ਮੋਹਾਲੀ (ਰਾਣਾ) - ਪੰਜਾਬ ਸਰਕਾਰ ਵਲੋਂ ਨਸ਼ਾ ਸਮੱਗਲਰਾਂ 'ਤੇ ਲਗਾਮ ਲਾਉਣ ਲਈ ਐੱਸ. ਟੀ. ਐੱਫ. ਨੂੰ ਇਸਦੀ ਕਮਾਨ ਦਿੱਤੀ ਗਈ ਹੈ, ਜਿਸ 'ਤੇ ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਨਸ਼ਾ ਸਮੱਗਲਰਾਂ ਤੇ ਪੁਲਸ ਕਰਮਾਚਾਰੀਆਂ ਵਿਚ ਬਣੇ ਆਪਸੀ ਤਾਲਮੇਲ ਨੂੰ ਤੋੜ ਦਿੱਤਾ ਹੈ । ਇਸੇ ਤਹਿਤ ਐੱਸ. ਟੀ. ਐੱਫ. ਯੂਨਿਟ ਮੋਹਾਲੀ ਨੇ ਐੱਸ. ਪੀ. ਹਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਿਚ ਇਟੈਲੀਜੈਂਸ ਦੇ ਸਬ-ਇੰਸਪੈਕਟਰ ਸਮੇਤ 4 ਪੁਲਸ ਵਾਲਿਆਂ ਤੇ 3 ਪ੍ਰਾਈਵੇਟ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 5 ਗ੍ਰਿਫਤਾਰ ਕਰ ਲਏ ਗਏ ਹਨ, ਜਦਕਿ 2 ਫਰਾਰ ਹਨ। ਇਨ੍ਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਨਾਕੇ ਦੌਰਾਨ ਨਸ਼ਾ ਸਮੱਗਲਰਾਂ ਨੂੰ ਕੱਢਣ ਲਈ ਉਨ੍ਹਾਂ ਤੋਂ 8 ਲੱਖ ਦੀ ਨਕਦੀ ਤੇ 300 ਗ੍ਰਾਮ ਹੈਰੋਇਨ ਲਈ ਸੀ । ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 7 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ । ਮੁਲਜ਼ਮਾਂ ਦੀ ਪਛਾਣ ਸਬ-ਇੰਸਪੈਕਟਰ ਸੁਸ਼ੀਲ ਕੁਮਾਰ ਇੰਟੈਲੀਜੈਂਸ ਮਾਨਸਾ, ਕਾਂਸਟੇਬਲ ਗਗਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ (ਕਾਊਂਟਰ ਇੰਟੈਲੀਜੈਂਸ, ਸਬ-ਯੂਨਿਟ ਮਾਨਸਾ), ਹੌਲਦਾਰ ਜਰਨੈਲ ਸਿੰਘ ਪੰਜਾਬ ਪੁਲਸ ਤੇ ਕਾਂਸਟੇਬਲ ਹਰਜੀਤ ਸਿੰਘ ਆਈ. ਆਰ. ਬੀ. (ਕਾਊਂਟਰ ਇੰਟੈਲੀਜੈਂਸ, ਸਬ-ਯੂਨਿਟ ਮੁਕਤਸਰ) ਤੇ ਪ੍ਰਾਈਵੇਟ ਵਿਅਕਤੀ ਗਗਨਦੀਪ ਸਿੰਘ, ਜ਼ਿਲਾ ਬਠਿੰਡਾ ਨਿਵਾਸੀ ਸੁਖਪ੍ਰੀਤ ਸਿੰਘ ਉਰਫ ਹੈਰੀ ਤੇ ਜ਼ਿਲਾ ਮੁਕਤਸਰ ਸਾਹਿਬ ਨਿਵਾਸੀ ਵਕੀਲ ਸਿੰਘ ਉਰਫ ਕਾਲਾ ਸਰਪੰਚ ਦੇ ਰੂਪ ਵਿਚ ਹੋਈ ਹੈ। 2 ਮੁਲਜ਼ਮ ਸੁਖਪ੍ਰੀਤ ਸਿੰਘ ਉਰਫ ਹੈਰੀ ਤੇ ਵਕੀਲ ਸਿੰਘ ਉਰਫ ਕਾਲਾ ਸਰਪੰਚ ਗ੍ਰਿਫਤਾਰ ਕਰਨੇ ਬਾਕੀ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ ।
ਨਸ਼ਾ ਸਮੱਗਲਰ ਦੀ ਕਰ ਰਹੇ ਸੀ ਸਹਾਇਤਾ
ਐੱਸ. ਟੀ. ਐੱਫ. ਦੇ ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਦੀ ਇਕ ਪੁਲਸ ਪਾਰਟੀ ਵਲੋਂ ਇਕ ਨਸ਼ਾ ਸਮੱਗਲਰ ਨਰਿੰਦਰ ਸਿੰਘ ਨੂੰ ਮੋਹਾਲੀ ਦੇ ਸੈਕਟਰ-76 ਦੀ ਸੁਸਾਇਟੀ ਕੋਲੋਂ 300 ਗ੍ਰਾਮ ਹੈਰੋਇਨ ਤੇ 8 ਲੱਖ ਰੁਪਏ ਸਮੇਤ ਫੜਿਆ ਗਿਆ ਸੀ, ਜਿਸ ਨੂੰ ਬਿਨਾਂ ਕਾਰਵਾਈ ਕੀਤਿਆਂ ਹੀ ਛੱਡ ਦਿੱਤਾ ਗਿਆ । ਉਸ ਨੂੰ ਛੱਡਣ ਪਿੱਛੇ ਦੀ ਕਹਾਣੀ ਸੀ ਕਿ ਫੜੇ ਗਏ ਪੁਲਸ ਵਾਲਿਆਂ ਨੇ ਨਾਕੇ ਤੋਂ ਲੰਘਣ ਸਮੇਂ ਆਪਣੇ ਆਪ ਨੂੰ ਐੱਸ. ਟੀ. ਐੱਫ. ਫਾਜ਼ਿਲਕਾ ਦਾ ਕਰਮਚਾਰੀ ਦੱਸਿਆ ਸੀ ਤੇ ਲਾਲੜੂ ਨਾਕੇ ਤੋਂ 2 ਪ੍ਰਾਈਵੇਟ ਗੱਡੀਆਂ (ਜਿਨ੍ਹਾਂ ਦੀ ਨੰਬਰ ਪਲੇਟ ਬਦਲੀ ਹੋਈ ਸੀ) ਪਾਰ ਕਰਵਾਈਆਂ ਸੀ । ਉਨ੍ਹਾਂ ਵਿਚੋਂ ਇਕ ਗੱਡੀ ਵਿਚ ਸਬ-ਇੰਸਪੈਕਟਰ ਸੁਸ਼ੀਲ ਵਰਦੀ ਪਾ ਕੇ ਬੈਠਾ ਹੋਇਆ ਸੀ, ਜਦੋਂਕਿ ਉਹ ਉਸਦਾ ਏਰੀਆ ਨਹੀਂ ਪੈਂਦਾ ਤੇ ਨਾਲ ਹੀ ਉਸਨੇ ਇਸ ਸਬੰਧੀ ਆਪਣੇ ਸੀਨੀਅਰ ਅਧਿਕਾਰੀ ਨੂੰ ਵੀ ਸੂਚਿਤ ਨਹੀਂ ਕੀਤਾ ।
ਮੁਲਜ਼ਮ ਸੁਸ਼ੀਲ ਆਪਣੇ ਨਾਲ ਨਸ਼ਾ ਸਮੱਗਲਰ ਨਰਿੰਦਰ ਸਿੰਘ ਬਾਠ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਫਤਿਹਗੜ੍ਹ ਸਾਹਿਬ ਵੱਲ ਲੈ ਗਿਆ, ਜਿਵੇਂ ਹੀ ਉਹ ਥੋੜ੍ਹੀ ਦੂਰੀ ਗਏ ਤਾਂ ਸੁਸ਼ੀਲ ਨੇ ਗੱਡੀ ਰੋਕੀ ਤੇ ਨਰਿੰਦਰ ਜ਼ਰੀਏ ਉਸ ਦੇ ਦੋਸਤ ਨੂੰ ਫੋਨ ਕਰਵਾ ਕੇ ਜ਼ਬਰਦਸਤੀ 8 ਲੱਖ ਰੁਪਏ ਤੇ 300 ਗ੍ਰਾਮ ਹੈਰੋਇਨ ਲਿਆਉਣ ਲਈ ਕਿਹਾ। ਪੈਸੇ ਤੇ ਹੈਰੋਇਨ ਮਿਲਣ 'ਤੇ ਮੁਲਜ਼ਮ ਸੁਸ਼ੀਲ ਨੇ ਪੈਸੇ ਤੇ ਹੈਰੋਇਨ ਆਪਣੇ ਕਬਜ਼ੇ ਵਿਚ ਲੈ ਲਏ ਤੇ ਨਰਿੰਦਰ ਨੂੰ ਛੱਡ ਦਿੱਤਾ, ਜਦੋਂਕਿ ਮੁਲਜ਼ਮ ਪੁਲਸ ਵਾਲਿਆਂ ਨੇ ਸਮੱਗਲਰ ਨੂੰ ਨਾਕਾ ਪਾਰ ਕਰਵਾਇਆ ਸੀ। ਉਸ ਦੌਰਾਨ ਉਨ੍ਹਾਂ ਨਾਲ 3 ਪ੍ਰਾਈਵੇਟ ਵਿਅਕਤੀ ਵੀ ਸਨ । ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ।
