ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੇ ਮੁਹੱਲਾ ਪੰਡੋਰਾ ਵਿਖੇ ਕੁਸ਼ਟ ਆਸ਼ਰਮ ਦੇ ਨੇੜੇ ਸਥਿਤ ਨਗਰ ਕੌਂਸਲ ਦੇ ਪਖ਼ਾਨਿਆਂ ਨੇੜੇ ਪੁਲਸ ਨੇ ਖ਼ੂਨ ਨਾਲ ਲਥਪਥ ਲਾਸ਼ ਬਹਾਮਦ ਕੀਤੀ ਹੈ। ਮੌਕੇ ’ਤੇ ਇਕੱਠੇ ਲੋਕਾਂ ਨੇ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਰਾਧਾ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਛੱਤੀਸਗੜ੍ਹ ਸੂਬੇ ਦੇ ਜ਼ਿਲ੍ਹਾ ਰਾਇਪੁਰ ਦੇ ਵਾਸੀ ਹਨ ਅਤੇ ਪਿਛਲੇ ਕਰੀਬ 4 ਦਹਾਕਿਆਂ ਤੋਂ ਨਵਾਂਸ਼ਹਿਰ ਵਿਖੇ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦੇ 3 ਮੁੰਡਿਆਂ ’ਚ ਵਿਚਕਾਰਲੇ ਵਾਲੇ ਮੁੰਡੇ ਦਾ ਨਾਂ ਅਜੈ (32) ਸਾਲ ਹੈ, ਜੋਕਿ ਵਿਆਇਆ ਹੋਇਆ ਹੈ ਅਤੇ ਉਸ ਦੇ 7, 11 ਅਤੇ 13 ਸਾਲਾ ਦੇ ਤਿੰਨ ਮੁੰਡੇ ਹਨ।
ਉਸ ਨੇ ਦੱਸਿਆ ਕਿ ਅਜੈ ਦੀ ਪਤਨੀ ਪਿਛਲੇ 2 ਸਾਲਾਂ ਤੋਂ ਆਪਣੇ ਪੇਕੇ ਪਰਿਵਾਰ ਨਾਲ ਜਲੰਧਰ ਵਿਖੇ ਰਹਿੰਦੀ ਹੈ ਅਤੇ ਉਸ ਨੇ ਪਤੀ ਤੋਂ ਤਲਾਕ ਦਾ ਮੁਕੱਦਮਾ ਦਰਜ ਕੀਤਾ ਹੋਇਆ ਹੈ। ਤਿੰਨ ਬੱਚੇ ਆਪਣੀ ਮਾਂ ਦੇ ਨਾਲ ਹੀ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਸ ਦਾ ਮੁੰਡਾ ਕਬਾੜ ਦਾ ਕੰਮ ਕਰਦਾ ਹੈ ਅਤੇ ਸਵੇਰੇ ਤੜਕਸਾਰ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਤੋਂ ਕਬਾੜ ਇਕੱਤਰ ਕਰਨ ਲਈ ਚਲਾ ਜਾਂਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਦੂਜੇ ਮੁੰਡੇ ਦਾ ਰਿਸ਼ਤੇਦਾਰ ਅਜੈ ਦੇ ਨਾਲ ਹੀ ਰਹਿੰਦਾ ਸੀ ਅਤੇ ਦੋਵੇਂ ਸ਼ਰਾਬ ਦੇ ਆਦੀ ਹਨ। ਉਸ ਦਾ ਮੁੰਡਾ ਘਰ ਵਿਚ ਰਹਿਣ ਦੀ ਥਾਂ ’ਤੇ ਪਖ਼ਾਨਿਆਂ ਦੇ ਬਾਹਰ ਹੀ ਸੌਂ ਜਾਂਦਾ ਸੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਜਦੋਂ ਉਹ ਆਪਣੀ ਪੌਤਰੀ ਨੂੰ ਘੁਮਾਉਣ ਲਈ ਬਾਹਰ ਲੈ ਕੇ ਆਈ ਤਾਂ ਵੇਖਿਆ ਕਿ ਉਕਤ ਪਖ਼ਾਨਿਆਂ ਦੇ ਬਾਹਰ ਉਸ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਸੀ। ਉਸ ਨੇ ਦੱਸਿਆ ਉਸ ਦੇ ਮੁੰਡੇ ਦੀ ਕੁੱਝ ਦਿਨ੍ਹਾਂ ਪਹਿਲਾਂ ਦੂਜੇ ਮੁੰਡੇ ਦੇ ਰਿਸ਼ਤੇਦਾਰ ਨਾਲ ਬਹਿਸ ਵੀ ਹੋਈ ਸੀ।
ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ‘ਆਪ’ ’ਤੇ ਕੱਸੇ ਤੰਜ, ਕਿਹਾ-ਗਾਰੰਟੀਆਂ ਤੋਂ ਭੱਜਣ ਲਈ ਲੱਭ ਰਹੇ ਨੇ ਰਸਤੇ
