ਸਮਰਾਲਾ (ਗਰਗ, ਬੰਗੜ) : ਪੰਜਾਬ 'ਚ ਚੱਲ ਰਹੀ ਨਸ਼ਿਆਂ ਦੀ ਹਨ੍ਹੇਰੀ ਨੇ ਜਿੱਥੇ ਅਨੇਕਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ 'ਚ ਧਕੇਲਦੇ ਹੋਏ ਉਨ੍ਹਾਂ ਦੀਆਂ ਮਾਵਾਂ ਦੀ ਗੋਦ ਉਜਾੜ ਦਿੱਤੀ ਹੈ, ਉੱਥੇ ਹੀ ਕਈ ਅਜਿਹੇ ਪਰਿਵਾਰ ਵੀ ਸਾਹਮਣੇ ਆ ਰਹੇ ਹਨ, ਜਿਹੜੇ ਇਸ ਨਸ਼ੇ ਦੀ ਲਾਹਣਤ ਦੀ ਭੇਂਟ ਚੜ੍ਹਦੇ ਹੋਏ ਪੂਰੀ ਤਰ੍ਹਾਂ ਉੱਜੜ ਗਏ ਹਨ। ਹੁਣ ਜਦੋਂ ਸੂਬੇ ਅੰਦਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲੀ ਤਾਂ ਨੇੜਲੇ ਇੱਕ ਪਿੰਡ ’ਚ ਅਜਿਹਾ ਇੱਕ ਮਾਮਲਾ ਸਹਮਣੇ ਆਇਆ ਹੈ, ਜਿੱਥੇ ਇੱਕ ਪਤੀ-ਪਤਨੀ ਦੋਵੇਂ ਹੀ ਦਿਨ-ਰਾਤ ਖ਼ੁਦ ਤਾਂ ਨਸ਼ੇ ’ਚ ਟੁੰਨ ਰਹਿੰਦੇ ਸਨ ਅਤੇ ਇਨ੍ਹਾਂ ਦੀ 4 ਸਾਲ ਦੀ ਮਾਸੂਮ ਬੱਚੀ ਘਰ 'ਚ ਲਾਵਾਰਿਸਾਂ ਵਾਂਗ ਰੁਲ੍ਹ ਰਹੀ ਸੀ। ਹੁਣ ਜਦੋਂ ਪੰਜਾਬ 'ਚ ਪਹਿਲੀ ਵਾਰ ਨਸ਼ਿਆਂ ਖ਼ਿਲਾਫ਼ ਅਸਰਦਾਰ ਕਾਰਵਾਈ ਸ਼ੁਰੂ ਹੋਈ ਤਾਂ ਇਸ ਪਿੰਡ ਦੇ ਲੋਕਾਂ ਵੱਲੋਂ ਇਸ ਨਸ਼ੇੜੀ ਜੋੜੇ ਦੀਆਂ ਹਰਕਤਾਂ ਅਤੇ ਘਰ 'ਚ ਰੁਲ੍ਹ ਰਹੀ ਉਨ੍ਹਾਂ ਦੀ ਬੱਚੀ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਜੋ ਪੁਲਸ ਇਸ ਨਸ਼ੇੜੀ ਜੋੜੇ ਦਾ ਇਲਾਜ ਕਰਵਾ ਕੇ ਇਨ੍ਹਾਂ ਦੇ ਘਰ ਨੂੰ ਬਰਬਾਦ ਹੋਣ ਤੋਂ ਬਚਾਉਣ ਦਾ ਉਪਰਾਲਾ ਕਰ ਸਕੇ। ਮਿਲੀ ਸੂਚਨਾ ਦੇ ਆਧਾਰ ’ਤੇ ਸਮਰਾਲਾ ਪੁਲਸ ਦੀ ਟੀਮ ਨੇ ਮੌਕੇ ’ਤੇ ਇਸ ਜੋੜੇ ਦੇ ਘਰ ਪਹੁੰਚ ਕੇ ਜਦੋਂ ਹਾਲਾਤ ਵੇਖੇ ਤਾਂ ਪੁਲਸ ਵੀ ਹੈਰਾਨ ਰਹਿ ਗਈ ਕਿ ਦੋਵੇਂ ਜੀਅ ਨਸ਼ੇ ਦੀ ਹਾਲਤ 'ਚ ਸਨ ਅਤੇ ਉਨ੍ਹਾਂ ਦੀ ਧੀ ਦੀ ਸਾਂਭ-ਸੰਭਾਲ ਲਈ ਘਰ 'ਚ ਹੋਰ ਕੋਈ ਵੀ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਹੋਰ ਲੋੜਵੰਦਾਂ ਨੂੰ ਵੀ ਮਿਲੀ ਵੱਡੀ ਰਾਹਤ
ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਇਸ ਜੋੜੇ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਡੋਪ ਟੈਸਟ ਕਰਵਾਏ ਗਏ, ਤਾਂ ਜੋ ਇਹ ਅਸਲੀਅਤ ਸਾਹਮਣੇ ਆ ਸਕੇ, ਕਿ ਉਹ ਸੱਚਮੁੱਚ ਵਿਚ ਹੀ ਦੋਵੇਂ ਜਣੇ ਨਸ਼ੇ ਕਰਨ ਦੇ ਆਦੀ ਵੀ ਹਨ। ਜਦੋਂ ਦੋਵੇਂ ਪਤੀ-ਪਤਨੀ ਦੇ ਕਰਵਾਏ ਡੋਪ ਟੈਸਟ ਪਾਜ਼ੇਟਿਵ ਆ ਗਏ ਤਾਂ ਉਨ੍ਹਾਂ ਨੂੰ ਪੁਲਸ ਵੱਲੋਂ ਆਪਣੀ ਨਿਗਰਾਨੀ ਹੇਠ ਇਲਾਜ ਲਈ ਸਰਕਾਰੀ ਨਸ਼ਾ ਛੁਡਾਊ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਹ ਨਸ਼ੇੜੀ ਜੋੜਾ ਕੁੱਝ ਦਿਨ ਪਹਿਲਾ ਹੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੈਹਰੋਲੀ ਤੋਂ ਇੱਥੇ ਕਿਰਾਏ 'ਤੇ ਘਰ ਲੈ ਕੇ ਰਹਿਣ ਲਈ ਆਇਆ ਸੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੀਤੀ ਪੜਤਾਲ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਦੀ ਲੱਤ ਦਾ ਸ਼ਿਕਾਰ ਹੋਇਆ ਇਹ ਜੋੜਾ ਪਹਿਲਾ ਤਾਂ ਆਰਥਿਕ ਪੱਖ ਤੋਂ ਕਾਫੀ ਠੀਕ-ਠਾਕ ਸੀ ਅਤੇ ਮੋਹਾਲੀ ਵਿਖੇ ਇਨ੍ਹਾਂ ਦਾ ਪਹਿਲਾ ਪ੍ਰਾਪਰਟੀ ਡੀਲਰ ਦਾ ਚੰਗਾ ਕੰਮ ਸੀ। ਉਸ ਮਗਰੋਂ ਪਤੀ ਮੋਟਰ ਮਕੈਨਿਕ ਦਾ ਕੰਮ ਕਰਨ ਲੱਗ ਪਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ! ਅਗਲੇ 7 ਦਿਨਾਂ ਲਈ ਜਾਰੀ ਹੋਈ ਚਿਤਾਵਨੀ
ਨਸ਼ੇ ਦੀ ਲੱਤ ’ਤੇ ਲੱਗੇ ਜੋੜੇ ਦਾ ਪੁਲਸ ਕਰਵਾਏਗੀ ਇਲਾਜ
ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਨਸ਼ੇ ਖ਼ਤਮ ਕਰਨ ਦੇ ਨਾਲ-ਨਾਲ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੇ ਇਲਾਜ ਦਾ ਬੀੜਾ ਵੀ ਚੁੱਕਿਆ ਹੈ। ਇਸ ਲਈ ਪੁਲਸ ਇਸ ਪਤੀ-ਪਤਨੀ ਦਾ ਪੂਰਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਾਹਰ ਕੱਢਣ ਦੀ ਪੂਰੀ ਜ਼ਿੰਮੇਵਾਰੀ ਨਿਭਾਏਗੀ ਤਾਂ ਜੋ ਇਨ੍ਹਾਂ ਦਾ ਪਰਿਵਾਰ ਪਹਿਲਾ ਵਾਂਗ ਖੁਸ਼ਹਾਲ ਬਣ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਆਪਣੀ ਨਿਗਰਾਨੀ 'ਚ ਇਸ ਜੋੜੇ ਦਾ ਇਲਾਜ ਕਰਵਾ ਰਹੀ ਹੈ ਅਤੇ ਉਨ੍ਹਾਂ ਦੀ ਜਿਹੜੀ ਵੀ ਲੋੜ ਹੋਵੇਗੀ ਜਾਂ ਕਿਸੇ ਮਦਦ ਦੀ ਲੋੜ ਹੋਵੇਗੀ, ਉਹ ਪੁਲਸ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਪਿੰਡ ਦੇ ਲੋਕਾਂ ਨੇ ਪੁਲਸ ਦੀਆਂ ਸੰਪਰਕ ਮੀਟਿੰਗਾਂ ਤੋਂ ਪ੍ਰਭਾਵਿਤ ਹੋ ਕੇ ਇਸ ਪਰਿਵਾਰ ਨੂੰ ਬਚਾਉਣ ਲਈ ਸਾਹਮਣੇ ਆਉਣ ਦਾ ਕੰਮ ਕੀਤਾ ਹੈ, ਉਸ ਨਾਲ ਹੋਰ ਪਿੰਡਾਂ 'ਚ ਵੀ ਲੋਕ ਪ੍ਰੇਰਿਤ ਹੋਣਗੇ।
ਬੱਚੀ ਨੂੰ ਦੇਖਭਾਲ ਲਈ ਜਾਣਕਾਰ ਪਰਿਵਾਰ ਨੂੰ ਸੌਂਪਿਆ
ਪੁਲਸ ਵੱਲੋਂ ਇਲਾਜ ਲਈ ਨਸ਼ਾ ਛੁਡਾਊ ਸੈਂਟਰ ਵਿਚ ਦਾਖ਼ਲ ਕਰਵਾਏ ਇਸ ਜੋੜੇ ਦੀ 4 ਸਾਲਾ ਮਾਸੂਮ ਬੱਚੀ ਨੂੰ ਫਿਲਹਾਲ ਇੱਕ ਜਾਣਕਾਰ ਪਰਿਵਾਰ ਨੂੰ ਸੌਂਪਿਆ ਗਿਆ ਹੈ ਤਾਂ ਜੋ ਜਿੰਨਾ ਚਿਰ ਇਲਾਜ ਚਲਦਾ ਹੈ, ਇਸ ਬੱਚੀ ਨੂੰ ਸੰਭਾਲਿਆ ਜਾ ਸਕੇ। ਜਦੋਂ ਇਹ ਜੋੜਾ ਇਲਾਜ ਉਪਰੰਤ ਤੰਦਰੁਸਤ ਹੋ ਕੇ ਘਰ ਪਰਤੇਗਾ ਤਾਂ ਇਸ ਬੱਚੀ ਨੂੰ ਉਨ੍ਹਾਂ ਨੂੰ ਮੁੜ ਸੌਂਪ ਦਿੱਤਾ ਜਾਵੇਗਾ।
ਲੋਕਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕਦਾ : ਡਾ.ਜੋਤੀ ਯਾਦਵ
ਐੱਸ. ਐੱਸ. ਪੀ. ਡਾ. ਜੋਤੀ ਯਾਦਵ ਨੇ ਨਸ਼ਿਆਂ ਦੇ ਨੈੱਟਵਰਕ ਦਾ ਸਫ਼ਾਇਆ ਕਰਨ ਅਤੇ ਨੇੜਲੇ ਕੇਂਦਰਾਂ ਵਿੱਚ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਪੰਜਾਬ ਪੁਲਸ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਵਿੱਚ ਪੁਲਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ. ਜੋਤੀ ਯਾਦਵ ਬੈਂਸ ਨੇ ਇਹ ਵੀ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਲਾਹਣਤ ਤੋਂ ਬਚਾਉਣ ਲਈ ਇਸ ਮੁਹਿੰਮ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣਾ ਹਰੇਕ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਣਥੱਕ ਯਤਨਾਂ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ, ਸਿਹਤਮੰਦ ਅਤੇ ਖੁਸ਼ਹਾਲ ਸੂਬਾ ਬਣਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ ਤੇ ਗੋਲੀਆਂ ਬਿਨਾਂ ਲਾਇਸੈਂਸ ਰੱਖਣ ’ਤੇ ਪਾਬੰਦੀ
NEXT STORY