ਤਰਨਤਾਰਨ (ਰਾਜੂ, ਬਲਵਿੰਦਰ ਕੌਰ) : ਬੇਲਗ਼ਾਮ ਸ਼ਰਾਬ ਮਾਫ਼ੀਆ ਦੀ ਜ਼ਹਿਰੀਲੀ ਸ਼ਰਾਬ ਕਾਰਣ ਮੌਤ ਦਾ ਸ਼ਿਕਾਰ ਹੋਏ ਦਰਜਨ ਲੋਕਾਂ ਦੇ ਪੀੜਤ ਪਰਿਵਾਰਾਂ ਨੂੰ ਧਰਵਾਸਾ ਦੇਣ ਆਮ ਆਦਮੀ ਪਾਰਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਇਸ ਭਿਆਨਕ ਤ੍ਰਾਸਦੀ ਲਈ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਅਤੇ ਪ੍ਰੋ. ਬਲਜਿੰਦਰ ਕੌਰ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਰੰਗਾਬਾਦ, ਜੋਧਪੁਰ, ਪੰਡੋਰੀ ਗੋਲਾ, ਕਲੇਰ, ਕੱਕਾ ਕੰਡਿਆਲਾ ਤੋਂ ਇਲਾਵਾ ਤਰਨਤਾਰਨ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿਚ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਮੌਤ ਦੇ ਮੂੰਹ ਵਿਚ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸੱਤਾਧਾਰੀ ਧਿਰ ਦੇ ਆਗੂ ਆਪਣੀਆਂ ਨੈਤਿਕ ਜ਼ਿੰਮੇਵਾਰੀ ਭੁੱਲ ਕੇ ਸ਼ਰਮ-ਹਯਾ ਅਤੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਉਲੰਘ ਕੇ ਥਾਣਿਆਂ ਅਤੇ ਕਚਹਿਰੀਆਂ ਨੂੰ ਠੇਕੇ 'ਤੇ ਚਾੜ੍ਹਨ ਲੱਗ ਪੈਣ ਤਾਂ ਅਜਿਹੀਆਂ ਅਣਹੋਣੀਆਂ-ਤ੍ਰਾਸਦੀਆਂ ਨੂੰ ਆਮ ਲੋਕ ਕਿਵੇਂ ਅਤੇ ਕਦੋਂ ਤੱਕ ਟਾਲ ਸਕਦੇ ਹਨ?
ਇਹ ਵੀ ਪੜ੍ਹੋ : ਮਾਝੇ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਸ਼ਮਸ਼ਾਨਘਾਟ 'ਚ ਸਸਕਾਰਾਂ ਲਈ ਘੱਟ ਪਈ ਜਗ੍ਹਾ (ਦੇਖੋ ਤਸਵੀਰਾਂ)
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਬਾਦਲ ਐਂਡ ਪਾਰਟੀ ਦੇ ਅਖੌਤੀ 'ਜਥੇਦਾਰ' ਥਾਣੇ, ਪਟਵਾਰਖ਼ਾਨੇ ਅਤੇ ਕਚਹਿਰੀਆਂ ਠੇਕਿਆਂ 'ਤੇ ਚਾੜ੍ਹ ਕੇ ਮਹੀਨਾ (ਰੰਗਦਾਰੀ) ਵਸੂਲਦੇ ਸਨ, ਹੁਣ ਕਾਂਗਰਸੀ ਵੀ ਉਸੇ ਰਾਹ 'ਤੇ ਤੁਰੇ ਹੋਏ ਹਨ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਦਹਿਸ਼ਤ ਅਤੇ ਮਾਫ਼ੀਆ ਦੀ ਗੁੰਡਾਗਰਦੀ ਕਰਕੇ ਆਮ ਲੋਕ ਬੋਲਣ ਤੋਂ ਪਰਹੇਜ਼ ਕਰਦੇ ਹਨ, ਪਰੰਤੂ ਇਸ ਇਲਾਕੇ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਮੌਤ ਦੇ ਇਸ ਧੰਦੇ ਪਿੱਛੇ ਸੱਤਾਧਾਰੀਆਂ ਦਾ ਸਿੱਧਾ ਹੱਥ ਹੈ ਅਤੇ ਪਾਪਾਂ ਦੀ ਇਸ ਕਮਾਈ ਦਾ ਹਿੱਸਾ ਮੁੱਖ ਮੰਤਰੀ ਦਫ਼ਤਰ ਤੱਕ ਕਿੰਝ ਪਹੁੰਚਦਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਿਰਫ਼ ਐੱਸ.ਐੱਚ.ਓ. ਨੂੰ ਮੁਅੱਤਲ ਕਰਕੇ ਅਤੇ ਇਕ ਮੈਜਿਸਟ੍ਰੇਟ ਜਾਂਚ ਦੇ ਐਲਾਨ ਨਾਲ ਇਸ ਸਮੁੱਚੇ ਕਾਲੇ ਧੰਦੇ 'ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਇਸ ਮਾਮਲੇ ਦੀ ਮਾਣਯੋਗ ਹਾਈਕੋਰਟ ਦੇ ਸਿਟਿੰਗ (ਮੌਜੂਦਾ) ਜੱਜ ਦੀ ਨਿਗਰਾਨੀ ਹੇਠ ਉੱਚ ਪੱਧਰੀ ਅਤੇ ਸਮਾਂਬੱਧ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸ਼ਰਾਬ ਮਾਫ਼ੀਆ 'ਚ ਗ਼ਲਤਾਨ ਪੁਲਸ ਅਤੇ ਸਿਆਸੀ ਤੰਤਰ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਮੱਛੀਆਂ ਨੂੰ ਜਨਤਕ ਤੌਰ 'ਤੇ ਨੰਗਾ ਕੀਤਾ ਜਾ ਸਕੇ। ਦੋਵੇਂ 'ਆਪ' ਵਿਧਾਇਕਾਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੌਤਾਂ ਲਈ ਕਤਲ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ-ਇਕ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਵਿਦੇਸ਼ ਤੋਂ ਪਰਤੇ 21 ਸਾਲਾ ਨੌਜਵਾਨ ਨੇ ਨਿਗਲੀ ਜ਼ਹਿਰੀਲੀ ਦਵਾਈ, ਮੌਤ
NEXT STORY