ਖਰੜ (ਰਣਬੀਰ) : ਗੱਡੀ ਦੀ ਰਜਿਸਟ੍ਰੇਸ਼ਨ ’ਚ ਲਾਲ ਰੰਗ ਦੱਸ ਕੇ ਕਾਲਾ ਰੰਗ ਕਰਵਾਉਣ ’ਤੇ ਪੁਲਸ ਨੇ ਇਸ ਨੂੰ ਕਬਜ਼ੇ ’ਚ ਲੈ ਕੇ ਚਲਾਨ ਕੱਟ ਦਿੱਤਾ। ਖਰੜ-ਲੁਧਿਆਣਾ ਹਾਈਵੇ ''ਤੇ ਚੰਡੀਗੜ੍ਹ ਯੂਨੀਵਰਸਿਟੀ ਨੇੜੇ ਭਾਗੋਮਾਜਰਾ ਟੋਲ ਪਲਾਜ਼ਾ ਕੋਲ ਟ੍ਰੈਫਿਕ ਪੁਲਸ ਖਰੜ ਵੱਲੋਂ ਅੱਧੀ ਰਾਤ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਥਾਰ ਸਵਾਰ ਨੌਜਵਾਨ ਨੂੰ ਰੋਕਿਆ ਗਿਆ। ਵਾਹਨ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਮੁਤਾਬਕ ਇਹ ਜੀਪ ਲਾਲ ਰੰਗ ਦੀ ਹੈ ਪਰ ਮਾਲਕ ਨੇ ਇਸ ਦਾ ਬਾਹਰੋਂ ਕਾਲਾ ਰੰਗ ਕਰਵਾ ਰੱਖਿਆ ਸੀ।
ਇਸ ਤੋਂ ਇਲਾਵਾ ਜੀਪ 'ਤੇ ਬਿਨਾਂ ਮਨਜ਼ੂਰੀ ਸਪਾਟਲਾਈਟ, ਫੈਨਸੀ ਲਾਈਟਾਂ ਵੀ ਲਾਈਆਂ ਹੋਈਆਂ ਸਨ ਅਤੇ ਰਜਿਸਟ੍ਰੇਸ਼ਨ ਅਨੁਸਾਰ ਇਸ ’ਚ ਗ਼ੈਰ-ਕਾਨੂੰਨੀ ਤਬਦੀਲੀਆਂ ਵੀ ਕੀਤੀਆਂ ਗਈਆਂ ਸਨ। ਗੱਡੀ ਚਾਲਕ ਨੌਜਵਾਨ ਨਾ ਤਾਂ ਡਰਾਈਵਿੰਗ ਲਾਇਸੈਂਸ ਪੇਸ਼ ਕਰ ਸਕਿਆ, ਨਾ ਹੀ ਉਸ ਕੋਲ ਜੀਪ ਦੀ ਆਰ. ਸੀ. ਤੇ ਇੰਸ਼ੋਰੈਂਸ ਸੀ। ਇਸ ਕਰਕੇ ਪੁਲਸ ਨੇ ਵਾਹਨ ਨੂੰ ਕਬਜ਼ੇ ’ਚ ਲੈ ਕੇ ਚਲਾਨ ਕੱਟ ਦਿੱਤਾ। ਇਸ ਸਬੰਧੀ ਟ੍ਰੈਫਿਕ ਇੰਚਾਰਜ ਇੰਸਪੈਕਟਰ ਓਮਵੀਰ ਸਿੰਘ ਨੇ ਦੱਸਿਆ ਕਿ ਜਦੋਂ ਜੀਪ ਚਾਲਕ ਨੂੰ ਬਿਨਾਂ ਕਾਰਨ ਟੋਲ ਪਲਾਜ਼ਾ ਕੋਲ ਗੇੜੀਆਂ ਮਾਰਦਿਆਂ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਜ਼ੋਰਾਵਰ ਸਿੰਘ ਦੱਸਿਆ। ਇਸ ਪਿੱਛੋਂ ਉਸ ਤੋਂ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ।
ਜੀਪ ਦਾ ਨੰਬਰ ਯੂ. ਪੀ.16ਸੀ ਡਬਲਯੂ-3456 ਸੀ। ਜਦੋਂ ਪੁਲਸ ਨੇ ਇਸ ਨੰਬਰ ਦੇ ਵਾਹਨ ਦੀ ਆਨਲਾਈਨ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਕੰਪਨੀ ਤੋਂ ਖ਼ਰੀਦੇ ਗਏ ਵਾਹਨ ਦਾ ਰੰਗ ਲਾਲ ਸੀ, ਜਦਕਿ ਮੌਜੂਦਾ ਸਮੇਂ ਗੱਡੀ ਦਾ ਰੰਗ ਕਾਲਾ ਸੀ। ਇਸ ਪਿੱਛੋਂ ਜਦੋਂ ਪੁਲਸ ਟੀਮ ਨੇ ਜੀਪ ਦੇ ਦਰਵਾਜ਼ੇ ਖੋਲ੍ਹੇ ਤਾਂ ਅੰਦਰੋਂ ਸਾਰੀ ਜੀਪ ਲਾਲ ਰੰਗ ਦੀ ਨਜ਼ਰ ਆਈ। ਸ਼ੱਕੀ ਵਾਹਨ ਨੂੰ ਵੇਖਦਿਆਂ ਪੁਲਸ ਨੇ ਜਦੋਂ ਚਾਲਕ ਤੋਂ ਵਾਹਨ ਦੇ ਦਸਤਾਵੇਜ਼ ਮੰਗੇ ਤਾਂ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਲਈ ਯੂ. ਪੀ. ’ਚ ਰਜਿਸਟ੍ਰੇਸ਼ਨ ਵਾਲੇ ਇਸ ਵਾਹਨ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਵਾਹਨ ਚਾਲਕ ਦਾ ਚਲਾਨ ਕੱਟ ਦਿੱਤਾ।
ਨਵਜੋਤ ਸਿੱਧੂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦਾ ਪ੍ਰੋਗਰਾਮ ਟਾਲਿਆ
NEXT STORY