ਪਟਿਆਲਾ/ਬਾਰਨ (ਇੰਦਰ)—ਸੀ. ਐੈੱਮ. ਸਿਟੀ ਵਿਚ ਪੁਲਸ ਦੀ ਸਖ਼ਤੀ ਦੇ ਬਾਵਜੂਦ ਵੀ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿਨ ਹੋਵੇ ਜਾਂ ਰਾਤ, ਇਕੱਲਾ ਆਦਮੀ ਬਾਹਰ ਜਾਣ ਤੋਂ ਡਰਨ ਲੱਗ ਪਿਆ ਹੈ। ਚੋਰ ਹੁਣ ਧਾਰਮਕ ਅਸਥਾਨਾਂ ਨੂੰ ਜਿੱਥੇ ਆਪਣਾ ਨਿਸ਼ਾਨਾ ਬਣਾ ਰਹੇ ਹਨ, ਉਥੇ ਹੀ ਉਨ੍ਹਾਂ ਦੀ ਬੇਅਦਬੀ ਵੀ ਕਰ ਰਹੇ ਹਨ। ਇਸ ਤਰ੍ਹਾਂ ਦੀ ਘਟਨਾ ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਲਚਕਾਣੀ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਵਾਪਰੀ। ਡਕੈਤਾਂ ਨੇ ਮੰਦਰ ਦੇ ਸ਼੍ਰੀ ਮਹੰਤ ਸੱਜਣ ਗਿਰੀ ਤੇ ਦੂਜੇ ਸਾਧੂਆਂ ਨੂੰ ਬੰਦੀ ਬਣਾ ਕੇ ਲੁੱਟ ਨੂੰ ਅੰਜਾਮ ਦਿੱਤਾ। ਡਕੈਤ ਨਕਦੀ, ਗਹਿਣੇ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ।
ਮਹੰਤ ਸੱਜਣ ਗਿਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਦੂਜੇ ਸਾਥੀਆਂ ਨਾਲ ਸੁੱਤੇ ਪਏ ਸਨ। ਸਵੇਰੇ 2 ਵਜੇ ਦੇ ਕਰੀਬ 4-5 ਵਿਅਕਤੀ ਮੰਦਰ 'ਚ ਦਾਖਲ ਹੋ ਗਏ। ਉਨ੍ਹਾਂ ਸਾਨੂੰ ਕਿਹਾ ਕਿ ਅਸੀਂ ਪੁਲਸ ਵਾਲੇ ਹਾਂ। ਅਸੀਂ ਮੰਦਰ ਦੀ ਤਲਾਸ਼ੀ ਲੈਣ ਆਏ ਹਾਂ। ਤੁਸੀਂ ਇਥੇ ਨਸ਼ਾ ਵੇਚਦੇ ਹੋ। ਉਨ੍ਹਾਂ ਸਾਨੂੰ ਇਕ ਕਮਰੇ ਵਿਚ ਸਾਡੇ ਹੱਥ-ਪੈਰ ਬੰਨ੍ਹ ਕੇ ਬੰਦ ਕਰ ਦਿੱਤਾ। ਬਾਅਦ ਵਿਚ 3 ਲੱਖ ਦੇ ਕਰੀਬ ਨਕਦੀ ਜੋ ਮੰਦਰ ਵਿਖੇ ਸਮਾਗਮ ਕਰਵਾਉਣ ਲਈ ਇਕੱਠੀ ਕੀਤੀ ਸੀ, ਲੁੱਟ ਕੇ ਲੈ ਗਏ। ਇਸ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰੇ, ਐੈੱਲ. ਸੀ. ਡੀਜ਼, ਗਹਿਣੇ ਅਤੇ ਹੋਰ ਸਾਮਾਨ ਵੀ ਨਾਲ ਲੈ ਗਏ। ਉਨਾਂ ਦੱਸਿਆ ਕਿ ਉਨਾਂ ਕੋਲ ਮਾਰੂ ਹਥਿਆਰ ਵੀ ਸਨ। ਇਕ ਪਗੜੀਧਾਰੀ ਅਤੇ ਬਾਕੀ ਮੋਨੇ ਸਨ। ਲੁੱਟ ਤੋਂ ਬਾਅਦ ਉਹ ਉਥੋਂ ਚਲੇ ਗਏ। ਬੜੀ ਮੁਸ਼ੱਕਤ ਬਾਅਦ ਆਪਣੇ ਹੱਥ-ਪੈਰ ਖੋਲ੍ਹੇ। ਨੇੜੇ ਰਹਿੰਦੇ ਪਿੰਡ ਵਾਸੀਆਂ ਨੂੰ ਘਟਨਾ ਸਬੰਧੀ ਦੱਸਿਆ।
ਮੰਦਰ ਵਿਖੇ ਵਾਪਰੀ ਲੁੱਟ ਸਬੰਧੀ ਸਾਬਕਾ ਸਰਪੰਚ ਸਤਨਾਮ ਸਿੰਘ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਡੀ. ਐੈੱਸ. ਪੀ. ਦਲਵੀਰ ਸਿੰਘ ਗਰੇਵਾਲ, ਥਾਣਾ ਬਖਸ਼ੀਵਾਲ ਦੇ ਇੰਚਾਰ ਸਬ-ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਫਿੰਗਰ ਪ੍ਰਿੰਟ ਐਕਸਪਰਟ ਤੇ ਡਾਗ ਸਕੁਐਡ ਦੀ ਟੀਮ ਨੇ ਮੰਦਰ ਵਿਖੇ ਜਾਇਜ਼ਾ ਲਿਆ। ਮੰਦਰ ਦੇ ਪ੍ਰਬੰਧਕਾਂ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਮੰਦਰ ਚੋਰੀ ਦੀ ਤੀਜੀ ਘਟਨਾ