ਮ੍ਰਿਤਕ ਨੇੜੇ ਪਏ ਭਾਰੀ ਪੱਥਰ ਨਾਲ ਕਤਲ ਦੇ ਸ਼ੱਕ ਨੂੰ ਮਿਲਿਆ ਬਲ
ਉਕਤ ਘਟਨਾ ਵਾਲੀ ਥਾਂ ਦੇ ਨੇੜੇ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਨ੍ਹਾਂ ਅਜੈ ਦੇ ਨਾਲ 3-4 ਲੋਕਾਂ ਨੂੰ ਸ਼ਰਾਬ ਪੀਂਦੇ ਵੇਖਿਆ ਸੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਉਕਤ ਅਜੈ ਨਾਲ ਝਗੜਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਅਜੈ ਦੀ ਲਾਸ਼ ਦੇ ਨੇੜੇ ਇਕ ਵੱਡਾ ਪੱਥਰ ਵੀ ਮਿਲਿਆ ਹੈ, ਜਿਸ ’ਤੇ ਖ਼ੂਨ ਦੇ ਨਿਸ਼ਾਨ ਹਨ। ਇਥੇ ਇਹ ਵੀ ਦੱਸਿਆ ਕਿ ਅਜੈ ਦੇ ਨਾਲ ਰਹਿਣ ਵਾਲਾ ਉਸ ਦੇ ਭਰਾ ਦਾ ਰਿਸ਼ਤੇਦਾਰ ਘਟਨਾ ਤੋਂ ਬਾਅਦ ਗਾਇਬ ਪਾਇਆ ਜਾ ਰਿਹਾ ਹੈ। ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
ਕੀ ਕਹਿਣਾ ਹੈ ਐੱਸ. ਐੱਚ. ਓ. ਇੰਸਪੈਕਟਰ ਹਰਕੀਰਤ ਦਾ
ਇਸ ਸਬੰਧ ’ਚ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਸਵੇਰੇ ਕਰੀਬ ਸਾਢੇ 6 ਵਜੇ ਉਨ੍ਹਾਂ ਦੇ ਧਿਆਨ ’ਚ ਆਇਆ ਸੀ, ਜਿਸ ਉਪਰੰਤ ਉਕਤ ਸਥਾਨ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਵਿਖੇ ਭੇਜਿਆ ਗਿਆ ਹੈ, ਜਦਕਿ ਨੇੜੇ ਪਏ ਪੱਥਰ ਨੂੰ ਵੀ ਕਬਜ਼ੇ ’ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਮ੍ਰਿਤਕ ਦੇ ਜਿਸ ਭਰਾ ਦੇ ਬਿਆਨ ਲਏ ਜਾ ਰਹੇ ਹਨ ਇਸ ਮਾਮਲੇ ’ਚ ਉਸੀ ਭਰਾ ਦੇ ਰਿਸ਼ਤੇਦਾਰ ’ਤੇ ਸ਼ਰਾਬ ਦੇ ਨਸ਼ੇ ’ਚ ਲੜਾਈ ਕਰਨ ਦਾ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਹੈ, ਜਦਕਿ ਖ਼ਬਰ ਲਿਖੇ ਜਾਣ ਤਕ ਪੁਲਸ ਨੇ ਉਕਤ ਰਿਸ਼ਤੇਦਾਰ ਸਬੰਧੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਸੀ। ਜਿਸ ਨਲ ਪੁਲਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਹੋ ਰਹੇ ਹਨ?
ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਭਗਵੰਤ ਮਾਨ, ਭ੍ਰਿਸ਼ਟਾਚਾਰ ਵਿਰੁੱਧ ਮਿਲੀ ਸ਼ਿਕਾਇਤ ਸਬੰਧੀ ਤੁਰੰਤ ਜਾਂਚ ਦੇ ਦਿੱਤੇ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਤਬਾਦਲੇ ਦੀ ਉਡੀਕ 'ਚ ਕੰਮ 'ਚ ਦਿਲਚਸਪੀ ਨਹੀਂ ਦਿਖਾ ਰਹੇ ਅਧਿਕਾਰੀ
NEXT STORY