲ ਹੋ ਗਈ ਤੇ ਹਰਦੀਪ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਇਸ ਪੋਸਟ 'ਤੇ ਉਸ ਨੂੰ ਭਰਤੀ ਕਰਵਾ ਦੇਵੇਗਾ ਜਿਸ ਦੇ ਬਦਲੇ 2 ਲੱਖ ਰੁਪਿਆ ਦੀ ਮੰਗ ਕੀਤੀ ਤਾਂ ਗੁਰਪਿਆਰ ਸਿੰਘ ਨੇ ਇਹ ਨੌਕਰੀ ਲੈਣ ਲਈ 2 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਕਥਿਤ ਤੌਰ 'ਤੇ ਉਸ ਦੇ ਖਾਤੇ 'ਚ ਟ੍ਰਾਂਸਫਰ ਕਰਵਾ ਦਿੱਤੀ।
ਇਸ ਤੋਂ ਬਾਅਦ ਹਰਦੀਪ ਸਿੰਘ ਨੇ ਆਪਣੀ ਜਾਣ-ਪਹਿਚਾਣ ਵਾਲੀ ਇਕ ਔਰਤ ਜੋ ਕਿ ਪੀ. ਜੀ. ਆਈ 'ਚ ਨੌਕਰੀ ਕਰਦੀ ਸੀ ਤੇ ਇਸ ਦੇ ਇਕ ਰਿਸ਼ਤੇਦਾਰ ਤੋਂ ਇਲਾਵਾ ਇਨ੍ਹਾਂ ਦਾ ਇਕ ਹੋਰ ਸਾਥੀ ਵਿਅਕਤੀ ਜੋ ਪੀ. ਜੀ. ਆਈ 'ਚ ਡਿਊਟੀਆ ਲਗਾਉਣ ਦਾ ਕੰਮ ਕਰਦਾ ਸੀ ਨੇ ਕਥਿਤ ਤੌਰ 'ਤੇ ਆਪਸ 'ਚ ਮਿਲੀ ਭੁਗਤ ਕਰਕੇ ਗੁਰਪਿਆਰ ਸਿੰਘ ਨੂੰ ਬਤੌਰ ਅਟੈਡੈਂਟ ਦੀ ਪੋਸਟ 'ਤੇ ਜਾਅਲੀ ਨਿਯੁਕਤੀ ਕਰਵਾ ਦਿੱਤੀ ਅਤੇ ਉਸ ਨੂੰ ਫ਼ਰਜ਼ੀ ਆਈ. ਡੀ. ਕਾਰਡ ਵੀ ਜਾਰੀ ਕਰਵਾ ਦਿੱਤਾ ਸੀ। ਇਸ 'ਤੇ ਉਸ ਨੇ 20 ਦਿਨ ਡਿਊਟੀ ਵੀ ਕੀਤੀ ਪਰ ਉਸ ਨੂੰ ਪਤਾ ਲੱਗਿਆ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਨਾਲ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ ਰੁਪਿਆ ਦੀ ਰਾਸ਼ੀ ਲੈ ਕੇ ਧੋਖਾ ਕਰਕੇ ਉਸ ਨਾਲ ਠੱਗੀ ਮਾਰੀ ਹੈ। ਐੱਸ.ਐੱਸ.ਪੀ ਸੰਗਰੂਰ ਦੇ ਹੁਕਮਾਂ ਅਨੁਸਾਰ ਪੁਲਸ ਨੇ ਇਸ ਦੀ ਪੜਤਾਲ ਕਰਨ ਤੋਂ ਬਾਅਦ ਗੁਰਪਿਆਰ ਸਿੰਘ ਵਾਸੀ ਪਿੰਡ ਕਾਹਨਗੜ੍ਹ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਹੋਏ ਹਰਦੀਪ ਸਿੰਘ ਵਾਸੀ ਪਿੰਡ ਘਰਾਚੋਂ ਹਾਲ ਆਬਾਦ ਖੁੱਡਾ ਲਾਹੋਰਾ ਨੇੜੇ ਪੀ. ਜੀ. ਆਈ ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਿਆਨਕ ਅੰਜਾਮ 'ਤੇ ਪੁੱਜਾ ਪ੍ਰੇਮ ਸੰਬੰਧਾਂ ਦਾ ਨਤੀਜਾ, ਪ੍ਰੇਮਿਕਾ ਦੇ ਘਰ ਪੁੱਜੇ ਪ੍ਰੇਮੀ ਨੇ ਚੁੱਕਿਆ ਖ਼ੌਫਨਾਕ ਕਦਮ
NEXT STORY