ਹਮੀਰਪੁਰ (ਭਾਸ਼ਾ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਹਮੀਰਪੁਰ ਜ਼ਿਲ੍ਹੇ 'ਚ ਰੋਡ ਸ਼ੋਅ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਉਤਸ਼ਾਹ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੋਟ ਦੇਣ ਦਾ ਮਨ ਬਣਾ ਲਿਆ ਹੈ। ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਠਾਕੁਰ ਨੇ ਕਿਹਾ ਕਿ ਲੋਕ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਦਰਸ਼ਨ ਤੋਂ ਖੁਸ਼ ਹਨ ਅਤੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ। ਹਮੀਰਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਠਾਕੁਰ ਨੇ ਸਵੇਰੇ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਕੁਲਦੇਵੀ-ਅਵਾਹਦੇਵੀ ਮੰਦਰ ਜਾ ਕੇ ਖੁਦ ਲਈ ਅਤੇ ਪਾਰਟੀ ਲਈ ਆਸ਼ੀਰਵਾਦ ਮੰਗਿਆ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਵੀ ਲਿਆ। ਅਵਾਹਦੇਵੀ ਤੋਂ ਹਮੀਰਪੁਰ ਤੱਕ ਕੱਢੇ ਗਏ ਰੋਡ ਸ਼ੋਅ 'ਚ ਠਾਕੁਰ ਖੁੱਲ੍ਹੀ ਜੀਪ 'ਚ ਸਵਾਰ ਹੋ ਕੇ ਸ਼ਾਮਲ ਹੋਏ।
ਉਨ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ, ਭਾਜਪਾ ਦੀ ਰਾਜ ਇਕਾਈ ਦੇ ਮੁਖੀ ਰਾਜੀਵ ਬਿੰਦਲ ਅਤੇ ਸੁਜਾਨਪੁਰ ਅਤੇ ਬੜਸਰ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਰਾਣਾ ਅਤੇ ਆਈ.ਡੀ. ਲਖਨਪਾਲ ਵੀ ਸਨ। ਉਨ੍ਹਾਂ ਨੇ ਸ਼ਿਵ ਮੰਦਰ 'ਚ ਪੂਜਾ ਵੀ ਕੀਤੀ, ਜਿੱਥੇ ਪਾਰਟੀ ਦੇ ਸੈਂਕੜੇ ਸਥਾਨਕ ਨੇਤਾ ਅਤੇ ਵਰਕਰ ਮੌਜੂਦ ਸਨ। ਸ਼ਹਿਰ 'ਚ ਚਾਰੇ ਪਾਸੇ ਭਾਜਪਾ ਦੇ ਝੰਡੇ, ਬੈਨਰ ਅਤੇ ਹੋਰਡਿੰਗ ਲੱਗੇ ਨਜ਼ਰ ਆ ਰਹੇ ਸਨ। ਰੋਡ ਸ਼ੋਅ 'ਚ ਊਨਾ, ਬਿਲਾਸਪੁਰ, ਮੰਡੀ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਪੁਰਸ਼, ਔਰਤਾਂ ਅਤੇ ਨੌਜਵਾਨ ਵੱਡੀ ਗਿਣਤੀ 'ਚ ਸ਼ਾਮਲ ਹੋਏ। ਇਹ ਰੋਡ ਸ਼ੋਅ ਕਾਂਗਰਸ ਦੇ ਉਮੀਦਵਾਰ ਸਤਪਾਲ ਰਾਏਜ਼ਾਦਾ ਵਲੋਂ ਹਮੀਰਪੁਰ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਇਕ ਦਿਨ ਬਾਅਦ ਆਯੋਜਿਤ ਕੀਤਾ ਗਿਆ। ਅਨੁਰਾਗ ਠਾਕੁਰ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਕਿਹਾ ਕਿ ਉਹ ਇਹ ਦੇਖ ਕੇ ਖੁਸ਼ ਹਨ ਕਿ ਜਨਤਾ ਉਨ੍ਹਾਂ ਦੇ ਪੁੱਤ ਅਤੇ ਭਾਜਪਾ ਨੂੰ ਆਪਣਾ ਸਮਰਥਨ ਦੇ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਰਾਜ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਅਤੇ 6 ਵਿਧਾਨ ਸਭਾ ਸੀਟਾਂ ਜਿੱਤੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਖਿਲਾਫ ਵੀ ਕਈ ਚੋਣਾਂ ਲੜਨ ਨੂੰ ਤਿਆਰ
NEXT STORY