ਲੁਧਿਆਣਾ (ਸਲੂਜਾ)-ਕਦੇ ਸਵੇਰੇ ਤੇ ਕਦੇ ਦੇਰ ਰਾਤ ਨੂੰ ਪੈ ਰਹੇ ਮੀਂਹ ਨਾਲ ਆਮ ਲੋਕ ਅਤੇ ਕਿਸਾਨ ਤਾਂ ਖੁਸ਼ ਹਨ, ਪਰ ਪਾਵਰਕਾਮ 'ਤੇ ਇਹ ਮੌਸਮ ਦਾ ਬਦਲਦਾ ਮਿਜਾਜ਼ ਭਾਰੀ ਪੈ ਰਿਹਾ ਹੈ।ਹੈਬੋਵਾਲ, ਦੁਗਰੀ ਅਤੇ ਜਮਾਲਪੁਰ ਸਮੇਤ ਨਗਰੀ ਦੇ ਦਰਜਨਾਂ ਇਲਾਕਿਆਂ 'ਚ ਬਿਜਲੀ ਦੀ ਅੱਖ ਮਿਚੋਲੀ ਕਾਰਨ ਲੋਕਾਂ ਦਾ ਜੀਉਣਾ ਮੁਹਾਲ ਹੋਇਆ ਪਿਆ ਹੈ।ਹੈਬੋਵਾਲ ਵਿਚ ਲੰਘੀ ਰਾਤ ਤਾਂ ਇੱਕ ਕਬੂਤਰ ਨੇ ਬਿਜਲੀ ਮੁਲਾਜ਼ਮਾਂ ਦੇ ਪਸੀਨੇ ਛੁਡਾ ਦਿੱਤੇ। ਇਹ ਕਬੂਤਰ ਬਿਜਲੀ ਦੀਆਂ ਤਾਰਾਂ ਵਿਚ ਅਜਿਹਾ ਫਸਿਆ ਕਿ ਇਸਨੇ ਕਈ ਫੀਡਰਾਂ ਦੀ ਸਪਲਾਈ ਨੂੰ ਠੱਪ ਕਰਕੇ ਰੱਖ ਦਿੱਤਾ। ਜਿਸ ਦੇ ਨਾਲ ਦਰਜਨਾਂ ਇਲਾਕਿਆਂ 'ਚ ਬਲੈਕ ਆਊਟ ਹੋ ਗਿਆ। ਸਬੰਧਿਤ ਇਲਾਕਾ ਵਾਸੀਆਂ 'ਚ ਹਾਹਾਕਾਰ ਮੱਚ ਗਈ।ਕਾਫ਼ੀ ਸਮੇਂ ਤੱਕ ਬਿਜਲੀ ਮੁਲਾਜ਼ਮਾਂ ਵਲੋਂ ਕੀਤੀ ਗਈ ਪੈਟਰੋਲਿੰਗ ਦੌਰਾਨ ਇਕ ਥਾਂ 'ਤੇ ਇਹ ਕਬੂਤਰ ਫੱਸਿਆ ਹੋਇਆ ਨਜ਼ਰ ਆਇਆ ਤਾਂ ਇਸ ਨੂੰ ਕੱਢਣ ਤੋਂ ਬਾਅਦ ਹੀ ਬਿਜਲੀ ਸਪਲਾਈ ਬਹਾਲ ਹੋ ਸਕੀ। ਵੀਰਵਾਰ ਸਵੇਰੇ ਵੀ ਹੈਬੋਵਾਲ ਕਲਾਂ 'ਚ ਇੱਕ ਵਾਹਨ ਦੁਆਰਾ ਬਿਜਲੀ ਪੋਲ ਨੂੰ ਟੱਕਰ ਮਾਰ ਦੇਣ ਨਾਲ ਬਿਜਲੀ ਸਪਲਾਈ ਕਾਫੀ ਸਮੇਂ ਤੱਕ ਪ੍ਰਭਾਵਿਤ ਰਹੀ। ਇੱਥੇ ਇਹ ਦੱਸ ਦਈਏ ਕਿ ਪਾਵਰਕਾਮ ਦੀ ਮਾਡਲ ਟਾਊਨ ਡਵੀਜ਼ਨ ਦੀ ਗੱਲ ਕਰੀਏ ਤਾਂ ਲੰਘੀ ਰਾਤ ਦੇ 10 ਵਜੇ ਤੋਂ ਗੁੱਲ ਹੋਈ ਬਿਜਲੀ ਸਪਲਾਈ 12 ਘੰਟੇ ਬੀਤ ਜਾਣ ਦੇ ਬਾਵਜੂਦ ਬਹਾਲ ਨਹੀਂ ਹੋ ਸਕੀ । ਜਿਸਦੇ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਠੱਪ ਰਹੀ।