ਜਲੰਧਰ, (ਪੁਨੀਤ)–ਛੁੱਟੀ ਕਾਰਣ 2 ਦਿਨ ਬਾਅਦ ਖੁੱਲ੍ਹੇ ਪਾਵਰ ਨਿਗਮ ਦੇ ਕੈਸ਼ ਕਾਊਂਟਰਾਂ ’ਤੇ ਵਿਭਾਗ ਨੂੰ ਬੀਤੇ ਦਿਨ 4.67 ਕਰੋੜ ਰੁਪਏ ਦੀ ਨਕਦ ਕੁਲੈਕਸ਼ਨ ਹੋਈ, ਜਿਸ ਨੂੰ ਇਸ ਮਹੀਨੇ ਦੀ ਸਭ ਤੋਂ ਵੱਧ ਕੁਲੈਕਸ਼ਨ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ 3 ਕਰੋੜ ਦਾ ਅੰਕੜਾ ਵੀ ਛੂਹ ਨਹੀਂ ਸਕੀ। ਅੱਜ 4.67 ਕਰੋੜ ਦੀ ਕੁਲੈਕਸ਼ਨ ਨਾਲ ਵਿਭਾਗੀ ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਕਿਉਂਕਿ ਪਾਵਰ ਨਿਗਮ ਦੇ ਹੈੱਡ ਆਫਿਸ ਪਟਿਆਲਾ ਵਲੋਂ ਕੈਸ਼ ਕੁਲੈਕਸ਼ਨ ’ਤੇ ਜ਼ੋਰ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਇਸ ਲਈ ਜਿਹੜੇ ਖਪਤਕਾਰਾਂ ਦੇ ਬਿੱਲ ਗਲਤ ਬਣੇ ਹਨ, ਨੂੰ ਤੁਰੰਤ ਠੀਕ ਕਰਨ ਲਈ ਕਿਹਾ ਜਾ ਰਿਹਾ ਹੈ। ਬਿਜਲੀ ਦੇ ਬਿੱਲਾਂ ਸਬੰਧੀ ਅੱਜ ਕੰਟਰੋਲ ਰੂਮ ਵਿਚ 19 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਹੱਲ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਡਿਫਾਲਟਰਾਂ ’ਤੇ ਕਾਰਵਾਈ ਕਰਦਿਆਂ ਵਿਭਾਗੀ ਅਧਿਕਾਰੀਆਂ ਨੇ ਪਹਿਲੇ ਦਿਨ ਉਨ੍ਹਾਂ ਕੋਲੋਂ 62 ਲੱਖ ਰੁਪਏ ਵਸੂਲੇ। ਅਧਿਕਾਰੀਆਂ ਨੇ ਕਿਹਾ ਕਿ ਇਸ ਲਈ ਜਲੰਧਰ ਸਰਕਲ ਦੀਆਂ 5 ਡਵੀਜ਼ਨਾਂ ਵਿਚ ਟੀਮਾਂ ਬਣਾਈਆਂ ਗਈਆਂ ਹਨ। ਬੀਤੇ ਦਿਨ ਮਾਡਲ ਟਾਊਨ ਡਵੀਜ਼ਨ ਵਿਚ ਕੋਰੋਨਾ ਦਾ ਕੇਸ ਆਉਣ ਕਾਰਣ ਉੱਥੋਂ ਦੇ ਸਟਾਫ ਵਲੋਂ ਕੁਲੈਕਸ਼ਨ ਨਹੀਂ ਕੀਤੀ ਜਾ ਸਕੀ। ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਇਤਾਂ ਵੱਧ ਹੋਣ ਕਾਰਣ ਕਰਮਚਾਰੀ ਉੱਥੇ ਤਾਇਨਾਤ ਰਹੇ। ਮੰਗਲਵਾਰ ਨੂੰ ਸ਼ਿਕਾਇਤਾਂ ਘੱਟ ਹੋਣ ਕਾਰਣ ਕੁਲੈਕਸ਼ਨ ਵੀ ਵੱਧ ਤੋਂ ਵੱਧ ਹੋਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਖਪਤਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਬਿੱਲਾਂ ਦਾ ਭੁਗਤਾਨ ਤੁਰੰਤ ਕਰਨ ਤਾਂ ਕਿ ਉਨ੍ਹਾਂ ਨੂੰ ਕਿਸੇ ਵਿਭਾਗੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਸਟਾਫ ਮੈਂਬਰ 50 ਹਜ਼ਾਰ ਦੇ ਪੈਂਡਿੰਗ ਬਿੱਲ ਵਾਲਿਆਂ ਦੀਆਂ ਲਿਸਟਾਂ ਵੀ ਨਾਲ ਲੈ ਕੇ ਜਾ ਰਹੇ ਹਨ। ਦੂਜੇ ਪਾਸੇ ਕਈ ਖਪਤਕਾਰ ਵਿਭਾਗੀ ਕਾਰਵਾਈ ਤੋਂ ਬਚਣ ਲਈ ਸੇਵਕ ਮਸ਼ੀਨਾਂ ਵਿਚ ਜਾ ਕੇ ਬਿੱਲ ਜਮ੍ਹਾ ਕਰਵਾਉਂਦੇ ਨਜ਼ਰ ਆਏ।
ਪਟਿਆਲਾ ਭੇਜੀ ਜਾ ਰਹੀ ਹੈ ਡਿਫਾਲਟਰਾਂ ਦੀ ਰਿਕਵਰੀ ਰਿਪੋਰਟ
ਵਿਭਾਗ ਵਲੋਂ ਰੋਜ਼ਾਨਾ ਲਿਸਟਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ, ਇਸ ਦੇ ਨਾਲ-ਨਾਲ ਸਰਕਲ ਨਾਲ ਸਬੰਧਤ ਐਕਸੀਅਨਾਂ ਤੋਂ ਰਿਪੋਰਟ ਲਈ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਰਿਕਵਰੀ ਸਬੰਧੀ ਰਿਪੋਰਟ ਨੂੰ ਪਾਵਰ ਨਿਗਮ ਦੇ ਹੈੱਡ ਆਫਿਸ ਪਟਿਆਲਾ ਭੇਜਿਆ ਜਾ ਰਿਹਾ ਹੈ। ਸੀਨੀਅਰ ਰੈਵੇਨਿਊ ਅਧਿਕਾਰੀ ਵੀ ਡਿਫਾਲਟਰਾਂ ਕੋਲੋਂ ਰਿਕਵਰੀ ਲਈ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੇ ਹਨ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਰਹੇ ਹਨ। ਦੂਜੇ ਪਾਸੇ ਪਟਿਆਲਾ ਵਿਚ ਰਿਕਵਰੀ ਨੂੰ ਰੀਵਿਊ ਕਰ ਕੇ ਦੇਖਿਆ ਜਾ ਰਿਹਾ ਹੈ ਕਿ ਹਰੇਕ ਹਫਤੇ ਕਿੰਨੀ ਰਿਕਵਰੀ ਵੱਧ ਰਹੀ ਹੈ।
ਬਰਨਾਲਾ ਜ਼ਿਲ੍ਹੇ ’ਚ ਕੋਰੋਨਾ ਦੇ 16 ਨਵੇਂ ਮਰੀਜ਼ ਆਏ ਸਾਹਮਣੇ
NEXT STORY