ਬਟਾਲਾ (ਮਠਾਰੂ) – ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਨੌਜਵਾਨ ਮੁੱਖ ਸੰਚਾਲਕ ਤੇ ਪ੍ਰਸਿੱਧ ਸਮਾਜਸੇਵੀ ਆਗੂ ਨਵਤੇਜ ਸਿੰਘ ਗੁੱਗੂ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ-ਵਾਰ ਟੈਲੀਫੋਨ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਘਰ ਤੋਂ ਬਾਹਰ ਨਿਕਲ ਕੇ ਕੁਝ ਥਾਵਾਂ 'ਤੇ ਵੀ ਆਉਣ ਲਈ ਕਿਹਾ ਗਿਆ, ਜਿਸ ਕਰ ਕੇ ਸਾਰੀ ਰਾਤ ਨਵਤੇਜ ਗੁੱਗੂ ਆਪਣੇ ਕਲੱਬ ਦੇ ਮੈਂਬਰਾਂ ਅਤੇ ਪੁਲਸ ਨਾਲ ਧਮਕੀਆਂ ਦੇਣ ਵਾਲੇ ਇਨ੍ਹਾਂ ਅਨਸਰਾਂ ਦੀ ਭਾਲ ਕਰਨ 'ਚ ਲੱਗੇ ਰਹੇ।
ਕੀ ਹੈ ਮਾਮਲਾ
ਸ਼ਾਮ 7 ਵਜੇ ਨਵਤੇਜ ਗੁੱਗੂ ਨੂੰ ਇਕ ਮੋਬਾਇਲ ਨੰ. 8427321800 ਤੋਂ ਲਗਾਤਾਰ 25 ਕਾਲਾਂ ਆਈਆਂ ਜਿਨ੍ਹਾਂ 'ਚ ਬੋਲਣ ਵਾਲੇ ਨੇ ਗੁੱਗੂ ਨੂੰ ਜਿਥੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਉਥੇ ਮਾੜੀ ਸ਼ਬਦਾਵਲੀ ਵੀ ਵਰਤੀ। ਇਸ ਦੌਰਾਨ ਧਮਕੀਆਂ ਦੇਣ ਵਾਲੇ ਨੇ ਗੁੱਗੂ ਨੂੰ ਜਲੰਧਰ ਰੋਡ 'ਤੇ ਪੈਂਦੇ ਵੰਡਰ ਹੋਟਲ 'ਚ ਆਉਣ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਕਲੱਬ ਦੇ ਹੋਰ ਮੈਂਬਰਾਂ ਨਾਲ ਗੁੱਗੂ ਵੰਡਰ ਹੋਟਲ ਪਹੁੰਚ ਗਏ ਪਰ ਹੋਟਲ ਦੀ ਤਲਾਸ਼ੀ ਲੈਣ ਤੋਂ ਬਾਅਦ ਉਥੇ ਕੋਈ ਵੀ ਵਿਅਕਤੀ ਨਹੀਂ ਮਿਲਿਆ। ਗੁੱਗੂ ਦੇ ਧਰਮਪੁਰਾ ਕਾਲੋਨੀ 'ਚ ਪੈਂਦੇ ਘਰ ਕੋਲੋਂ ਇਕ ਚਿੱਟੇ ਰੰਗ ਦੀ ਇਨੋਵਾ ਗੱਡੀ 'ਚ ਸਵਾਰ ਨੌਜਵਾਨ ਹੁੱਲੜਬਾਜ਼ੀ ਕਰਦੇ ਹੋਏ ਨਿਕਲ ਗਏ, ਜਿਸ ਦੀ ਸੂਚਨਾ ਗੇਟ ਉਪਰ ਪੈਰਾ ਦੇ ਰਹੇ ਨੌਜਵਾਨ ਵੱਲੋਂ ਦਿੱਤੀ ਗਈ।
2 ਮਹੀਨੇ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਗੁੱਗੂ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਗਈ ਸੀ
ਪ੍ਰਸਿੱਧ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀਆਂ ਵੱਲੋਂ ਗੁਰਦਾਸਪੁਰ ਅੰਦਰ ਗੈਂਗਵਾਰ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ 'ਚ ਗੁਰਦਾਸਪੁਰ ਪੁਲਸ ਵੱਲੋਂ ਵਿੱਕੀ ਗੌਂਡਰ ਦੇ ਨਜ਼ਦੀਕੀ ਸਾਥੀ ਗਿਆਨਾ ਖੱਲਰਾਂਵਾਲਾ ਨੂੰ ਪੁਲਸ ਨੇ ਕਾਬੂ ਕੀਤਾ ਸੀ, ਜਿਸ ਨੇ ਪੁਲਸ ਦੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਨਵਤੇਜ ਗੁੱਗੂ ਨੂੰ ਮਾਰਨ ਲਈ ਗੈਂਗਸਟਰਾਂ ਵੱਲੋਂ ਸਾਜ਼ਿਸ਼ ਬਣਾਈ ਜਾ ਰਹੀ ਹੈ, ਜਿਸ ਕਰ ਕੇ ਗੁਰਦਾਸਪੁਰ ਦੇ ਉਸ ਵੇਲੇ ਦੇ ਐੱਸ. ਐੱਸ. ਪੀ. ਵੱਲੋਂ ਬਟਾਲਾ ਪੁਲਸ ਦੇ ਇਕ ਡੀ. ਐੱਸ. ਪੀ. ਰਾਹੀਂ ਨਵਤੇਜ ਸਿੰਘ ਗੁੱਗੂ ਨੂੰ ਆਪਣੇ ਦਫ਼ਤਰ ਬੁਲਾ ਕੇ 10 ਦਿਨਾਂ ਲਈ ਘਰ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਸੀ ਅਤੇ ਆਪਣੀ ਚੌਕਸੀ ਵਧਾਉਣ ਲਈ ਵੀ ਕਿਹਾ ਸੀ ਜਦਕਿ ਡੀ. ਐੱਸ. ਪੀ. ਵੱਲੋਂ ਪੁਲਸ ਅਧਿਕਾਰੀਆਂ ਨਾਲ ਨਵਤੇਜ ਗੁੱਗੂ ਦੇ ਘਰ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਆਸ-ਪਾਸ ਸੀ. ਸੀ. ਟੀ. ਵੀ. ਕੈਮਰੇ ਅਤੇ ਲਾਈਟਾਂ ਲਾਉਣ ਲਈ ਵੀ ਕਿਹਾ ਗਿਆ ਸੀ ਅਤੇ ਪੁਲਸ ਵੱਲੋਂ ਨਵਤੇਜ ਗੁੱਗੂ ਨੂੰ ਸੁਰੱਖਿਆ ਦੇਣ ਲਈ ਵੀ ਕਿਹਾ ਗਿਆ ਸੀ ਪਰ ਪੁਲਸ ਨੇ ਲਗਾਤਾਰ 20 ਦਿਨ ਨਵਤੇਜ ਗੁੱਗੂ ਦੇ ਘਰ ਸਾਹਮਣੇ ਪੁਲਸ ਕਰਮਚਾਰੀਆਂ ਦੀ ਡਿਊਟੀ ਲਾ ਦਿੱਤੀ ਪਰ ਕੋਈ ਵੀ ਸੁਰੱਖਿਆ ਗਾਰਡ ਉਸ ਨੂੰ ਨਹੀਂ ਦਿੱਤਾ ਗਿਆ। ਇਹ ਸਾਰੀ ਜਾਣਕਾਰੀ ਨਵਤੇਜ ਗੁੱਗੂ ਵੱਲੋਂ ਅੱਜ ਪੱਤਰਕਾਰਾਂ ਨੂੰ ਦਿੱਤੀ ਗਈ।
ਗੁੱਗੂ ਨੇ ਪੰਜਾਬ ਭਰ 'ਚ ਨਸ਼ਾ ਸਮੱਗਲਰਾਂ ਦੇ ਨਾਂ ਕੀਤੇ ਸਨ ਨਸ਼ਰ
ਸਮਾਜਸੇਵੀ ਨਵਤੇਜ ਗੁੱਗੂ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੌਰਾਨ ਇਸ ਗੱਲ ਦੇ ਉਪਰ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਗੁੱਗੂ ਨੇ ਪੰਜਾਬ ਭਰ 'ਚ ਨਸ਼ਾ ਸਮੱਗਲਰਾਂ ਖਿਲਾਫ਼ ਮੁਹਿੰਮ ਛੇੜਦਿਆਂ ਜਨਤਕ ਥਾਵਾਂ 'ਤੇ ਬੋਰਡ ਲਾ ਕੇ ਨਸ਼ਾ ਸਮੱਗਲਰਾਂ ਦੇ ਨਾਂ ਨਸ਼ਰ ਕੀਤੇ ਸਨ ਜਿਨ੍ਹਾਂ 'ਚ ਕੁਝ ਗੈਂਗਸਟਰ ਟਾਈਪ ਦੇ ਨਸ਼ਾ ਸਮੱਗਲਰ ਵੀ ਸ਼ਾਮਲ ਸਨ।
ਨਵਤੇਜ ਗੁੱਗੂ ਵੱਲੋਂ ਪੁਲਸ ਸੁਰੱਖਿਆ ਜਾਂ ਫਿਰ ਨਿੱਜੀ ਲਾਇਸੈਂਸ ਜਾਰੀ ਕਰਨ ਦੀ ਮੰਗ
ਹਿਊਮੈਨਿਟੀ ਕਲੱਬ ਦੇ ਮੁਖੀ ਨਵਤੇਜ ਗੁੱਗੂ ਨੇ ਕਿਹਾ ਕਿ ਪੁਲਸ ਸੁਰੱਖਿਆ ਨੂੰ ਲੈ ਕੇ 10 ਵਾਰ ਪੁਲਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਪਰ ਪੁਲਸ ਦੇ ਕੰਨਾਂ ਉਪਰ ਜੂੰ ਨਹੀਂ ਸਰਕ ਰਹੀ ਜਦਕਿ ਅਦਾਲਤ ਵੱਲੋਂ ਪੁਲਸ ਨੂੰ ਸੁਰੱਖਿਆ ਦੇਣ ਬਾਰੇ ਕਹੇ ਜਾਣ 'ਤੇ ਪੁਲਸ ਵੱਲੋਂ ਅਦਾਲਤ ਨੂੰ ਲਿਖ ਕੇ ਭੇਜਿਆ ਗਿਆ ਹੈ ਕਿ ਨਵਤੇਜ ਗੁੱਗੂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕਲੱਬ 'ਚ ਹਰ ਰੋਜ਼ ਸੈਂਕੜੇ ਗਰੀਬ ਲੋੜਵੰਦ ਲੋਕ ਆਪਣਾ ਇਲਾਜ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਆਉਂਦੇ ਹਨ। ਇਸ ਲਈ ਪੁਲਸ ਸੁਰੱਖਿਆ ਮੁਹੱਈਆ ਕਰਵਾਏ ਜਾਂ ਫਿਰ ਸਾਡੇ ਕਲੱਬ ਨੂੰ ਨਿੱਜੀ ਅਸਲਾ ਲਾਇਸੈਂਸ ਜਾਰੀ ਕਰ ਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਸਮੇਤ ਕਲੱਬ ਦੇ ਕਿਸੇ ਮੈਂਬਰ ਜਾਂ ਫਿਰ ਸਹਾਇਤਾ ਪ੍ਰਾਪਤ ਕਰਨ ਆਉਣ ਵਾਲੇ ਬੱਚੇ, ਔਰਤਾਂ, ਬਜ਼ੁਰਗਾਂ 'ਚੋਂ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਹੈ ਤਾਂ ਪੁਲਸ ਪ੍ਰਸ਼ਾਸਨ ਉਸ ਦਾ ਜ਼ਿੰਮੇਵਾਰ ਹੋਵੇਗਾ।
ਕੀ ਕਹਿਣਾ ਹੈ ਐੱਸ. ਐੱਚ. ਓ. ਸਿਟੀ ਦਾ
ਇਸ ਮਾਮਲੇ ਸੰਬੰਧੀ ਜਦੋਂ ਐੱਸ. ਐੱਚ. ਓ. ਸਿਟੀ ਇੰਸਪੈਕਟਰ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਸਮੇਂ ਹੀ ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਸਮਾਜਸੇਵੀ ਨਵਤੇਜ ਗੁੱਗੂ ਦੇ ਘਰ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਿਸ ਮੋਬਾਇਲ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਉਸ ਨੂੰ ਟਰੇਸ ਕਰਨ ਲਈ ਟਰੈਕ ਲਾਇਆ ਗਿਆ ਹੈ, ਜਿਸ 'ਚ ਰਾਤ ਸਮੇਂ ਇਹ ਨੰਬਰ ਅੰਮ੍ਰਿਤਸਰ ਦੀ ਲੋਕੇਸ਼ਨ ਦੱਸ ਰਿਹਾ ਸੀ। ਐੱਸ. ਐੱਚ. ਓ. ਮਨੋਜ ਕੁਮਾਰ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਨਵਤੇਜ ਗੁੱਗੂ ਪਿੱਛੇ ਕੁਝ ਬੰਦੇ ਜ਼ਰੂਰ ਲੱਗੇ ਹੋਏ ਹਨ। ਇਸ ਲਈ ਜਿਥੇ ਪੁਲਸ ਵੱਲੋਂ ਉਨ੍ਹਾਂ ਦੇ ਘਰ ਸਾਹਮਣੇ ਪੱਕੇ ਤੌਰ 'ਤੇ ਪੁਲਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਉਥੇ ਨਾਲ ਹੀ ਤਕਨੀਕੀ ਢੰਗ ਨਾਲ ਇਨ੍ਹਾਂ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਪੂਰੀ ਤਰ੍ਹਾਂ ਆਪਣਾ ਜਾਲ ਵਿਛਾਇਆ ਗਿਆ ਹੈ।
ਆਰਮੀ ਦੇ ਟਰੱਕ ਦੀ ਕਾਰ ਨਾਲ ਟੱਕਰ, ਮੋਟਰਸਾਈਕਲ ਸਵਾਰ ਵੀ ਹੋਏ ਹਾਦਸੇ ਦੇ ਸ਼ਿਕਾਰ, 1 ਦੀ ਮੌਤ (ਤਸਵੀਰਾਂ)
NEXT STORY