ਰਾਏਕੋਟ(ਭੱਲਾ)-ਸਥਾਨਕ ਪੁਲਸ ਕੋਲ ਇਨਸਾਫ ਲੈਣ ਦੀ ਆਸ ਵਿਚ ਆਈ ਇਕ ਵਿਧਵਾ ਨੇ ਪੁਲਸ 'ਤੇ ਹੀ ਉਸ ਨਾਲ ਅਤੇ ਉਸ ਦੇ ਲੜਕੇ ਅਤੇ ਭਤੀਜੇ 'ਤੇ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ। ਸਥਾਨਕ ਸਿਵਲ ਹਸਪਤਾਲ ਵਿਚ ਆਪਣੇ ਬਜ਼ੁਰਗ ਸਹੁਰੇ ਅਤੇ ਲੜਕੇ ਦੀ ਦੇਖਭਾਲ ਕਰ ਰਹੀ ਵਿਧਵਾ ਰੁਪਿੰਦਰ ਕੌਰ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਤੀ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਪਿੰਡ ਮਹੇਰਨਾਂ ਕਲਾਂ ਵਿਖੇ ਆਪਣੇ ਸਹੁਰੇ ਅਤੇ ਲੜਕੇ ਨਾਲ ਰਹਿੰਦੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਚਰਨ ਸਿੰਘ ਅਤੇ ਦਵਿੰਦਰ ਸਿੰਘ ਨਾਲ ਜ਼ਮੀਨੀ ਝਗੜਾ ਚੱਲਦਾ ਹੈ, ਜਿਸ ਸੰਬੰਧੀ ਬੀਤੇ ਦਿਨੀਂ ਹੋਏ ਇਕ ਝਗੜੇ ਵਿਚ ਉਸ ਦੇ ਅਤੇ ਸਹੁਰੇ ਭਗਵੰਤ ਸਿੰਘ ਦੇ ਸੱਟਾਂ ਲੱਗੀਆਂ ਸਨ ਅਤੇ ਉਹ ਇਸ ਸਮੇਂ ਰਾਏਕੋਟ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਹਸਪਤਾਲ ਵਲੋਂ ਜਾਰੀ ਕੀਤੀ ਗਈ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰਵਾਉਣ ਲਈ ਉਸ ਵਲੋਂ ਪੁਲਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਕੋਈ ਵੀ ਪੁਲਸ ਅਧਿਕਾਰੀ ਜਾਂ ਮੁਲਾਜ਼ਮ ਬਿਆਨ ਲੈਣ ਲਈ ਹਸਪਤਾਲ ਨਾ ਪੁੱਜਾ, ਜਦ ਉਨ੍ਹਾਂ ਨੇ ਇਹ ਮਾਮਲਾ ਪੁਲਸ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਬੀਤੀ ਸ਼ਾਮ ਲੋਹਟਬੱਦੀ ਪੁਲਸ ਚੌਕੀ ਦੇ ਇੰਚਾਰਜ ਪਿਆਰਾ ਸਿੰਘ ਜਿਸ ਦੇ ਨਾਲ ਪੁਲਸ ਮੁਲਾਜ਼ਮ ਸ਼ਿੰਦਾ, ਇਕ ਲੇਡੀ ਕਾਂਸਟੇਬਲ ਤੇ ਹੋਰ ਮੁਲਾਜ਼ਮ ਵੀ ਮੌਜੂਦ ਸਨ, ਜਦ ਬਿਆਨ ਲਿਖਣ ਦੀ ਕਾਰਵਾਈ ਕਰ ਰਹੇ ਸਨ ਤਾਂ ਅਚਾਨਕ ਕਿਸੇ ਗੱਲ ਤੋਂ ਉਹ ਭੜਕ ਗਏ ਅਤੇ ਮੇਰੇ ਅਤੇ ਮੇਰੇ ਨਾਬਾਲਗ ਲੜਕੇ ਅਰਸ਼ਦੀਪ ਸਿੰਘ ਅਤੇ ਭਤੀਜੇ ਜਸਪਾਲ ਸਿੰਘ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਅਸੀਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਸਾਡੀ ਤਿੰਨਾਂ ਦੀ ਹਸਪਤਾਲ ਵਿਚ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਰ ਰਾਤ ਤਕ ਨਾਜਾਇਜ਼ ਹਿਰਾਸਤ ਵਿਚ ਰੱਖਿਆ ਅਤ ਕੁਝ ਖਾਲੀ ਕਾਗਜ਼ਾਂ 'ਤੇ ਸਾਡੇ ਦਸਤਖਤ ਕਰਵਾਉਣ ਉਪਰੰਤ ਉਹ ਸਾਨੂੰ ਫਿਰ ਹਸਪਤਾਲ ਛੱਡ ਗਏ। ਉਨ੍ਹਾਂ ਪੁਲਸ ਦੇ ਉਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿਣੈ ਚੌਕੀ ਇੰਚਾਰਜ ਦਾ?
ਇਸ ਮਾਮਲੇ ਸੰਬੰਧੀ ਜਦ ਚੌਕੀ ਇੰਚਾਰਜ ਪਿਆਰਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਿਧਵਾ ਔਰਤ ਵਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਬੀਤੀ ਸ਼ਾਮ ਜਦ ਉਹ ਹਸਪਤਾਲ ਵਿਚ ਬਿਆਨ ਲੈ ਰਹੇ ਸਨ ਤਾਂ ਉਥੇ ਮੌਜੂਦ ਲੜਕੇ ਵਲੋਂ ਮੋਬਾਇਲ ਨਾਲ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਦ ਉਸ ਨੂੰ ਅਸੀਂ ਵਰਜਿਆ ਤਾਂ ਉਹ ਸਾਡੇ ਗਲ ਪੈ ਗਏ ਅਤੇ ਸਾਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਬਾਰੇ ਅਸੀਂ ਥਾਣਾ ਸਦਰ ਨੂੰ ਸੂਚਿਤ ਕੀਤਾ ਅਤੇ ਥਾਣਾ ਮੁਖੀ ਦੇ ਕਹਿਣ 'ਤੇ ਅਸੀਂ ਉਨ੍ਹਾਂ ਨੂੰ ਥਾਣੇ ਲੈ ਕੇ ਆ ਗਏ।
ਕੀ ਕਹਿਣੈ ਐੱਸ. ਐੱਸ. ਪੀ. ਦਾ?
ਇਸ ਮਾਮਲੇ ਸੰਬੰਧੀ ਜਦ ਜ਼ਿਲਾ ਪੁਲਸ ਮੁਖੀ ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਨੂੰ ਸੌਂਪੀ ਗਈ ਹੈ ਅਤੇ ਜਾਂਚ ਰਿਪੋਰਟ ਆਉੁਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
76,106 ਰੁਪਏ ਦੇ ਫੰਡਾਂ ਦਾ ਘਪਲਾ ਕਰਨ ਦੇ ਦੋਸ਼ 'ਚ ਸਰਪੰਚ ਸਸਪੈਂਡ
NEXT STORY