ਜਲੰਧਰ(ਬੁਲੰਦ)-ਹਰ ਮਾਮਲੇ 'ਚ ਪੁਲਸ ਅਤੇ ਜਨਤਾ ਆਪਸ ਵਿਚ ਵਿਰੋਧੀ ਤੌਰ 'ਤੇ ਦਿਖਾਈ ਦਿੰਦੀ ਹੈ ਪਰ ਜਦੋਂ ਗੱਲ ਸ਼ਰਾਬ 'ਤੇ ਆਉਂਦੀ ਹੈ ਤਾਂ ਦੋਵੇਂ ਹਮ-ਪਿਆਲਾ ਹੁੰਦੇ ਦਿਖਾਈ ਦਿੰਦੇ ਹਨ। ਇਹ ਹਾਲ ਸ਼ਹਿਰ ਦੇ ਕਈ ਸ਼ਰਾਬ ਦੇ ਠੇਕਿਆਂ 'ਤੇ ਦਿਖਾਈ ਦਿੰਦਾ ਹੈ, ਜਿਥੇ ਵਰਦੀਧਾਰੀ ਪੁਲਸ ਕਰਮਚਾਰੀ ਅਤੇ ਆਮ ਜਨਤਾ ਇਕ ਹੀ ਸਮੇਂ ਸ਼ਰਾਬ ਦਾ ਮਜ਼ਾ ਲੁੱਟਦੇ ਦਿਖਾਈ ਦਿੰਦੇ ਹਨ ਪਰ ਹੱਦ ਉਦੋਂ ਹੋ ਜਾਂਦੀ ਹੈ, ਜਦੋਂ ਸ਼ਰਾਬ ਦੇ ਠੇਕੇ ਬੰਦ ਹੋਣ ਦੀ ਸਮਾਂ ਹੱਦ ਤੋਂ ਬਾਅਦ ਵੀ ਸ਼ਟਰ ਕੱਟ ਕੇ ਬਣਾਏ ਰਸਤੇ ਰਾਹੀਂ ਦੇਰ ਰਾਤ ਤੱਕ ਸ਼ਰਾਬ ਦੀ ਵਿਕਰੀ ਹੁੰਦੀ ਹੈ ਅਤੇ ਸ਼ਰਾਬ ਖਰੀਦਣ ਵਾਲੇ ਕੋਈ ਹੋਰ ਨਹੀਂ, ਪੁਲਸ ਕਰਮਚਾਰੀ ਵੀ ਹੁੰਦੇ ਹਨ। ਜਾਣਕਾਰਾਂ ਦੀ ਮੰਨੀਏ ਤਾਂ ਕਾਨੂੰਨੀ ਤੌਰ 'ਤੇ ਸ਼ਰਾਬ ਦੇ ਠੇਕੇ ਰਾਤ 11 ਵਜੇ ਤੱਕ ਹੀ ਖੁੱਲ੍ਹੇ ਰਹਿ ਸਕਦੇ ਹਨ ਪਰ ਰਾਤ 12-1 ਵਜੇ ਤੱਕ ਕਈ ਠੇਕਿਆਂ ਵਾਲੇ ਸ਼ਰਾਬ ਵੇਚਦੇ ਰਹਿੰਦੇ ਹਨ, ਜੋ ਕਾਨੂੰਨ ਦੀ ਉਲੰਘਣਾ ਹੈ। ਅਜਿਹੀ ਹੀ ਘਟਨਾ ਸਾਡੀ ਟੀਮ ਨੇ ਆਪਣੇ ਕੈਮਰੇ 'ਚ ਕੈਦ ਕਰ ਲਈ।
ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ : ਐਡ. ਸਚਦੇਵਾ
ਮਾਮਲੇ ਬਾਰੇ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਦਾ ਕਹਿਣਾ ਹੈ ਕਿ ਪੁਲਸ ਦਾ ਕੰਮ ਗੈਰ-ਕਾਨੂੰਨੀ ਕੰਮਾਂ ਨੂੰ ਰੋਕਣਾ ਹੈ ਪਰ ਪੁਲਸ ਕਰਮਚਾਰੀ ਦੇਰ ਰਾਤ ਨਾਜਾਇਜ਼ ਤੌਰ 'ਤੇ ਸ਼ਰਾਬ ਖਰੀਦਣਗੇ ਤਾਂ ਕਾਨੂੰਨ ਲਾਗੂ ਕੌਣ ਕਰੇਗਾ? ਉਨ੍ਹਾਂ ਕਿਹਾ ਕਿ ਦੇਰ ਰਾਤ ਤੱਕ ਸ਼ਰਾਬ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੋਵਾਂ 'ਤੇ ਕੇਸ ਦਰਜ ਹੋਣੇ ਚਾਹੀਦੇ ਹਨ।
ਲਾਅ ਐਂਡ ਆਰਡਰ ਦੀ ਉਲੰਘਣਾ : ਹਰਮਿੰਦਰ ਸਿੰਘ
ਮਾਮਲੇ ਬਾਰੇ ਹਰਮਿੰਦਰ ਸਿੰਘ ਡਿਪਟੀ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਸ਼ਰਾਬ ਦੇ ਠੇਕਿਆਂ 'ਤੇ ਸ਼ਰਾਬ ਵੇਚਣਾ ਗੈਰ-ਕਾਨੂੰਨੀ ਹੈ ਅਤੇ ਇਸ ਨਾਲ ਲਾਅ ਐਂਡ ਆਰਡਰ 'ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਰਾਤ 10 ਵਜੇ ਤੋਂ ਬਾਅਦ ਖੁੱਲ੍ਹਣੇ ਨਹੀਂ ਚਾਹੀਦੇ।
ਕੱਪੜਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਉਡਾਇਆ ਲੱਖਾਂ ਦਾ ਸਾਮਾਨ
NEXT STORY