ਜਲੰਧਰ, (ਸ਼ੋਰੀ)- ਜਨਤਾ ਤੇ ਪੁਲਸ ਦਰਮਿਆਨ ਦੋਸਤਾਨਾ ਸਬੰਧ ਬਣਾਉਣ ਲਈ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਹੁਕਮਾਂ 'ਤੇ ਤਾਇਨਾਤ ਸੀ. ਪੀ. ਓ. (ਕਮਿਊਨਿਟੀ ਪੁਲਸ ਅਫਸਰ) ਭੱਜ ਗਏ ਹਨ। ਹੁਣ ਉਨ੍ਹਾਂ ਨੂੰ ਅਲਾਟ ਕੀਤੇ ਗਏ ਕਮਰੇ ਵੀਰਾਨ ਪਏ ਹਨ ਤੇ ਅਹੁਦੇ ਖਾਲੀ ਹੋ ਗਏ ਹਨ। ਸੀ. ਪੀ. ਓ. ਦਾ ਅਹੁਦਾ ਖਾਲੀ ਹੋਣ ਕਾਰਨ ਹੁਣ ਜਨਤਾ ਨੂੰ ਸ਼ਿਕਾਇਤ ਲੈ ਕੇ ਦੁਬਾਰਾ ਮੁਨਸ਼ੀ ਤੇ ਥਾਣੇਦਾਰ ਦੇ ਕਮਰਿਆਂ ਦੇ ਚੱਕਰ ਕੱਢਣੇ ਪੈ ਰਹੇ ਹਨ। ਇਹੀ ਕਾਰਨ ਹੈ ਕਿ ਪੁਲਸ ਤੇ ਜਨਤਾ ਦਰਮਿਆਨ ਦੋਸਤਾਨਾ ਮਾਹੌਲ ਖਰਾਬ ਹੋਣੇ ਸ਼ੁਰੂ ਹੋ ਗਏ ਹਨ।
ਚੰਗੇ ਆਚਰਣ ਤੇ ਵਿਵਹਾਰ ਵਾਲਿਆਂ ਨੂੰ ਤਾਇਨਾਤ ਕੀਤਾ ਗਿਆ ਸੀ. ਪੀ. ਓ.
ਸੀ. ਪੀ. ਓ. ਦੀ ਤਾਇਨਾਤੀ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਡਰੀਮ ਪ੍ਰਾਜੈਕਟ ਸੀ। ਪੁਲਸ ਤੇ ਜਨਤਾ ਦਰਮਿਆਨ ਚੰਗੇ ਸਬੰਧ ਬਣਾਉਣ ਲਈ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਸੀ. ਪੀ. ਓ. ਪ੍ਰਾਜੈਕਟ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ। ਅਕਸਰ ਸਾਹਮਣੇ ਆ ਰਿਹਾ ਸੀ ਕਿ ਸ਼ਿਕਾਇਤ ਲੈ ਕੇ ਜੋ ਫਰਿਆਦੀ ਥਾਣੇ ਜਾਂਦੇ ਹਨ, ਉਨ੍ਹਾਂ ਨਾਲ ਪੁਲਸ ਮੁਲਾਜ਼ਮ ਜਾਂ ਡਿਊਟੀ 'ਤੇ ਤਾਇਨਾਤ ਅਫਸਰ ਚੰਗਾ ਸਲੂਕ ਨਹੀਂ ਕਰਦੇ।
ਦੂਜੇ ਪਾਸੇ ਪੁਲਸ ਮੁਲਾਜ਼ਮਾਂ ਦਾ ਤਰਕ ਹੁੰਦਾ ਸੀ ਕਿ ਉਨ੍ਹਾਂ 'ਤੇ ਕੰਮ ਦਾ ਬੋਝ ਵੱਧ ਹੁੰਦਾ ਹੈ, ਫਾਈਲਾਂ ਤੋਂ ਲੈ ਕੇ ਮਿਸਲ ਪੂਰੀ ਕਰਨ ਵਿਚ ਸਿਰਦਰਦੀ ਕਰਨੀ ਪੈਂਦੀ ਹੈ। ਉਪਰੋਂ ਕੋਰਟ ਕੇਸ, ਸ਼ਹਾਦਤ, ਪੇਸ਼ੀ ਤੋਂ ਇਲਾਵਾ ਨਾਕੇ ਲਾਉਣ ਦਾ ਕੰਮ ਕਰਨਾ ਪੈਂਦਾ ਹੈ, ਜਿਸ ਕਾਰਨ ਪਬਲਿਕ ਨਾਲ ਸਹੀ ਢੰਗ ਨਾਲ ਡੀਲ ਨਹੀਂ ਹੋ ਰਿਹਾ ਸੀ। ਉਥੇ ਲੋਕਾਂ ਦੀ ਦਲੀਲ ਸੀ ਕਿ ਜਦੋਂ ਅਸੀਂ ਥਾਣੇ ਜਾਂਦੇ ਹਾਂ ਤਾਂ ਉਲਟਾ ਪੁਲਸ ਵਾਲੇ ਸਾਨੂੰ ਹੀ ਦਬਕੇ ਮਾਰਨ ਲੱਗ ਜਾਂਦੇ ਹਨ, ਜਿਵੇਂ ਅਸੀਂ ਹੀ ਕੋਈ ਕਸੂਰ ਕੀਤਾ ਹੋਵੇ। ਇਸ ਸਮੱਸਿਆ ਨੂੰ ਦੂਰ ਕਰਨ ਲਈ ਆਖਿਰਕਾਰ ਸੀ. ਪੀ. ਓ. ਦੀ ਨਿਯੁਕਤੀ ਹੋਈ। ਹਰ ਥਾਣੇ ਵਿਚ ਸੀ. ਪੀ. ਓ. ਨੂੰ ਰੂਮ ਅਲਾਟ ਕੀਤਾ ਗਿਆ। ਸੀ. ਪੀ. ਓ. ਦੇ ਮੋਢਿਆਂ 'ਤੇ ਸਿਰਫ ਪਬਲਿਕ ਡੀਲਿੰਗ ਹੀ ਸੀ। ਉਸ ਦੇ ਸਿਰ 'ਤੇ ਨਾ ਤਾਂ ਕੋਰਟ, ਨਾਕੇਬੰਦੀ ਆਦਿ ਦੀ ਜ਼ਿੰਮੇਵਾਰੀ ਸੀ। ਅਜਿਹੇ ਵਿਚ ਚੰਗੇ ਸੁਭਾਅ ਵਾਲੇ ਖਾਸ ਕਰ ਨਵੀਆਂ ਭਰਤੀ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਸੀ. ਪੀ. ਓ. ਤਾਇਨਾਤ ਕੀਤਾ ਗਿਆ। ਥਾਣੇ ਵਿਚ ਫਰਿਆਦੀ ਪਹਿਲਾਂ ਸੀ. ਪੀ. ਓ. ਦੇ ਕੋਲ ਜਾ ਕੇ ਆਪਣੀ ਸ਼ਿਕਾਇਤ ਦੱਸਦਾ ਤਾਂ ਸੀ. ਪੀ. ਓ. ਉਸ ਨੂੰ ਸੁਣਨ ਤੋਂ ਬਾਅਦ ਰਜਿਸਟਰ ਵਿਚ ਪੂਰਾ ਵੇਰਵਾ ਦਿੰਦੀ ਤੇ ਫਿਰ ਫਰਿਆਦੀ ਨੂੰ ਚਾਹ-ਪਾਣੀ ਪਿਆਉਣ ਤੋਂ ਬਾਅਦ ਥਾਣੇਦਾਰ ਨਾਲ ਮਿਲਵਾਇਆ ਜਾਂਦਾ। ਇਸ ਦੌਰਾਨ ਮਾਨੀਟਰਿੰਗ ਕਮਿਸ਼ਨਰ ਪੁਲਸ ਵੱਲੋਂ ਕੀਤੀ ਜਾਂਦੀ ਸੀ।
ਥਾਣਾ ਰਾਮਾ ਮੰਡੀ ਵਿਚ ਹੋਇਆ ਸੀ ਹੰਗਾਮਾ, ਪੁਲਸ 'ਤੇ ਲੱਗਾ ਦੋਸ਼
ਤਿੰਨ ਦਿਨ ਪਹਿਲਾਂ ਹੀ ਇਕ ਨਾਬਾਲਿਗ ਲੜਕੀ ਨਾਲ ਰੇਪ ਤੋਂ ਬਾਅਦ ਚਾਚਾ ਜਦੋਂ ਸ਼ਿਕਾਇਤ ਲੈ ਕੇ ਰਾਮਾ ਮੰਡੀ ਥਾਣੇ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਦੇ ਨਾਲ ਪੁਲਸ ਦਾ ਰਵੱਈਆ ਕਾਫੀ ਗਲਤ ਸੀ। ਉਸ ਨੂੰ ਕੁੱਟਿਆ-ਮਾਰਿਆ ਗਿਆ ਤੇ ਉਸ ਦੀ ਜੇਬ ਵਿਚੋਂ 200 ਰੁਪਏ ਕੱਢ ਲਏ ਗਏ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਪੁਲਸ ਵੱਲੋਂ ਸੀ. ਪੀ. ਓ. ਦੀ ਤਾਇਨਾਤੀ ਹੁੰਦੀ ਤਾਂ ਇਹ ਘਟਨਾ ਨਾ ਹੁੰਦੀ। ਸੀ. ਪੀ. ਓ. ਪ੍ਰਾਜੈਕਟ ਦੀ ਨਜ਼ਰਅੰਦਾਜ਼ੀ ਹੁੰਦੀ ਵੇਖ ਥਾਣਿਆਂ ਵਿਚ ਤਾਇਨਾਤ ਸੀ. ਪੀ. ਓ. ਨੇ ਆਪਣਾ ਬੋਰੀਆ ਬਿਸਤਰਾ ਬੰਨ੍ਹ ਕੇ ਆਪਣੇ ਤਬਾਦਲੇ ਜਾਂ ਤਾਂ ਕਮਿਸ਼ਨਰ ਦਫਤਰ ਕਰਵਾ ਲਏ ਜਾਂ ਫਿਰ ਕਿਸੇ ਥਾਣੇ ਵਿਚ। ਹੁਣ ਫਰਿਆਦੀ ਦੁਬਾਰਾ ਮੁਨਸ਼ੀ ਜਾਂ ਥਾਣੇਦਾਰ ਦੇ ਦਫਤਰ ਦੇ ਬਾਹਰ ਖੜ੍ਹੇ ਦਿਸਣ ਲੱਗੇ ਹਨ। ਸੂਤਰਾਂ ਮੁਤਾਬਿਕ ਸੀ. ਪੀ. ਓ. ਦੀ ਛੁੱਟੀ ਤੋਂ ਬਾਅਦ ਹੁਣ ਮੁਨਸ਼ੀਆਂ ਦੀ ਦੁਬਾਰਾ ਚਾਂਦੀ ਹੋ ਗਈ ਹੈ। ਹੁਣ ਦੁਬਾਰਾ ਸ਼ਿਕਾਇਤਾਂ ਸਿੱਧਾ ਉਨ੍ਹਾਂ ਦੀ ਟੇਬਲ 'ਤੇ ਆਉਣ ਲੱਗੀਆਂ ਹਨ।
ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ
NEXT STORY