ਜਲੰਧਰ (ਅਮਿਤ)— ਪਿਮਸ ਇੰਪਲਾਈਜ਼ ਯੂਨੀਅਨ ਤੇ ਪਿਮਸ ਮੈਨੇਜਮੈਂਟ ਦਰਮਿਆਨ ਚੱਲ ਰਹੇ ਵਿਵਾਦ ਵਿਚ ਬਰਖਾਸਤ ਕੀਤੇ ਗਏ 2 ਮੁਲਾਜ਼ਮਾਂ ਵੱਲੋਂ ਹਸਪਤਾਲ ਦੇ ਸਾਬਕਾ ਰੈਜ਼ੀਡੈਂਟ ਡਾਇਰੈਕਟਰ ਡਾ. ਕੰਵਲਜੀਤ ਸਿੰਘ ਅਤੇ ਐੱਚ. ਆਰ. ਮੈਨੇਜਰ ਹਰਨੀਤ ਕੌਰ 'ਤੇ ਜਾਤੀ ਸੂਚਕ ਸ਼ਬਦ ਕਹਿਣ ਅਤੇ ਧੱਕੇਸ਼ਾਹੀ ਕਰਨ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਵੱਲੋਂ ਗਠਿਤ ਐੱਸ. ਟੀ. ਐੱਫ. ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਸਬੰਧੀ ਇਕ ਰਿਪੋਰਟ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਵਲੋਂ ਡੀ. ਜੀ. ਪੀ., ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਡੀ. ਸੀ. ਜਲੰਧਰ ਨੂੰ ਭੇਜੀ ਗਈ ਹੈ, ਜਿਸ ਵਿਚ ਜਾਤੀ ਸੂਚਕ ਸ਼ਬਦ ਨਾ ਬੋਲੇ ਜਾਣ ਦੀ ਗੱਲ ਕਹੀ ਗਈ ਹੈ।
ਕੀ ਹੈ ਐੱਸ. ਟੀ. ਐੱਫ. ਦੀ ਰਿਪੋਰਟ, ਕਿਵੇਂ ਮਿਲੀ ਕਲੀਨ ਚਿੱਟ?
ਡੀ. ਸੀ. ਪੀ. ਵੱਲੋਂ ਭੇਜੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਬਕਾ ਡਾਇਰੈਕਟਰ ਡਾ. ਕੰਵਲਜੀਤ ਸਿੰਘ ਤੇ ਐੱਚ.ਆਰ. ਮੈਨੇਜਰ ਹਰਨੀਤ ਕੌਰ ਖਿਲਾਫ ਜਾਤੀ ਸੂਚਕ ਸ਼ਬਦ ਕਹਿਣ ਸਬੰਧੀ ਦਿੱਤੀ ਗਈ ਸ਼ਿਕਾਇਤ ਦੇ ਸਬੰਧ ਵਿਚ ਸੀ. ਪੀ. ਵੱਲੋਂ ਗਠਿਤ ਐੱਸ. ਟੀ. ਐੱਫ. ਵੱਲੋਂ ਏ. ਡੀ. ਸੀ. ਪੀ. 2 ਦੀ ਨਿਗਰਾਨੀ ਵਿਚ ਏ. ਸੀ.ਪੀ. ਕੈਂਟ ਅਤੇ ਐੱਸ. ਐੱਚ. ਓ. ਥਾਣਾ ਡਵੀਜ਼ਨ ਨੰਬਰ 7 ਵੱਲੋਂ ਡੂੰਘੀ ਪੜਤਾਲ ਕੀਤੀ ਗਈ, ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਧਿਰ ਨੇ ਜੋ ਦੋਸ਼ ਲਾਏ ਹਨ ਉਹ 28 ਸਤੰਬਰ 2017 ਨੂੰ ਹੋਈ ਘਟਨਾ ਦੌਰਾਨ ਦੱਸਿਆ ਗਿਆ ਪਰ ਉਨ੍ਹਾਂ ਨਾ ਤਾਂ 28 ਅਤੇ ਨਾ 29 ਸਤੰਬਰ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਦਿੱਤੀ।
