ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਪਿੰਡ ਰਾਮਪੁਰਾ ਵਿਖੇ ਘਾਤਕ ਹਥਿਆਰਾਂ ਨਾਲ ਲੈਸ ਇਕ ਘਰ 'ਤੇ ਹਮਲਾ ਕਰਕੇ ਭੱਜ ਰਹੇ ਕਾਰ ਅਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪੁਲਸ ਦੀ ਸਰਕਾਰੀ ਗੱਡੀ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ 5 ਬਦਮਾਸ਼ ਕਾਰ ਛੱਡ ਕੇ ਭੱਜ ਗਏ ਜਦਕਿ ਇਕ ਨੂੰ ਪੁਲਸ ਨੇ ਮੌਕੇ 'ਤੇ ਦਬੋਚ ਲਿਆ। ਪੁਲਸ ਨੇ ਕਾਬੂ ਕੀਤੇ ਬਦਮਾਸ਼ ਦੇ ਕਬਜ਼ੇ 'ਚੋਂ ਇਕ ਤੇਜ਼ਧਾਰ ਹਥਿਆਰ ਅਤੇ ਗਰਾਰੀ ਲੱਗੀ ਇਕ ਜਿਸਤੀ ਰਾਡ ਬਰਾਮਦ ਕੀਤੀ ਹੈ। ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਥਾਣਾ ਭਵਾਨੀਗੜ੍ਹ ਦੇ ਐੱਸ.ਆਈ ਜਸਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੋਟਰਸਾਈਕਲ ਅਤੇ ਕਾਰ ਸਵਾਰ ਕੁਝ ਵਿਅਕਤੀਆਂ ਨੇ ਪਿੰਡ ਰਾਮਪੁਰਾ ਦੇ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ 'ਤੇ ਹਮਲਾ ਕਰ ਦਿੱਤਾ ਹੈ। ਸੂਚਨਾ ਮਿਲਣ ’ਤੇ ਜਦੋਂ ਉਹ ਪੁਲਸ ਪਾਰਟੀ ਨਾਲ ਸਕੂਟੀ ਏਜੰਸੀ ਨੇੜੇ ਪੁੱਜੇ ਤਾਂ ਪੁਲਸ ਨੇ ਰਾਮਪੁਰਾ ਵੱਲੋਂ ਕਾਰ ਆਉਂਦੀ ਦੇਖੀ ਜਿਸ ਨੂੰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਸਦੇ ਚਾਲਕ ਨੇ ਕਥਿਤ ਤੌਰ ’ਤੇ ਮਾਰਨ ਦੀ ਨੀਅਤ ਨਾਲ ਗਲਤ ਸਾਈਡ ਤੋਂ ਲਿਆ ਕੇ ਆਪਣੀ ਕਾਰ ਪੁਲਸ ਦੀ ਸਰਕਾਰੀ ਗੱਡੀ ਵਿਚ ਦੇ ਮਾਰੀ।
ਇਸ ਕਾਰਨ ਸਰਕਾਰੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪੁਲਸ ਮੁਲਾਜ਼ਮ ਵਾਲ-ਵਾਲ ਬਚ ਗਏ। ਐੱਸ.ਆਈ ਜਸਵੀਰ ਸਿੰਘ ਨੇ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਕਾਰ ਵਿਚ ਬੈਠੇ 6 ਵਿਚੋਂ 5 ਨੌਜਵਾਨ ਕਾਰ ਛੱਡ ਕੇ ਮੌਕੇ ਤੋਂ ਭੱਜ ਨਿਕਲੇ ਜਦਕਿ ਇਕ ਨੂੰ ਪੁਲਸ ਨੇ ਕਾਬੂ ਕਰ ਲਿਆ ਜਿਸ ਦੀ ਪਛਾਣ ਅਮਰਿੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ। ਮਾਮਲੇ ਸਬੰਧੀ ਪੁਲਸ ਨੇ ਉਕਤ ਅਮਰਿੰਦਰ ਸਿੰਘ ਅਤੇ ਫਰਾਰ ਹੋਏ 5 ਅਣਪਛਾਤੇ ਨੌਜਵਾਨਾਂ ਖ਼ਿਲਾਫ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬ
NEXT STORY