ਸ਼ਾਹਕੋਟ/ਜਲੰਧਰ, (ਮਰਵਾਹਾ, ਤ੍ਰੇਹਨ, ਪ੍ਰੀਤ)- ਸਥਾਨਕ ਪੁਲਸ ਨੇ ਕੁਝ ਦਿਨ ਪਹਿਲਾਂ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਨੇੜੇ ਸਥਿਤ ਇਕ ਮੋਬਾਇਲ ਦੀ ਦੁਕਾਨ ਤੋਂ ਚੋਰੀ ਹੋਏ ਲੱਖਾਂ ਰੁਪਏ ਦੀ ਕੀਮਤ ਦੇ ਮੋਬਾਇਲਾਂ 'ਚੋਂ 40 ਮੋਬਾਇਲ, ਨਸ਼ੇ ਵਾਲਾ ਪਦਾਰਥ ਅਤੇ ਕੁਝ ਹੋਰ ਸਾਮਾਨ ਬਰਾਮਦ ਕਰ ਕੇ ਇਕ ਔਰਤ ਅਤੇ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਦੋਸ਼ੀ ਇਹ ਸਾਮਾਨ ਵੇਚਣ ਲਈ ਸ਼ਾਹਕੋਟ ਆਏ ਸਨ ਕਿ ਹੱਥੇ ਚੜ੍ਹ ਗਏ।
ਅੱਜ ਸ਼ਾਮ ਸਹਾਇਕ ਪੁਲਸ ਕਪਤਾਨ ਸ਼ਾਹਕੋਟ ਸੰਦੀਪ ਕੁਮਾਰ ਮਲਿਕ ਆਈ. ਪੀ. ਐੱਸ. ਤੇ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸਿਟੀ ਇੰਚਾਰਜ ਮਨਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਨਵਾਂ ਕਿਲਾ ਰੋਡ ਬੇਰੀਆਂ ਵਾਲਾ ਬਾਗ ਦੇ ਨਜ਼ਦੀਕ ਨਾਕੇਬੰਦੀ ਕਰ ਕੇ ਇਕ ਨੌਜਵਾਨ ਅੰਮ੍ਰਿਤ ਸਿੰਘ ਉਰਫ਼ ਸੋਨੂੰ ਪੁੱਤਰ ਪਰਗਟ ਸਿੰਘ ਉਮਰ ਕਰੀਬ 21 ਸਾਲ ਨਿਵਾਸੀ ਗਲੀ ਨੰਬਰ ਇਕ ਮੁਹੱਲਾ ਸੁੰਦਰ ਨਗਰ ਕਪੂਰਥਲਾ ਅਤੇ ਇਕ ਔਰਤ ਰਾਜ ਰਾਣੀ ਉਰਫ਼ ਰਜਨੀ ਪਤਨੀ ਚਮਨ ਲਾਲ ਬਾਊ 35 ਸਾਲ ਨਿਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਜ਼ਦੀਕ ਪੁਤਲੀ ਘਰ ਅੰ੍ਰਮਿਤਸਰ ਹਾਲ ਨਿਵਾਸੀ ਮੁਹੱਲਾ ਸੁੰਦਰ ਨਗਰ ਕਪੂਰਥਲਾ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ 40 ਮੋਬਾਇਲ, 15 ਹੈੱਡਫੋਨ, 40 ਮੋਬਾਇਲ ਚਾਰਜਰ, ਇਕ ਵੱਡਾ ਵੂਫ਼ਰ ਤੇ 50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰ ਕੇ ਦੋਵਾਂ ਮੁਲਜ਼ਮਾਂ ਵਿਰੁੱਧ ਧਾਰਾ 457, 380, 379, 411 ਆਈ. ਪੀ. ਸੀ. ਅਤੇ ਨਸ਼ੀਲੇ ਪਦਾਰਥਾਂ ਦੀ ਧਾਰਾ 22-61-85 ਅਧੀਨ 21 ਨੰਬਰ ਕੇਸ ਦਰਜ ਕਰ ਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮਾਂ ਕੋਲੋਂ ਜੋ ਮੋਬਾਇਲ ਬਰਾਮਦ ਕੀਤੇ ਗਏ ਹਨ ਉਹ ਇਨ੍ਹਾਂ ਦੇ ਸਾਥੀਆਂ ਨੇ ਰੇਲ ਕੋਚ ਫੈਕਟਰੀ ਕੋਲੋਂ ਇਕ ਮੋਬਾਇਲ ਦੀ ਦੁਕਾਨ ਤੋਂ ਚੋਰੀ ਕੀਤੇ ਸਨ। ਇਹ ਦੋਵੇਂ ਮੁਲਜ਼ਮ ਉਸ ਗਿਰੋਹ ਦਾ ਹਿੱਸਾ ਹਨ, ਜਿਸ ਨੇ ਕਪੂਰਥਲਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਰਾਤ ਦੇ ਸਮੇਂ ਦੁਕਾਨਾਂ ਨੂੰ ਭੰਨ ਕੇ ਕੀਮਤੀ ਸਾਮਾਨ, ਜਿਸ ਵਿਚ ਮੋਬਾਇਲ, ਕੱਪੜੇ, ਵੂਫ਼ਰ, ਮੋਟਰਸਾਈਕਲ ਅਤੇ ਹੋਰ ਸਾਮਾਨ ਚੋਰੀ ਕੀਤਾ ਸੀ, ਜਿਸ ਕਾਰਨ ਕਪੂਰਥਲਾ ਇਲਾਕੇ 'ਚ ਇਨ੍ਹਾਂ ਨੇ ਕਾਫ਼ੀ ਦਹਿਸ਼ਤ ਫੈਲਾਈ ਹੋਈ ਸੀ। ਇਨ੍ਹਾਂ ਦੇ ਤਿੰਨ ਸਾਥੀ ਜਗਰੂਪ ਸਿੰਘ ਉਰਫ਼ ਭੈਰੋ, ਪਰਮਜੀਤ ਸਿੰਘ ਮੰਮੂ ਅਤੇ ਅਕਾਸ਼ਦੀਪ ਕਪੂਰਥਲਾ ਦੀ ਜੇਲ 'ਚ ਬੰਦ ਹਨ, ਜਿਨ੍ਹਾਂ ਖਿਲਾਫ਼ ਥਾਣਾ ਸਿਟੀ ਕਪੂਰਥਲਾ ਵਿਖੇ ਚੋਰੀ ਦੇ ਦੋਸ਼ ਅਧੀਨ 31 ਜਨਵਰੀ 2018 ਨੂੰ ਕੇਸ ਦਰਜ ਹੋਇਆ ਸੀ।
ਉਨ੍ਹਾਂ ਕੋਲੋਂ ਕਪੂਰਥਲਾ ਪੁਲਸ ਨੇ ਚੋਰੀ ਦੇ 6 ਮੋਟਰਸਾਈਕਲ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਕਪੂਰਥਲਾ ਤੋਂ ਇਲਾਵਾ ਮੁਲਜ਼ਮਾਂ ਵਿਰੁੱਧ ਥਾਣਾ ਸੁਲਤਾਨਪੁਰ ਲੋਧੀ ਵਿਖੇ ਵੀ ਕੇਸ ਦਰਜ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅੰਮ੍ਰਿਤ ਸਿੰਘ ਉਰਫ਼ ਸੋਨੂੰ ਦਾ ਭਰਾ ਅਕਾਸ਼ਦੀਪ, ਜੋ ਕਿ ਜਗਰੂਪ ਸਿੰਘ ਉਰਫ਼ ਭੈਰੋ ਤੇ ਪਰਮਜੀਤ ਸਿੰਘ ਮੰਮੂ ਦਾ ਚੋਰੀ ਕੀਤਾ ਹੋਇਆ ਸਾਮਾਨ ਆਪਣੇ ਭਰਾ ਤੇ ਰਾਜ ਰਾਣੀ ਨਾਲ ਮਿਲ ਕੇ ਵੇਚਦਾ ਸੀ। ਅੱਜ ਵੀ ਅੰਮ੍ਰਿਤ ਸਿੰਘ ਉਰਫ਼ ਸੋਨੂੰ ਰਾਜ ਰਾਣੀ ਉਰਫ਼ ਰਜਨੀ ਦੇ ਨਾਲ ਚੋਰੀ ਦਾ ਸਾਮਾਨ ਸ਼ਾਹਕੋਟ ਵੇਚਣ ਲਈ ਆਇਆ ਸੀ ਕਿ ਪੁਲਸ ਦੇ ਹੱਥੇ ਚੜ੍ਹ ਗਿਆ। ਸਹਾਇਕ ਪੁਲਸ ਕਪਤਾਨ ਸ਼ਾਹਕੋਟ ਸੰਦੀਪ ਕੁਮਾਰ ਮਲਿਕ ਆਈ. ਪੀ. ਐੱਸ. ਨੇ ਅੱਗੇ ਦੱਸਿਆ ਕਿ ਦੋਵਾਂ ਦੋਸ਼ੀਆਂ ਕੋਲੋਂ ਕੀਤੀ ਜਾ ਰਹੀ ਪੱਛਗਿੱਛ ਦੇ ਆਧਾਰ 'ਤੇ ਹੋਰ ਵੀ ਅਜਿਹੇ ਕਈ ਹੋਰ ਕੇਸ ਹੱਲ ਹੋਣ ਦੀ ਸੰਭਾਵਨਾ ਹੈ।
ਐੱਨ. ਆਰ. ਆਈ. ਔਰਤ ਦਾ ਪਰਸ ਚੋਰੀ ਕਰਦੀ ਕਾਬੂ
NEXT STORY