ਜਗਰਾਓਂ(ਜਸਬੀਰ ਸ਼ੇਤਰਾ)-ਇਥੇ ਇਕ ਸਾਬਕਾ ਕੌਂਸਲਰ ਦੇ ਘਰ ਸਿਟੀ ਪੁਲਸ ਨੇ ਅੱਧੀ ਰਾਤ ਨੂੰ ਛਾਪਾ ਮਾਰਿਆ ਤੇ ਇਕ ਵਾਰ ਤਾਂ ਤੰਗ ਆਬਾਦੀ ਵਾਲੇ ਇਲਾਕੇ 'ਚ ਹਲਚਲ ਹੋ ਗਈ। ਅਸਲ 'ਚ ਪੁਲਸ ਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਸਾਬਕਾ ਕੌਂਸਲਰ ਦੇ ਘਰ ਕੁਝ ਲੋਕ ਜੂਆ ਖੇਡ ਰਹੇ ਹਨ। ਅਜਿਹੀਆਂ ਸ਼ਿਕਾਇਤਾਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ ਕਿ ਇਥੇ ਅਕਸਰ ਜੂਆ ਖੇਡਿਆ ਜਾਂਦਾ ਹੈ। ਇਸ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਸੁਖਬੇਗ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਰਾਤ 12 ਵਜੇ ਛਾਪੇਮਾਰੀ ਕੀਤੀ ਤੇ ਸਾਬਕਾ ਕੌਂਸਲਰ ਚੰਦਰ ਪ੍ਰਕਾਸ਼ ਮੌਜੂ ਸਮੇਤ ਘਰ 'ਚ 10 ਵਿਅਕਤੀ ਜੂਆ ਖੇਡਦੇ ਫੜੇ ਗਏ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਅਨੁਸਾਰ ਮੁਲਜ਼ਮਾਂ ਕੋਲੋਂ 98,130 ਰੁਪਏ, 3 ਮੋਬਾਇਲ ਤੇ ਤਾਸ਼ ਬਰਾਮਦ ਹੋਈ ਹੈ। ਏ. ਐੱਸ. ਆਈ. ਸੁਖਬੇਗ ਸਿੰਘ ਅਨੁਸਾਰ ਇਸ ਸਬੰਧੀ ਸਿਟੀ ਪੁਲਸ ਨੇ ਮੁਕੱਦਮਾ ਨੰਬਰ 65 ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ 'ਚ ਚੰਦਰ ਪ੍ਰਕਾਸ਼ ਮੌਜੂ ਤੋਂ ਇਲਾਵਾ ਪਰਵੀਨ ਕੁਮਾਰ, ਸੋਨੀ ਕੁਮਾਰ, ਕੁਲਦੀਪ ਸਿੰਘ, ਰਾਜ ਕੁਮਾਰ, ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਪਰਦੀਪ ਕੁਮਾਰ, ਰਿੰਕੂ ਬੇਰੀ ਸ਼ਾਮਲ ਹਨ। ਵੇਰਵਿਆਂ ਅਨੁਸਾਰ ਇਹ ਸਾਰੇ ਸ਼ਹਿਰ ਦੇ ਚੰਗੇ ਪਰਿਵਾਰਾਂ ਨਾਲ ਸਬੰਧਤ ਹਨ ਤੇ ਜੂਆ ਖੇਡਣ ਦੇ ਸ਼ੌਕ 'ਚ ਫਸ ਗਏ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਨਾਲ ਸ਼ਹਿਰ ਦੇ ਹੋਰ ਕਿਹੜੇ ਜੂਆ ਖੇਡਣ 'ਚ ਸ਼ਾਮਲ ਹੁੰਦੇ ਸਨ।
ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
NEXT STORY