ਸੁਲਤਾਨਪੁਰ ਲੋਧੀ (ਧੀਰ)-ਅਰਬਨ ਅਸਟੇਟ (ਪੁਡਾ ਕਾਲੋਨੀ) ਵਿਖੇ ਕੋਠੀ ਦੇ ਵਿਚ ਰਹਿ ਰਹੀ ਜਸਵੀਰ ਕੌਰ ਦੇ ਸ਼ੱਕੀ ਹਾਲਾਤ ’ਚ ਹੋਏ ਕਤਲ ਨੂੰ ਲੈ ਕੇ ਸਥਾਨਕ ਲੋਕਾਂ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਕਤਲ ਹੋਏ ਨੂੰ 24 ਘੰਟੇ ਬੀਤ ਚੁੱਕੇ ਹਨ ਪਰ ਪੁਲਸ ਦੇ ਹੱਥ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਾ। ਸ਼ੁੱਕਰਵਾਰ ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਲਜਮ ਦੀ ਭਾਲ ਦੇ ਵਿਚ ਛਾਪੇਮਾਰੀ ਕਰਦੀਆਂ ਰਹੀਆਂ। ਸਥਾਨਕ ਲੋਕ ਇਹ ਸੋਚਣ ਨੂੰ ਮਜਬੂਰ ਹਨ ਕਿ ਆਖਿਰ ਜਸਵੀਰ ਕੌਰ ਦਾ ਕਤਲ ਕਿਸ ਨੇ ਅਤੇ ਕਿਉਂ ਕੀਤਾ? ਲੋਕਾਂ ਨੂੰ ਤਾਂ ਆਪਣਾ ਡਰ ਸਤਾਉਣ ਲੱਗ ਪਿਆ ਹੈ ਕਿ ਕੋਈ ਸ਼ਰੇਆਮ ਘਰ ਆ ਕੇ ਕਤਲ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਕਿਵੇਂ ਦੇ ਸਕਦਾ ਹੈ। ਦੱਸ ਦੇਈਏ ਕਿ ਜਸਵੀਰ ਕੌਰ ਦੇ ਕਤਲ ਦੇ ਦੋਸ਼ ਵੀ ਉਸ ਦੇ ਜਵਾਈ ’ਤੇ ਹੀ ਲੱਗ ਰਹੇ ਹਨ ਕਿਉਂਕਿ ਵੀਰਵਾਰ ਸਾਮ 6 ਵਜੇ ਦੇ ਕਰੀਬ ਮ੍ਰਿਤਕਾ ਦੇ ਜਵਾਈ ਬਲਵਿੰਦਰ ਸਿੰਘ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ, ਜਿਸ ’ਚ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਕਹਿ ਰਿਹਾ ਸੀ। ਵੀਡੀਓ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਦੇ ਘਰ ਜਾ ਕੇ ਚੈਕਿੰਗ ਪਰ ਉਹ ਉੱਥੇ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਸ ਨੇ ਫੋਨ ਦੀ ਲੋਕੇਸ਼ਨ ਦੇ ਆਧਾਰ ’ਤੇ ਉਸ ਦੀ ਸੱਸ ਦੀ ਕੋਠੀ ਅਰਬਨ ਅਸਟੇਟ ਸੁਲਤਾਨਪੁਰ ਲੋਧੀ ਪੁੱਡਾ ਕਾਲੋਨੀ ਦੀ ਮਿਲੀ ਸੀ, ਜਿੱਥੇ ਸੱਸ ਜਸਵੀਰ ਕੌਰ ਮ੍ਰਿਤਕ ਮਿਲੀ ਪਰ ਜਵਾਈ ਬਲਵਿੰਦਰ ਸਿੰਘ ਪੁਲਸ ਨੂੰ ਨਹੀਂ ਮਿਲਿਆ। ਉਧਰ, ਪੁਲਸ ਮੁਲਜਮ ਦੀ ਭਾਲ ਦੇ ਵਿਚ ਲੱਗੀ ਹੋਈ ਹੈ। ਪੁਲਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜਮ ਨੂੰ ਕਿਸੇ ਵੀ ਕਿਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ - ਡਿਜੀਟਲ ਹੋਣ ਦੀ ਉਡੀਕ 'ਚ 'ਪੰਜਾਬ ਵਿਧਾਨ ਸਭਾ', ਚੌਥੀ ਵਾਰ ਵੀ ਟੈਂਡਰ ਹੋਇਆ ਰੱਦ
ਇਹ ਵੀ ਹੈ ਹੈਰਾਨੀ ਵਾਲੀ ਗੱਲ
ਹੁਣ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਮ੍ਰਿਤਕਾ ਦਾ ਜਵਾਈ ਬਲਵਿੰਦਰ ਸਿੰਘ ਯੂ. ਐੱਸ. ਏ. ਜਾਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਯੂ. ਐੱਸ. ਏ. ਆਪਣੇ ਬੱਚਿਆਂ ਨਾਲ ਰਹਿ ਰਹੀ ਹੈ। ਇਸੇ ਦੌਰਾਨ ਇਕ ਵੀਡੀਓ ਵਾਈਰਲ ਕਰ ਕੇ ਬਲਵਿੰਦਰ ਸਿੰਘ ਆਤਮ ਹੱਤਿਆ ਕਰਨ ਬਾਰੇ ਕਹਿ ਰਿਹਾ ਹੈ, ਜਦੋਂ ਪੁਲਸ ਉਸਦੀ ਭਾਲ ਕਰਦੀ ਹੈ ਤਾਂ ਪੁਲਸ ਨੂੰ ਬਲਵਿੰਦਰ ਸਿੰਘ ਦੀ ਸੱਸ ਦਾ ਕਤਲ ਹੋਇਆ ਮਿਲਦਾ ਹੈ। ਇਹ ਮਾਮਲਾ ਹਾਲੇ ਤਕ ਬੁਝਾਰਤ ਹੀ ਬਣਿਆ ਹੋਇਆ ਹੈ।