29 ਨੂੰ ਵੱਖ-ਵੱਖ ਅਖਬਾਰਾਂ ਵਿਚ ਪਿਮਸ ਅੰਦਰ ਹੋਈ ਹੜਤਾਲ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ ਪਰ ਉਸ ਵਿਚ ਜਾਤੀ ਸੂਚਕ ਸ਼ਬਦ ਕਹਿਣ ਜਿਹੀ ਕੋਈ ਗੱਲ ਨਹੀਂ ਦੱਸੀ ਗਈ ਸੀ। ਜੇਕਰ ਅਜਿਹਾ ਕੁਝ ਹੁੰਦਾ ਤਾਂ ਹੜਤਾਲ 'ਤੇ ਮੌਜੂਦ ਮੁਲਾਜ਼ਮ ਤੁਰੰਤ ਇਹ ਮਾਮਲਾ ਉਠਾਉਂਦੇ। ਦੋ ਦਿਨ ਬਾਅਦ ਸ਼ਿਕਾਇਤ ਦਿੱਤੀ ਗਈ, ਜਿਸ ਕਾਰਨ ਮਾਮਲਾ ਸ਼ੱਕੀ ਜਾਪਦਾ ਹੈ। ਇੰਨਾ ਹੀ ਨਹੀਂ, ਪਿਮਸ ਮੈਨੇਜਮੈਂਟ ਵਲੋਂ ਹੜਤਾਲ ਵਿਚ ਹਿੱਸਾ ਲੈਣ ਵਾਲੇ ਲਗਭਗ 50 ਮੁਲਾਜ਼ਮਾਂ ਦੇ ਹਸਤਾਖਰਾਂ ਵਾਲੀ ਇਕ ਸਟੇਟਮੈਂਟ ਪੁਲਸ ਨੂੰ ਦਿੱਤੀ ਗਈ, ਜਿਸ ਵਿਚ ਲਿਖਿਆ ਗਿਆ ਸੀ ਕਿ ਮੀਟਿੰਗ ਦੌਰਾਨ ਕਿਸੇ ਵੀ ਮੁਲਾਜ਼ਮ ਲਈ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਨਹੀਂ ਹੋਈ। ਮਾਮਲੇ ਵਿਚ ਕੋਈ ਵੀ ਨਿਰਪੱਖ ਗਵਾਹ ਸਾਹਮਣੇ ਨਾ ਆਉਣ 'ਤੇ ਦੋਸ਼ ਸਿਰਫ ਮੈਨੇਜਮੈਂਟ ਵਲੋਂ ਸ਼ੋਅਕਾਜ਼ ਨੋਟਿਸ ਜਾਰੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਵਲੋਂ ਲਗਾਏ ਜਾਣ ਕਾਰਨ ਮੁਲਜ਼ਮ ਧਿਰ ਨੂੰ ਕਲੀਨ ਚਿੱਟ ਦਿੱਤੀ ਤੇ ਸ਼ਿਕਾਇਤ ਨੂੰ ਦਾਖਲ ਦਫਤਰ ਕਰਨ ਦੀ ਸਿਫਾਰਸ਼ ਕੀਤੀ ਗਈ।
ਧਰਮਿੰਦਰ ਦੇ ਜਾਤੀ ਸਰਟੀਫਿਕੇਟ 'ਤੇ ਵੀ ਉਠੇ ਸਵਾਲੀਆ ਨਿਸ਼ਾਨ
ਰਿਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਿਮਸ ਵਿਚੋਂ ਬਰਖਾਸਤ ਸਾਬਕਾ ਕਰਮਚਾਰੀ ਧਰਮਿੰਦਰ ਦੀ ਜਾਤੀ ਸਬੰਧੀ ਪਿਮਸ ਮੈਨੇਜਮੈਂਟ ਵਲੋਂ ਇਕ ਸਰਟੀਫਿਕੇਟ ਪੇਸ਼ ਕੀਤਾ ਗਿਆ, ਜਿਸ ਵਿਚ ਉਸਦੀ ਜਾਤੀ ਓ. ਬੀ. ਸੀ. ਕੈਟਾਗਰੀ ਨਾਲ ਸਬੰਧਤ ਦੱਸੀ ਗਈ ਸੀ ਪਰ ਸ਼ਿਕਾਇਤਕਰਤਾ (ਧਰਮਿੰਦਰ) ਨੇ ਕਿਹਾ ਕਿ ਉਸਦੀ ਜਾਤੀ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਐੱਸ. ਟੀ. ਕੈਟਾਗਰੀ ਵਿਚ ਆ ਗਈ ਹੈ। ਪਿਮਸ ਮੈਨੇਜਮੈਂਟ ਨੇ ਉਸ ਦੀ ਜਾਤੀ ਵਿਚ ਹੋਏ ਬਦਲਾਅ ਸਬੰਧੀ ਜਾਣਕਾਰੀ ਹੋਣ ਤੋਂ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਰਿਕਾਰਡ ਵਿਚ ਉਸਦੀ ਜਾਤੀ ਓ. ਬੀ. ਸੀ. ਹੀ ਹੈ, ਉਸ ਦੇ ਨਾਲ ਹੀ ਡਾ. ਕੰਵਲਜੀਤ ਨੇ ਕਿਹਾ ਕਿ ਉਸ ਵਲੋਂ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਧਰਮਿੰਦਰ ਦੀ ਜਾਤੀ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।
ਕੀ ਸੀ ਮਾਮਲਾ ਸ਼ਿਕਾਇਤਕਰਤਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੇ ਸਕੇਲ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੋਂ ਮੈਨੇਜਮੈਂਟ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਵਿਚ ਸਾਬਕਾ ਡਾਇਰੈਕਟਰ ਡਾ. ਕੰਵਲਜੀਤ ਸਿੰਘ ਅਤੇ ਐੱਚ. ਆਰ. ਮੈਨੇਜਰ ਹਰਨੀਤ ਕੌਰ ਵਲੋਂ ਬਿਨਾਂ ਕਿਸੇ ਕਾਰਨ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਕਹਿੰਦਿਆਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਪੁਲਸ ਵੱਲੋਂ ਜਾਤੀ ਦੇ ਸਬੰਧ 'ਚ ਦਿੱਤੀ ਗਈ ਗਲਤ ਜਾਣਕਾਰੀ: ਧਰਮਿੰਦਰ
ਧਰਮਿੰਦਰ ਨੇ ਕਿਹਾ ਕਿ ਏ. ਡੀ. ਸੀ. ਪੀ. 2 ਨੂੰ ਮੈਂ ਨਿੱਜੀ ਤੌਰ 'ਤੇ ਮਿਲ ਕੇ ਆਪਣਾ ਐੱਸ. ਸੀ. ਸਰਟੀਫਿਕੇਟ ਦਿੱਤਾ ਸੀ ਪਰ ਪੁਲਸ ਰਿਪੋਰਟ ਵਿਚ ਮੈਨੂੰ ਐੱਸ. ਟੀ. ਦੱਸਿਆ ਗਿਆ ਜੋ ਕਿ ਸਰਾਸਰ ਗਲਤ ਅਤੇ ਇਤਰਾਜ਼ਯੋਗ ਹੈ।
ਸਾਨੂੰ ਪੁਲਸ 'ਤੇ ਪਹਿਲਾਂ ਹੀ ਭਰੋਸਾ ਨਹੀਂ ਸੀ, ਅਦਾਲਤ ਤੋਂ ਮਿਲੇਗਾ ਇਨਸਾਫ : ਨਰਿੰਦਰ ਕੁਮਾਰ
ਨਰਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਤਾਂ ਪਹਿਲਾਂ ਹੀ ਪੁਲਸ 'ਤੇ ਭਰੋਸਾ ਨਹੀਂ ਸੀ, ਇਸ ਬਾਰੇ ਅਸੀਂ ਪਹਿਲਾਂ ਹੀ ਕਈ ਥਾਂ ਸ਼ਿਕਾਇਤ ਕਰ ਚੁੱਕੇ ਹਾਂ। ਸਾਨੂੰ ਮਾਣਯੋਗ ਅਦਾਲਤ ਤੋਂ ਇਨਸਾਫ ਮਿਲੇਗਾ, ਜਿਸ ਦਾ ਸਾਨੂੰ ਪੂਰਾ ਯਕੀਨ ਹੈ। ਅਸੀਂ ਅਦਾਲਤ ਵਿਚ ਪਹਿਲਾਂ ਹੀ ਕੇਸ ਦਾਇਰ ਕੀਤਾ ਹੋਇਆ ਹੈ ਜੋ ਵਿਚਾਰ ਅਧੀਨ ਹੈ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY