ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ਰਾਬ ਅਤੇ ਮਾਈਨਿੰਗ ਠੇਕੇਦਾਰਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਚਾਰ ਜ਼ਿਲਿਆਂ ਦੇ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ, ਜਿਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਸਰਕਾਰੀ ਖਜ਼ਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਵਾਲੀਆਂ ਸ਼ਰਾਬ ਦੀਆਂ ਫੈਕਟਰੀਆਂ ਅਤੇ ਆਬਕਾਰੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਕਾਰ ਨੂੰ ਸੂਬੇ ਦੇ ਮਜ਼ਦੂਰਾਂ ਦੀ ਭਲਾਈ ਲਈ ਇਕ ਠੋਸ ਰਣਨੀਤੀ ਤਿਆਰ ਕਰਨ ਲਈ ਵੀ ਆਖਿਆ, ਜਿਸ ਤਹਿਤ ਮਨਰੇਗਾ ਮੈਨ ਡੇਜ਼ 'ਚ ਸੂਬੇ ਅਤੇ ਕਿਸਾਨਾਂ ਦਾ ਹਿੱਸਾ ਜੋੜ ਕੇ ਇਕ ਅਜਿਹਾ ਪ੍ਰਸਤਾਵ ਤਿਆਰ ਕੀਤਾ ਜਾਵੇ ਕਿ ਮਜ਼ਦੂਰਾਂ ਨੂੰ ਝੋਨੇ ਦੀ ਬਿਜਾਈ ਦੇ ਕੰਮਾਂ 'ਚ ਲਾਇਆ ਜਾ ਸਕੇ। ਉਨ੍ਹਾਂ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਕਿ ਉਹ ਇਸ ਗੱਲ ਦਾ ਖੁਲਾਸਾ ਕਰੇ ਕਿ ਕੋਵਿਡ-19 ਦੀ ਰੋਕਥਾਮ ਲਈ ਇਸ ਨੇ ਕੇਂਦਰ ਕੋਲੋਂ ਕਿੰਨੇ ਪੈਸੇ ਹਾਸਿਲ ਕੀਤੇ ਹਨ ਅਤੇ ਹੁਣ ਤਕ ਇਸ ਕੰਮ ਵਾਸਤੇ ਕਿੰਨਾ ਪੈਸਾ ਖਰਚਿਆ ਹੈ।
ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕੋਈ ਮੁਆਵਜ਼ਾ
ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਆਬਕਾਰੀ ਆਮਦਨ 'ਚ ਪਏ 5600 ਕਰੋੜ ਰੁਪਏ ਦੇ ਘਾਟੇ ਦੇ ਬਾਵਜੂਦ ਸ਼ਰਾਬ ਅਤੇ ਮਾਈਨਿੰਗ ਠੇਕੇਦਾਰਾਂ ਨੂੰ ਦਿੱਤੇ 826 ਕਰੋੜ ਰੁਪਏ ਦੇ ਮੁਆਵਜ਼ੇ ਬਾਰੇ ਬੋਲਦੇ ਪ੍ਰੋਫੈਸਰ ਚੰਦੂਮਾਜਰਾ ਨੇ ਪੁੱਛਿਆ ਕਿ ਵਧੇਰੇ ਮੀਹਾਂ ਨਾਲ ਕਣਕ ਦਾ ਝਾੜ ਘਟਣ ਕਰਕੇ ਪਟਿਆਲਾ, ਰੋਪੜ, ਮੋਹਾਲੀ ਅਤੇ ਫਤਹਿਗੜ੍ਹ ਸਾਹਿਬ ਦੇ ਜ਼ਿਲਿਆਂ ਕਿਸਾਨਾਂ ਨੂੰ ਕੋਈ ਵੀ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲਿਆਂ ਦੇ ਕਿਸਾਨਾਂ ਦਾ ਪਿਛਲੇ ਸਾਲ ਦੇ ਮੁਕਾਬਲੇ 2 ਲੱਖ ਮੀਟਰਿਕ ਟਨ ਝਾੜ ਘਟਣ ਕਾਰਨ 350 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਇਨ੍ਹਾਂ ਕਿਸਾਨਾਂ ਨੂੰ ਇਕ ਰੁਪਿਆ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਵੀ ਥੋੜ੍ਹੀ ਸੰਵੇਦਨਸ਼ੀਲਤਾ ਵਿਖਾਉਣ ਅਤੇ ਕੁਦਰਤੀ ਆਫਤ ਰਾਹਤ ਫੰਡ 'ਚ ਪਏ 6 ਹਜ਼ਾਰ ਕਰੋੜ ਰੁਪਏ 'ਚੋਂ ਇਨ੍ਹਾਂ ਕਿਸਾਨਾਂ ਲਈ ਮੁਆਵਜ਼ਾ ਜਾਰੀ ਕਰਨ।
ਇਹ ਵੀ ਪੜ੍ਹੋ: ਪੰਜਾਬ 'ਚ ਦੌੜਣ ਲੱਗੀਆਂ 100 ਤੋਂ ਵੱਧ ਬੱਸਾਂ, 12 ਲੱਖ ਦੀ ਹੋਈ ਕੁਲੈਕਸ਼ਨ
ਕੈਪਟਨ ਕਰਨ ਸ਼ਰਾਬ ਦੀਆਂ ਫੈਕਟਰੀਆਂ 'ਤੇ ਠੋਸ ਕਾਰਵਾਈ
ਪ੍ਰੋ. ਚੰਦੂਮਾਜਰਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸ਼ਰਾਬ ਦੀਆਂ ਫੈਕਟਰੀਆਂ 'ਤੇ ਮਾਰੇ ਛਾਪਿਆਂ ਮਗਰੋਂ ਤੁਰੰਤ ਠੋਸ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਬਿਲਕੁਲ ਸਾਫ ਹੈ ਕਿ ਸੂਬੇ ਨੂੰ ਬਿਨਾਂ ਕੋਈ ਆਬਕਾਰੀ ਟੈਕਸ ਦਿੱਤੇ ਇਨ੍ਹਾਂ ਸ਼ਰਾਬ ਦੀਆਂ ਫੈਕਟਰੀਆਂ 'ਚੋਂ ਟਰੱਕਾਂ ਦੇ ਟਰੱਕ ਨਜਾਇਜ਼ ਸ਼ਰਾਬ ਅਤੇ ਈ. ਐੱਨ. ਏ. ਨੂੰ ਬਾਹਰ ਢੋਇਆ ਗਿਆ ਸੀ, ਜਿਸ ਕਰਕੇ ਇਨ੍ਹਾਂ ਸ਼ਰਾਬ ਦੀਆਂ ਫੈਕਟਰੀਆਂ ਦਾ ਕਾਰੋਬਾਰ ਵੇਖਣ ਵਾਲੇ ਸਾਰੇ ਈ. ਟੀ. ਓਜ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਨੂੰ ਲੁੱਟਣ 'ਚ ਫੈਕਟਰੀਆਂ ਦੀ ਮਦਦ ਕਰਨ ਵਾਲੇ ਸਾਰੇ ਦੋਸ਼ੀ ਈ. ਟੀ. ਓਜ਼ ਨੂੰ ਤੁਰੰਤ ਮੁਅੱਤਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸੀ ਆਗੂਆਂ ਅਤੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਨੂੰ ਆਬਕਾਰੀ ਵਿਭਾਗ ਦਾ ਹੋਇਆ ਨੁਕਸਾਨ ਵਾਪਸ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਉਣ ਲਈ ਕਿਹਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਵੱਲੋਂ ਝੋਨੇ ਦੀ ਬਿਜਾਈ 'ਚ ਲੱਗੇ ਮਜ਼ਦੂਰਾਂ ਨੂੰ ਮਨਰੇਗਾ ਫੰਡਾਂ ਰਾਹੀ ਅਦਾਇਗੀ ਕਰਨ ਲਈ ਕੇਂਦਰ ਨੂੰ ਲਿਖੀ ਚਿੱਠੀ ਬਾਰੇ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਕੋਈ ਅਜਿਹਾ ਪੈਕੇਜ ਲੈ ਕੇ ਆਉਣਾ ਚਾਹੀਦਾ ਹੈ, ਜਿਸ ਨਾਲ ਪੰਜਾਬੀ ਮਜ਼ਦੂਰਾਂ ਨੂੰ ਝੋਨੇ ਦੀ ਬਿਜਾਈ ਕਰਨਾ ਇਕ ਵਧੀਆ ਬਦਲ ਜਾਪੇ, ਕਿਉਂਕਿ ਉਹ ਦਹਾਕਿਆਂ ਤੋਂ ਇਸ ਕੰਮ ਤੋਂ ਪਾਸਾ ਵੱਟਦੇ ਆਏ ਹਨ। ਉਨ੍ਹਾਂ ਕਿਹਾ ਕਿ ਕੇਂਦਰ, ਸੂਬਾ ਸਰਕਾਰ ਅਤੇ ਕਿਸਾਨਾਂ ਵਿਚਕਾਰ ਇਕ ਤਿੰਨ-ਧਿਰੀ ਸਮਝੌਤਾ ਹੋਣਾ ਚਾਹੀਦਾ ਹੈ ਤਾਂ ਕਿ ਸਥਾਨਕ ਦਿਹਾੜੀਦਾਰਾਂ ਨੂੰ ਵਧੀਆ ਦਿਹਾੜੀ ਮਿਲ ਸਕੇ, ਕਿਉਂਕਿ ਪ੍ਰਵਾਸੀ ਮਜ਼ਦੂਰਾਂ ਦੀ ਗੈਰ-ਹਾਜ਼ਰੀ 'ਚ ਕਿਸਾਨਾਂ ਨੂੰ ਸਥਾਨਕ ਮਜ਼ਦੂਰਾਂ 'ਤੇ ਹੀ ਨਿਰਭਰ ਹੋਣਾ ਪਵੇਗਾ।
ਇਹ ਵੀ ਪੜ੍ਹੋ: ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਜਲੰਧਰ ਦੇ ਇਸ ਟਿਕ-ਟਾਕ ਸਟਾਰ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)
ਕੇਂਦਰ ਤੋਂ ਮਿਲੇ ਫੰਡਾਂ ਤੇ ਹੋਏ ਖਰਚ ਦਾ ਕੈਪਟਨ ਦੇਵੇਂ ਵੇਰਵਾ
ਅਕਾਲੀ ਦਲ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਕੋਵਿਡ-19 ਦੀ ਰੋਕਥਾਮ ਲਈ ਕੇਂਦਰ ਕੋਲੋਂ ਸੂਬੇ ਨੂੰ ਕਿੰਨੇ ਪੈਸੇ ਮਿਲੇ ਹਨ ਅਤੇ ਸੂਬੇ ਨੇ ਇਸ 'ਚੋਂ ਕਿੰਨੇ ਪੈਸੇ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਹਿਸੂਸ ਕਰਦੇ ਹਨ ਕਿ ਸਰਕਾਰ ਨੇ ਸਿਹਤ ਢਾਂਚੇ ਅਤੇ ਸਿਹਤ ਸਟਾਫ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ ਹੈ। ਇਥੋਂ ਤਕ ਕਿ ਕਾਂਗਰਸੀ ਵਿਧਾਇਕ ਅਤੇ ਸੰਸਦ ਮੈਂਬਰ ਵੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਦਿੱਤੀਆਂ ਘਟੀਆ ਕਿਸਮ ਦੀਆਂ ਪੀ. ਪੀ. ਈ. ਕਿਟਾਂ ਬਾਰੇ ਸ਼ਿਕਾਇਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਕੇਂਦਰ ਤਾਲਾਬੰਦੀ ਤੋਂ ਬਾਅਦ ਪੰਜਾਬ ਨੂੰ 6611 ਕਰੋੜ ਰੁਪਏ ਜਾਰੀ ਕਰ ਚੁੱਕਿਆ ਹੈ, ਜਿਨ੍ਹਾਂ 'ਚ ਕੌਮੀ ਸਿਹਤ ਮਿਸ਼ਨ ਤਹਿਤ 112 ਕਰੋੜ ਰੁਪਏ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਈ ਮਹੀਨੇ ਲਈ ਕੇਂਦਰੀ ਟੈਕਸਾਂ 'ਚ ਸੂਬੇ ਦੀ ਹਿੱਸੇਦਾਰੀ ਵਜੋਂ 823 ਕਰੋੜ ਰੁਪਏ ਅਤੇ 122 ਕਰੋੜ ਦੀ ਇਕ ਹੋਰ ਗਰਾਂਟ ਸਮੇਤ ਕੱਲ੍ਹ ਦੋ ਕਿਸ਼ਤਾਂ ਸੂਬੇ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਕੋਲ ਕੁਦਰਤੀ ਆਫਤ ਰਾਹਤ ਫੰਡ 'ਚ 6 ਹਜ਼ਾਰ ਕਰੋੜ ਰੁਪਏ ਪਏ ਹਨ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪਾਰਟੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਰਜਿੰਦਰ ਦੀਪਾ ਵੀ ਇਸ ਮੌਕੇ ਹਾਜ਼ਰ ਸਨ।
ਇਹ ਵੀ ਪੜ੍ਹੋ: ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਪ੍ਰਗਟ ਸਿੰਘ ਵਿਧਾਇਕੀ ਤੋਂ ਦੇਣ ਅਸਤੀਫਾ: ਮੱਕੜ
ਅੰਮ੍ਰਿਤਸਰ ਤੇ ਪਠਾਨਕੋਟ 'ਚ ਕੋਰੋਨਾ ਦੇ 1-1 ਨਵੇਂ ਮਾਮਲੇ ਦੀ ਪੁਸ਼ਟੀ
NEXT STORY