ਸਾਧੂ ਦਾ ਲੁਟੇਰਿਆਂ ਹੱਥੋਂ ਹੋਇਆ ਸੀ ਕਤਲ
ਪਿੰਡ ਲਚਕਾਣੀ ਵਿਖੇ ਪਹਿਲਾਂ ਵੀ ਮੰਦਰਾਂ ਵਿਚ 3 ਚੋਰੀਆਂ ਹੋ ਚੁੱਕੀਆਂ ਹਨ। ਇਕ ਵਾਰ ਤਾਂ ਚੋਰਾਂ ਨੇ ਮੰਦਰ ਦੇ ਸਾਧੂ ਨੂੰ ਜਾਨੋਂ ਮਾਰ ਦਿੱਤਾ ਸੀ। ਇਹ ਜਾਣਕਾਰੀ ਸਰਪੰਚ ਕਰਮਜੀਤ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਲਚਕਾਣੀ, ਚੇਅਰਮੈਨ ਓ. ਬੀ. ਸੀ. ਸੈੱਲ ਪੰਜਾਬ ਗੁਰਭਜਨ ਸਿੰਘ ਤੇ ਸਾਬਕਾ ਸਰਪੰਚ ਸਤਨਾਮ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਬਹੁਤ ਚਿੰਤਾਮਈ ਹਨ। ਪੁਲਸ ਪ੍ਰਸ਼ਾਸਨ ਚੋਰਾਂ ਨਾਲ ਸਖ਼ਤੀ ਨਾਲ ਪੇਸ਼ ਆਵੇ। ਉਨਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ ਲਚਕਾਣੀ ਅਤੇ ਨੇੜੇ ਪਿੰਡਾਂ ਅੰਦਰ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ, ਉਸ ਨੂੰ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ।
ਸ਼ਰਾਬ ਪੀ ਕੇ ਅਤੇ ਜੁੱਤੀਆਂ ਸਮੇਤ ਦਾਖਲ ਹੋਏ ਮੰਦਰ 'ਚ
ਨਕਲੀ ਪੁਲਸ ਬਣ ਕੇ ਧੱਕਾ-ਮੁੱਕੀ ਕੀਤੀ। ਉਨ੍ਹਾਂ ਸ਼ਰਾਬ ਵੀ ਪੀਤੀ ਹੋਈ ਸੀ। ਉਹ ਜੁੱਤੀਆਂ ਸਮੇਤ ਮੰਦਰ ਅੰਦਰ ਗਏ। ਇਸ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਮੰਦਰ ਅਤੇ ਮਹੰਤ ਪ੍ਰਤੀ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ ਵਿਚ ਗੁੱਸੇ ਅਤੇ ਰੋਸ ਦੀ ਲਹਿਰ ਹੈ।
ਪਰਚਾ ਦਰਜ, ਕਾਰਵਾਈ ਸ਼ੁਰੂ : ਡੀ. ਐੈੱਸ. ਪੀ.
ਸਮਾਧਾਂ ਸ਼ਿਵ ਮੰਦਰ ਲਚਕਾਣੀ ਵਿਖੇ ਪਹੁੰਚੇ ਡੀ. ਐੈੱਸ. ਪੀ. ਦਲਵੀਰ ਸਿੰਘ ਗਰੇਵਾਲ ਨੇ ਪਿੰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਚੋਰੀ ਕਰਨ ਵਾਲਿਆਂ ਨੂੰ ਛੇਤੀ ਫੜ ਲਿਆ ਜਾਵੇਗਾ। ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੁੱਝ ਸਬੂਤ ਵੀ ਉਨ੍ਹਾਂ ਦੇ ਹੱਥ ਲੱਗੇ ਹਨ।
ਬਾਦਲਾਂ ਵਾਂਗ ਡੇਰਾ ਮੁਖੀ ਤੇ ਡੇਰਾ ਪ੍ਰੇਮੀਆਂ ਦੇ ਹਿੱਤਾਂ ਦੀ ਪੂਰਤੀ ਕਰ ਰਹੇ ਕੈਪਟਨ: ਦਾਦੂਵਾਲ
NEXT STORY