ਘਰਾਂ ਦੇ ਇੰਵਰਟਰ ਤੱਕ ਜਵਾਬ ਦੇ ਗਏ। ਹੁੰਮਸ ਕਾਰਨ ਲੋਕਾਂ ਦਾ ਜੀਉਣਾ ਮੁਹਾਲ ਹੋ ਗਿਆ।ਇਲਾਕਾ ਵਸਨੀਕਾਂ ਨੇ ਪਾਵਰਕਾਮ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਦੱਸਿਆ ਕਿ ਕਈ ਵਾਰ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਨਾ ਤਾਂ ਅਧਿਕਾਰੀ ਅਤੇ ਨਾ ਹੀ ਮੁਲਾਜ਼ਮ ਸ਼ਿਕਾਇਤ ਸੁਣਨ ਨੂੰ ਤਿਆਰ ਹਨ। ਜਿਸਦਾ ਖਾਮਿਆਜ਼ਾ ਉਨ੍ਹਾਂ ਨੂੰ ਸਾਰੀ ਰਾਤ ਜਾਗ ਕੇ ਲੰਘਾਉਣਾ ਪਿਆ।
ਮਹਾਂਨਗਰ ਵਿਚ ਪਿਆ 14 ਮਿਲੀਮੀਟਰ ਮੀਂਹ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਨਗਰੀ ਵਿਚ 14 ਮਿਲੀਮੀਟਰ ਮੀਂਹ ਪਿਆ, ਜਿਸਦੇ ਨਾਲ ਸਵੇਰ ਦੇ ਸਮੇਂ ਤਾਂ ਮੌਸਮ ਸੁਹਾਵਣਾ ਬਣ ਗਿਆ। ਪਰ ਦੁਪਹਿਰ ਹੁੰਦੇ-ਹੁੰਦੇ ਹੁੰਮਸ ਦਾ ਇੰਨਾ ਦਬਦਬਾ ਬਣ ਗਿਆ ਕਿ ਪੱਖੇ ਦੇ ਹੇਠਾਂ ਬੈਠੇ ਹੋਏ ਵੀ ਪਸੀਨੇ ਛੁੱਟਦੇ ਰਹੇ।ਜ਼ਿਆਦਾਤਰ ਤਾਪਮਾਨ ਦਾ ਪਾਰਾ 33.4 ਅਤੇ ਹੇਠਲਾ 24 ਡਿਗਰੀ ਸੈਲਸੀਅਸ ਰਿਹਾ। ਹਵਾ 'ਚ ਨਮੀ ਦੀ ਮਾਤਰਾ ਸਵੇਰੇ ਦੇ ਸਮੇਂ 84 ਅਤੇ ਸ਼ਾਮ ਨੂੰ 64 ਫੀਸਦੀ ਰਿਕਾਰਡ ਕੀਤੀ ਗਈ।ਜਦੋਂ ਕਿ ਦਿਨ ਦੀ ਲੰਬਾਈ 14 ਘੰਟੇ 5 ਮਿੰਟ ਰਹੀ।
ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ : ਮੌਸਮ ਮਾਹਰਾਂ ਨੇ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਲੁਧਿਆਣਾ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਜਾਹਿਰ ਕੀਤੀ ਹੈ।
ਕਾਹਲੀ-ਕਾਹਲੀ ਲੁਧਿਆਣਾ ਪੁੱਜੀ ਰਾਖੀ ਸਾਵੰਤ
NEXT STORY