ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਪੁਲਸ ਵਲੋਂ ਪੁਲਸ ਦੀ ਵਰਦੀ ਪਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਗਏ 5 ਮੈਂਬਰੀ ਗਿਰੋਹ ਤੋਂ ਗੱਡੀਆਂ, ਸੋਨਾ, ਮੋਬਾਇਲ ਫੋਨ ਅਤੇ ਹਥਿਆਰ ਬਰਾਮਦ ਕੀਤੇ ਹਨ ਜਿਸ ਤਹਿਤ 5 ਵਿਅਕਤੀ ਗੁਰਿੰਦਰ ਸਿੰਘ ਵਾਸੀ ਭੱਟੀਆਂ, ਅਕਾਸ਼ਦੀਪ ਸਿੰਘ, ਅਮਰਪ੍ਰੀਤ ਸਿੰਘ, ਹਰਦੀਪ ਸਿੰਘ ਲੱਕੀ ਅਤੇ ਹਰਦੀਪ ਸਿੰਘ ਗੁੱਲੂ ਵਾਸੀਆਨ ਮਾਛੀਵਾੜਾ ਨੂੰ ਨਾਮਜ਼ਦ ਕਰ ਲਿਆ ਹੈ। ਅੱਜ ਪੁਲਸ ਜ਼ਿਲਾ ਖੰਨਾ ਦੇ ਐੱਸ.ਪੀ. (ਡੀ) ਸੌਰਵ ਜਿੰਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ.ਐੱਸ.ਪੀ. ਅਵਨੀਤ ਕੌਂਡਲ ਦੇ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਨੂੰ ਕਾਬੂ ਕਰ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਉਪ ਪੁਲਸ ਕਪਤਾਨ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਦੀ ਟੀਮ ਵਲੋਂ ਇਹ ਨਕਲੀ ਵਰਦੀਆਂ ਪਾ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ ਹੈ। ਐੱਸ.ਪੀ. ਜਿੰਦਲ ਨੇ ਦੱਸਿਆ ਕਿ ਇਹ ਗਿਰੋਹ ਦੇ ਨੌਜਵਾਨਾਂ ਨੇ ਮਾਛੀਵਾੜਾ ਨੇੜਲੇ ਪਿੰਡ ਝੜੌਦੀ ਵਿਖੇ ਇਕ ਇਮੀਗ੍ਰੇਸ਼ਨ ਏਜੰਟ ਤੋਂ 2 ਮੋਬਾਇਲ ਤੇ ਉਸਦਾ ਪਰਸ ਖੋਹ ਲਿਆ ਸੀ ਜਿਸ ਵਿਚ ਉਸਦੇ ਬੈਂਕ ਕਾਰਡ ਸਨ।
ਇਹ ਗਿਰੋਹ ਗੱਡੀਆਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਇਸ ਮਾਮਲੇ ਵਿਚ ਪਰਚਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਇਨ੍ਹਾਂ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਡੂੰਘਾਈ ਦੌਰਾਨ ਕੀਤੀ ਪੁੱਛਗਿੱਛ ਵਿਚ ਉਨ੍ਹਾਂ ਮੰਨਿਆ ਕਿ ਉਨ੍ਹਾਂ ਮਾਛੀਵਾੜਾ, ਸਮਰਾਲਾ ਤੇ ਹੋਰ ਆਸ-ਪਾਸ ਦੇ 10 ਤੋਂ ਵੱਧ ਇਲਾਕਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਨ੍ਹਾਂ ਕੋਲੋਂ ਲੋਕਾਂ ਤੋਂ ਲੁੱਟਿਆ ਗਿਆ ਸਮਾਨ ਜਿਸ ਵਿਚ 15 ਗ੍ਰਾਮ ਸੋਨਾ, 6 ਮੋਬਾਇਲ, ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਹਥਿਆਰ ਸਮੇਤ 3 ਗੱਡੀਆਂ ਬਰਾਮਦ ਕੀਤੀਆਂ ਜਿਨ੍ਹਾਂ ’ਤੇ ਜਾਅਲੀ ਨੰਬਰ ਲਗਾ ਲੁੱਟਾਂ-ਖੋਹਾਂ ਕਰਦੇ ਸਨ। ਪੁਲਸ ਵਲੋਂ ਇਨ੍ਹਾਂ ਤੋਂ ਵਰਦੀਆਂ ਵੀ ਬਰਾਮਦ ਕੀਤੀਆਂ। ਐੱਸ.ਪੀ. ਸੌਰਵ ਜਿੰਦਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੁਰਿੰਦਰ ਸਿੰਘ, ਅਕਾਸ਼ਦੀਪ ਸਿੰਘ, ਅਮਰਪ੍ਰੀਤ ਸਿੰਘ ਲੋਕਾਂ ਤੋਂ ਲੁੱਟਿਆ ਗਿਆ ਸਮਾਨ ਹਰਦੀਪ ਸਿੰਘ ਗੁੱਲੂ ਨੂੰ ਵੇਚਦੇ ਸਨ ਜੋ ਉਨ੍ਹਾਂ ਨੂੰ ਇਸ ਬਦਲੇ ਨਸ਼ਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ’ਤੇ ਲਿਆਂਦਾ ਗਿਆ ਹੈ ਅਤੇ ਹੋਰ ਵੀ ਪੁੱਛਗਿੱਛ ਜਾਰੀ ਹੈ।
ICSE Result : ਟ੍ਰਾਈਸਿਟੀ ’ਚ 10ਵੀਂ ’ਚ 2 ਅਤੇ 12 ਵੀਂ ’ਚ 4 ਵਿਦਿਆਰਥੀ ਰਹੇ ਟਾਪਰ
NEXT STORY