ਜਲੰਧਰ(ਰਵਿੰਦਰ ਸ਼ਰਮਾ)-ਆਈ. ਪੀ. ਐੱਲ. ਸ਼ੁਰੂ ਹੁੰਦਿਆਂ ਹੀ ਸ਼ਹਿਰ ਵਿਚ ਬੁੱਕੀਆਂ ਦੀ ਬਹਾਰ ਆ ਜਾਂਦੀ ਹੈ। ਸ਼ਹਿਰ ਵਿਚ ਚਾਰੇ ਪਾਸੇ ਬੁੱਕੀਆਂ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ। ਬੁਕੀਜ਼ ਦੀਆਂ ਹਜ਼ਾਰਾਂ ਲਾਈਨਾਂ ਮੈਚ ਸ਼ੁਰੂ ਹੁੰਦਿਆਂ ਹੀ ਆਨਲਾਈਨ ਹੋ ਜਾਂਦੀਆਂ ਹਨ ਅਤੇ ਹਰੇਕ ਬਾਲ 'ਤੇ ਸੱਟੇ ਦਾ ਬਾਜ਼ਾਰ ਗਰਮ ਹੋਣ ਲੱਗਦਾ ਹੈ। ਇਨ੍ਹਾਂ ਬੁਕੀਜ਼ ਕੋਲ ਸ਼ਹਿਰ ਦੇ ਵੱਡੇ-ਵੱਡੇ ਸਫੈਦਪੋਸ਼ ਨਾ ਸਿਰਫ ਸੱਟਾ ਖੇਡਦੇ ਹਨ, ਸਗੋਂ ਕਈ ਸਫੈਦਪੋਸ਼ਾਂ ਦੀ ਤਾਂ ਬੁਕੀਜ਼ ਦੇ ਨਾਲ ਭਾਈਵਾਲੀ ਵੀ ਹੈ। ਮਖਦੂਮਪੁਰਾ ਵਿਚ ਗ੍ਰਿਫਤਾਰ ਕੀਤੇ ਗਏ ਬੁਕੀਜ਼ ਦੇ ਜ਼ਰੀਏ ਪੁਲਸ ਇਸ ਖੇਡ ਨਾਲ ਜੁੜੀਆਂ ਵੱਡੀਆਂ ਮੱਛੀਆਂ ਤੱਕ ਪਹੁੰਚਣ ਵਿਚ ਕਾਮਯਾਬ ਹੋ ਸਕਦੀ ਹੈ ਪਰ ਪੁਲਸ ਦੀ ਕਮਜ਼ੋਰ ਪ੍ਰੋਸੀਕਿਊਸ਼ਨ ਕਹੀਏ ਜਾਂ ਫਿਰ ਬੁੱਕੀਆਂ ਦੀ ਉੱਚੀ ਪਹੁੰਚ ਕਿ ਅਦਾਲਤ ਤੋਂ ਪੁਲਸ ਨੂੰ ਗ੍ਰਿਫਤਾਰ ਬੁੱਕੀਆਂ ਦਾ ਰਿਮਾਂਡ ਤੱਕ ਨਹੀਂ ਮਿਲਿਆ। ਰਿਮਾਂਡ ਨਾ ਮਿਲਣ ਕਾਰਨ ਸ਼ਾਇਦ ਪੁਲਸ ਦੇ ਹੱਥ ਹੁਣ ਇਨ੍ਹਾਂ ਮੱਛੀਆਂ ਤੱਕ ਨਾ ਪਹੁੰਚ ਸਕਣ। ਭਾਵੇਂ ਪੂਰੇ ਕੇਸ ਵਿਚ ਲਾਈ ਧਾਰਾ 420 ਪੁਲਸ ਅਦਾਲਤ ਵਿਚ ਸਪੱਸ਼ਟ ਨਹੀਂ ਕਰ ਸਕੀ, ਜਿਸ ਦਾ ਫਾਇਦਾ ਮੁਲਜ਼ਮਾਂ ਨੂੰ ਅਦਾਲਤ ਵਿਚ ਮਿਲਿਆ।ਪੁਲਸ ਨੇ ਸੋਮਵਾਰ ਰਾਤ ਮਖਦੂਮਪੁਰਾ ਵਿਚ ਛਾਪਾ ਮਾਰ ਕੇ ਇਕ ਹੀ ਸਮੇਂ ਚੱਲ ਰਹੀਆਂ 8 ਲਾਈਨਾਂ ਦਾ ਪਰਦਾਫਾਸ਼ ਕੀਤਾ ਸੀ। ਮੌਕੇ ਤੋਂ ਹੀ ਪੁਲਸ ਨੇ ਇਨ੍ਹਾਂ ਲਾਈਨਾਂ ਤੋਂ ਇਲਾਵਾ 27 ਹੋਰ ਮੋਬਾਇਲ, ਇਕ ਲੈਪਟਾਪ, 2 ਹੁੱਕੇ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਸੀ। ਪੁਲਸ ਖੁਦ ਮੰਨ ਰਹੀ ਹੈ ਕਿ ਗ੍ਰਿਫਤਾਰ 6 ਮੁਲਜ਼ਮ ਇਸ ਸੱਟੇ ਦੀ ਖੇਡ ਦੇ ਸਿਰਫ ਪਿਆਦੇ ਹਨ। ਜਲੰਧਰ ਵਿਚ ਸੱਟੇ ਦੇ ਕਿੰਗ-ਪਿਨ ਤਾਂ ਪਰਦੇ ਦੇ ਪਿਛਿਓਂ ਸਾਰੀ ਖੇਡ ਚਲਾ ਰਹੇ ਹਨ।
