ਗੁਰਦਾਸਪੁਰ, (ਹਰਮਨਪ੍ਰੀਤ)- ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਦੀ ਮਨਾਹੀ ਕੀਤੇ ਜਾਣ ਦੇ ਬਾਵਜੂਦ ਵੀ ਝੋਨਾ ਲਗਾਉਣ ਵਾਲੇ ਕਿਸਾਨ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਅੱਜ ਖੇਤੀਬਾਡ਼ੀ ਵਿਭਾਗ ਅਤੇ ਪੁਲਸ ਦੀ ਟੀਮ ਨੇ ਸਬੰਧਿਤ ਕਿਸਾਨ ਦੇ ਖੇਤ ਵਿਚ ਲੱਗਾ ਝੋਨਾ ਨਸ਼ਟ ਕਰਵਾਇਆ ਹੈ। ਇਸ ਸਬੰਧੀ ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾਡ਼ੀ ਅਫ਼ਸਰ ਰਮੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੱਤਰ (ਖੇਤੀਬਾਡ਼ੀ) ਕਾਹਨ ਸਿੰਘ ਪੰਨੂੰ ਦੀ ਅਗਵਾਈ ਹੇਠ ਵਿਭਾਗ ਵੱਲੋਂ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਿਲੇ ਅੰਦਰ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੇ ਨਿਰਦੇਸ਼ਾਂ ਤਹਿਤ ਪਿੰਡਾਂ ’ਚ ਅਨਾਊਂਸਮੈਂਟਾਂ ਵੀ ਕਰਵਾਈਆਂ ਜਾ ਰਹੀਆਂ ਹਨ। ਪਰ ਫਿਰ ਵੀ ਬਲਾਕ ਕਲਾਨੌਰ ਨਾਲ ਸਬੰਧਿਤ ਪਿੰਡ ਹਰਦੋਛੰਨੀ ਵਿਖੇ ਸੰਤੋਖ ਸਿੰਘ ਪੁੱਤਰ ਇੰਦਰ ਸਿੰਘ ਨੇ ਆਪਣੇ ਖੇਤਾਂ ਵਿਚ ਝੋਨਾ ਲਗਾ ਕੇ ਸਰਕਾਰ ਦੇ ਹੁਕਮਾਂ ਦੀ ਉਲੰੰਘਣਾ ਕੀਤੀ ਹੈ।
ਇਸ ਤਹਿਤ ਅੱਜ ਬਲਾਕ ਖੇਤੀਬਾਡ਼ੀ ਅਫ਼ਸਰ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਖੇਤੀਬਾਡ਼ੀ ਵਿਭਾਗ ਦੀ ਟੀਮ ਦੇ ਨਾਲ ਏ. ਐੱਸ. ਆਈ. ਮਨਜੀਤ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਇਸ ਕਿਸਾਨ ਦੇ ਖੇਤ ਵਿਚ ਟਰੈਕਟਰ ਨਾਲ ਸਾਰਾ ਝੋਨਾ ਨਸ਼ਟ ਕਰਵਾ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 20 ਜੂਨ ਤੋਂ ਪਹਿਲਾਂ ਝੋਨਾ ਲਗਾ ਕੇ ਆਪਣਾ ਅਤੇ ਪਾਣੀ ਦਾ ਨੁਕਸਾਨ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਕਿਸਾਨ ਨੇ ਆਪਣੇ ਖੇਤ ਵਿਚ ਅਗੇਤਾ ਝੋਨਾ ਲਗਾਇਆ ਤਾਂ ਵਿਭਾਗ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਬੀ. ਟੀ. ਐੱਮ. ਨਵਦੀਪ ਸਿੰਘ, ਏ. ਐੱਸ. ਆਈ. ਅਮੋਲਕ ਸਿੰਘ, ਤਰਨਜੀਤ ਸਿੰਘ ਹੌਲਦਾਰ, ਗੁਰਮੀਤ ਸਿੰਘ ਏ. ਟੀ. ਐੱਮ. ਆਦਿ ਹਾਜ਼ਰ ਸਨ।
ਭਾਰਤੀ ਕਿਸਾਨਾਂ ਯੂਨੀਅਨ ਨੇ ਪਾਵਰਕਾਮ ਦਫ਼ਤਰ ਅੱਗੇ ਲਾਇਆ ਦਿਨ-ਰਾਤ ਦਾ ਧਰਨਾ
NEXT STORY