ਐੱਸ. ਟੀ. ਐੱਫ. ਨੇ ਨਾਈਜੀਰੀਅਨ ਦੇ ਨਾਲ ਫੜਿਆ ਸੀ ਨਰਿੰਦਰ ਨੂੰ
ਐੱਸ. ਟੀ. ਐੱਫ. ਨੇ ਦੋ ਦਿਨ ਪਹਿਲਾਂ ਮੁਲਜ਼ਮ ਅਬੂ ਹੈਨਰੀ ਦਿੱਲੀ ਤੇ ਨਰਿੰਦਰ ਸਿੰਘ ਬਾਠ ਨੂੰ ਗ੍ਰਿਫਤਾਰ ਕੀਤਾ ਸੀ । ਇਹ ਦੋਵੇਂ ਮੁਲਜ਼ਮ ਦਿੱਲੀ ਤੋਂ ਹੈਰੋਇਨ ਲਿਆਉਂਦੇ ਸਨ ਤੇ ਅੱਗੇ ਟਰਾਈਸਿਟੀ ਵਿਚ ਨਰਿੰਦਰ ਸਪਲਾਈ ਕਰਦਾ ਸੀ । ਟ੍ਰਾਈਸਿਟੀ ਵਿਚ ਉਸਦੇ ਕਾਫੀ ਗਾਹਕ ਹਨ ਤੇ ਉਸ ਨੂੰ ਉਨ੍ਹਾਂ ਤੋਂ ਹੈਰੋਇਨ ਦੀ ਚੰਗੀ ਕੀਮਤ ਵੀ ਮਿਲ ਜਾਂਦੀ ਸੀ । ਮੁਲਜ਼ਮ ਨਰਿੰਦਰ ਖਿਲਾਫ ਪਹਿਲਾਂ ਵੀ 5 ਕ੍ਰਿਮੀਨਲ ਕੇਸ ਮੋਹਾਲੀ, ਧੂਰੀ (ਸੰਗਰੂਰ) ਤੇ ਪਟਿਆਲਾ ਵਿਚ ਦਰਜ ਹਨ । ਐੱਸ. ਟੀ. ਐੱਫ. ਦੀ ਜਾਂਚ ਵਿਚ ਸਾਹਮਣੇ ਆ ਚੁੱਕਿਆ ਹੈ ਕਿ ਮੁਲਜ਼ਮ ਨਾਈਜੀਰੀਅਨ ਤਾਂ ਸਿਰਫ ਨਰਿੰਦਰ ਨੂੰ ਦਿੱਲੀ ਤੋਂ ਹੈਰੋਇਨ ਲਿਆ ਕੇ ਦਿੰਦਾ ਸੀ ਤੇ ਅੱਗੇ ਨਰਿੰਦਰ ਹੀ ਟ੍ਰਾਈਸਿਟੀ ਵਿਚ ਗਾਹਕ ਲਭ ਕੇ ਉਸ ਨੂੰ ਵੇਚਦਾ ਸੀ, ਜਿਨ੍ਹਾਂ ਤੋਂ ਉਹ ਮੋਟੀ ਰਕਮ ਲੈਂਦਾ ਸੀ ।
ਪਤਾ ਲੱਗਾ ਹੈ ਕਿ ਐੱਸ. ਟੀ. ਐੱਫ. ਦੇ ਨਿਸ਼ਾਨੇ 'ਤੇ ਹੁਣ ਟ੍ਰਾਈਸਿਟੀ ਦੇ ਕਲੱਬ ਹਨ, ਕਿਉਂਕਿ ਕਈ ਕਲੱਬਾਂ ਵਿਚ ਪਾਰਟੀਆਂ ਦੌਰਾਨ ਹੈਰੋਇਨ ਸਪਲਾਈ ਹੁੰਦੀ ਹੈ ਪਰ ਇਸ ਤੋਂ ਵੀ ਜ਼ਿਆਦਾ ਰੇਵ ਪਾਰਟੀ ਵਿਚ ਹੈਰੋਇਨ ਵਰਤੀ ਜਾਂਦੀ ਹੈ, ਜਿਨ੍ਹਾਂ ਦੀ ਭਾਲ ਵਿਚ ਐੱਸ. ਟੀ. ਐੱਫ. ਦੀ ਟੀਮ ਜੁਟ ਗਈ ਹੈ ਤੇ ਉਨ੍ਹਾਂ ਵਲੋਂ ਬਣਾਈਆਂ ਗਈਆਂ ਟੀਮਾਂ ਹਰ ਜਗ੍ਹਾ ਜਾ ਕੇ ਰੇਡ ਕਰਕੇ ਉਥੇ ਤਲਾਸ਼ੀ ਵੀ ਲੈ ਰਹੀਆਂ ਹਨ । ਹੁਣ ਤਕ ਐੱਸ. ਟੀ. ਐੱਫ. ਨੇ 18 ਕੇਸ ਦਰਜ ਕੀਤੇ ਹਨ ।
ਕਾਰ ਨੇ ਪਹਿਲਾਂ ਮੋਟਰਸਾਈਕਲ ਤੇ ਫਿਰ ਐਕਟਿਵਾ ਨੂੰ ਮਾਰੀ ਟੱਕਰ
NEXT STORY