ਇਨ੍ਹਾਂ ਕਿੰਗ-ਪਿਨਾਂ ਤੱਕ ਪਹੁੰਚਣ ਲਈ ਪੁਲਸ ਮੌਕੇ ਤੋਂ ਬਰਾਮਦ ਲੈਪਟਾਪ ਅਤੇ ਮੋਬਾਇਲ ਦੇ ਜ਼ਰੀਏ ਜਾਲ ਵਿਛਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਈ. ਟੀ. ਐਕਸਪਰਟ ਦੇ ਜ਼ਰੀਏ ਪੁਲਸ ਲੈਪਟਾਪ ਵਿਚ ਲੁਕੇ ਰਾਜ਼ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਵਿਚ ਜੁਟ ਗਈ ਹੈ ਪਰ ਪੁਲਸ ਦੀ ਅਗਲੀ ਜਾਂਚ ਨੂੰ ਮੁਲਜ਼ਮਾਂ ਦਾ ਰਿਮਾਂਡ ਨਾ ਮਿਲਣ ਕਾਰਨ ਝਟਕਾ ਲੱਗਾ ਹੈ। ਰਿਮਾਂਡ ਨਾ ਮਿਲਣ ਕਾਰਨ ਪੁਲਸ ਪੂਰੀ ਖੇਡ ਦੇ ਕਿੰਗ ਪਿਨ ਤੱਕ ਪਹੁੰਚਣ ਵਿਚ ਫੇਲ ਰਹਿ ਸਕਦੀ ਹੈ ਅਤੇ ਕੁਝ ਦਿਨਾਂ ਦੇ ਰੌਲੇ-ਰੱਪੇ ਤੋਂ ਬਾਅਦ ਪੂਰੀ ਖੇਡ ਦੱਬ ਸਕਦੀ ਹੈ।
ਭਾਵੇਂ ਏ. ਡੀ. ਸੀ. ਪੀ. ਸਿਟੀ-1 ਮਨਦੀਪ ਦਾ ਕਹਿਣਾ ਹੈ ਕਿ ਪੁਲਸ ਨੇ ਗ੍ਰਿਫਤਾਰ ਮੁਲਜ਼ਮਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਨਹੀਂ ਦਿੱਤਾ। ਗ੍ਰਿਫਤਾਰ ਬੁਕੀਜ਼ ਦੀ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੂਰਾ ਦਿਨ ਅਧਿਕਾਰੀਆਂ ਦੇ ਮੋਬਾਇਲ 'ਤੇ ਨਾ ਸਿਰਫ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ, ਸਗੋਂ ਥਾਣਾ ਨੰ. 4 ਪੂਰਾ ਦਿਨ ਕਈ ਵੱਡੀਆਂ ਸਿਆਸੀ ਅਤੇ ਸਮਾਜਿਕ ਹਸਤੀਆਂ ਦਾ ਗਵਾਹ ਵੀ ਬਣਿਆ ਰਿਹਾ।
ਬਰਾਮਦ ਡਾਇਰੀ ਖੋਲ੍ਹ ਸਕਦੀ ਹੈ ਕਈ ਡੂੰਘੇ ਰਾਜ਼
ਛਾਪੇਮਾਰੀ ਦੌਰਾਨ ਪੁਲਸ ਦੇ ਹੱਥ ਪੂਰੀ ਖੇਡ ਨਾਲ ਜੁੜੀ ਇਕ ਅਹਿਮ ਡਾਇਰੀ ਲੱਗੀ ਹੈ। ਭਾਵੇਂ ਪੁਲਸ ਅਜੇ ਇਸ ਡਾਇਰੀ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਬੁਕੀਜ਼ ਵੱਲੋਂ ਇਸ ਡਾਇਰੀ ਵਿਚ ਨਾ ਸਿਰਫ ਪੂਰਾ ਹਿਸਾਬ-ਕਿਤਾਬ ਰੱਖਿਆ ਜਾਂਦਾ ਸੀ, ਸਗੋਂ ਸੱਟਾ ਲਾਉਣ ਵਾਲਿਆਂ ਦੇ ਨਾਂ ਅਤੇ ਫੋਨ ਨੰਬਰ ਵੀ ਇਸ ਡਾਇਰੀ ਵਿਚ ਹਨ। ਇਹ ਸਪੈਸ਼ਲ ਡਾਇਰੀ ਆਉਣ ਵਾਲੇ ਦਿਨਾਂ ਵਿਚ ਕਈ ਡੂੰਘੇ ਰਾਜ਼ ਖੋਲ੍ਹ ਸਕਦੀ ਹੈ ਤੇ ਸ਼ਹਿਰ ਦੇ ਕਈ ਸਫੈਦਪੋਸ਼ ਇਸ ਨਾਲ ਬੇਨਕਾਬ ਹੋ ਸਕਦੇ ਹਨ।
ਦੇਰ ਰਾਤ ਤੱਕ ਠੇਕਿਆਂ 'ਤੇ ਵਿਕਦੀ ਸ਼ਰਾਬ
NEXT STORY