ਰਿਸ਼ਤੇਦਾਰਾਂ ਨੇ ਪੁਲਸ ਪ੍ਰਸਾਸਨ ਤੋਂ ਇਨਸਾਫ਼ ਦੀ ਕੀਤੀ ਮੰਗ
ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸਵੀਰ ਕੌਰ (52) ਪਤਨੀ ਨਿਰਵੈਲ ਸਿੰਘ ਜੋ ਅਰਬਨ ਅਸਟੇਟ ਸੁਲਤਾਨਪੁਰ ਲੋਧੀ ਪੁੱਡਾ ਕਾਲੋਨੀ ਵਿਖੇ ਇਕ ਕੋਠੀ ਦੇ ਵਿਚ ਇਕੱਲੀ ਰਹਿੰਦੀ ਸੀ। ਜਸਵੀਰ ਕੌਰ ਦਾ ਲੜਕਾ ਅਮਰੀਕਾ ’ਚ ਕਾਫ਼ੀ ਲੰਬੇ ਸਮੇਂ ਤੋਂ ਰਿਹਾ ਹੈ ਤੇ ਉਨ੍ਹਾਂ ਦੇ ਲਡ਼ਕੀ ਯੂ. ਐੱਸ. ਏ. ਵਿਚ ਆਪਣੇ ਬੱਚਿਆਂ ਨਾਲ ਰਹਿੰਦੀ ਹੈ, ਜਿਨ੍ਹਾਂ ਨੂੰ ਕਤਲ ਦੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਪੁਲਸ ਪ੍ਰਸਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਜਸਬੀਰ ਕੌਰ ਦੇ ਕਾਤਲ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਪੁਲਸ ਵੱਲੋਂ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਜਾਰੀ : ਡੀ. ਐੱਸ. ਪੀ.
ਇਸ ਸਬੰਧੀ ਜਦੋਂ ਡੀ. ਐੱਸ. ਪੀ. ਬਬਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਆਲੇ-ਦੁਆਲੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਜਵਾਈ ਦਾ ਮੋਬਾਇਲ ਸਵਿੱਚ ਆਫ਼ ਆ ਰਿਹਾ ਹੈ। ਕਤਲ ਦੇ ਸ਼ੱਕ ਦੀ ਸਾਰੀ ਸੂਈ ਉਸ ਦੇ ਆਲੇ-ਦੁਆਲੇ ਹੀ ਘੰਮ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਿਤੇ ਵਿਦੇਸ਼ ਜਾਣ ਦੀ ਲਾਲਸਾ ਤਾਂ ਨਹੀਂ ਕਤਲ ਦਾ ਮੁੱਖ ਕਾਰਨ!
ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕਿਤੇ ਬਲਵਿੰਦਰ ਸਿੰਘ ਦੀ ਵਿਦੇਸ਼ ਜਾਣ ਦੀ ਲਾਲਸਾ ਤਾਂ ਨਹੀਂ ਹੈ ਕਤਲ ਦਾ ਮੁੱਖ ਕਾਰਨ! ਪਰਿਵਾਰਕ ਸੂਤਰਾਂ ਮੁਤਾਬਕ ਬਲਵਿੰਦਰ ਸਿੰਘ ਵਿਦੇਸ਼ ਜਾਣ ਦਾ ਚਾਹਵਾਨ ਸੀ। ਪੰਜਾਬ ਦੇ ਵਿਚ ਕੋਈ ਕੰਮਕਾਰ ਨਾ ਮਿਲਣ ’ਤੇ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਜਦੋਂ ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਕਿਸੇ ਕਾਰਨਾਂ ਕਰ ਕੇ ਉਥੋ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਬਲਵਿੰਦਰ ਸਿੰਘ ਕਤਲ ਵਾਲੇ ਦਿਨ ਤੋਂ ਹੀ ਲਾਪਤਾ ਚੱਲ ਰਿਹਾ ਹੈ ਪਰ ਕਤਲ ਦਾ ਅਸਲ ਖ਼ੁਲਾਸਾ ਪੁਲਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ, ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਗ੍ਰੰਥੀ ਸਿੰਘ ’ਤੇ ਕੀਤਾ ਹਮਲਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਚੰਡੀਗੜ੍ਹ 'ਚ ਹਥਿਆਰ ਤੇ ਸ਼ਸਤਰ ਰੱਖਣ 'ਤੇ ਰੋਕ, DC ਨੇ ਜਾਰੀ ਕਰ ਦਿੱਤੇ ਹੁਕਮ
NEXT STORY