ਲੁਧਿਆਣਾ(ਸਹਿਗਲ)-'ਪ੍ਰਧਾਨ ਮੰਤਰੀ ਮਾਤਰ ਵੰਦਨਾ' ਯੋਜਨਾ ਤਹਿਤ ਪਹਿਲੀ ਵਾਰ ਮਾਂ ਬਣਨ ਵਾਲੀਆਂ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦੇ ਤੌਰ 'ਤੇ 5000 ਰੁਪਏ ਮਿਲਣਗੇ। ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ 1 ਜਨਵਰੀ ਤੋਂ ਲਾਗੂ ਕਰ ਦਿੱਤਾ ਗਿਆ ਹੈ, ਜਿਸ ਸਬੰਧੀ ਹਰ ਪਿੰਡ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਸੁਰਭੀ ਮਲਿਕ ਤੇ ਜ਼ਿਲਾ ਪ੍ਰੋਗਰਾਮ ਅਫਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਯੋਜਨਾ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਹਰ ਪਿੰਡ ਵਿਚ 3 ਤੋਂ 10 ਜਨਵਰੀ ਤੱਕ ਮੀਟਿੰਗਾਂ ਕੀਤੀਆਂ ਜਾਣਗੀਆਂ।
ਕਿਸ ਤਰ੍ਹਾਂ ਮਿਲੇਗਾ ਲਾਭ
ਵਧੀਕ ਡੀ. ਸੀ. ਅਨੁਸਾਰ ਗਰਭ ਠਹਿਰਣ 'ਤੇ ਆਖਰੀ ਮਾਹਵਾਰੀ ਦੀ ਤਰੀਕ ਦੇ 150 ਦਿਨ ਦੇ ਅੰਦਰ ਨੇੜੇ ਦੇ ਸਿਹਤ ਕੇਂਦਰ 'ਚ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ ਅਤੇ ਮਾਂ-ਬੱਚਾ ਸਿਹਤ ਕਾਰਡ ਬਣਾਉਣਾ ਜ਼ਰੂਰੀ ਹੋਵੇਗਾ।
ਕਿਸ ਤਰ੍ਹਾਂ ਮਿਲਣਗੇ 5 ਹਜ਼ਾਰ
ਮਾਂ ਬਣਨ ਵਾਲੀਆਂ ਰਜਿਸਟਰਡ ਮਹਿਲਾਵਾਂ ਨੂੰ ਪਹਿਲੀ ਕਿਸ਼ਤ ਆਪਣਾ ਪੰਜੀਕਰਨ ਕਰਵਾਉਣ 'ਤੇ 1000 ਰੁਪਏ ਦੇ ਰੂਪ ਵਿਚ ਮਿਲੇਗੀ। ਉਸ ਦੇ ਬਾਅਦ 2000 ਰੁਪਏ ਦੀ ਦੂਸਰੀ ਕਿਸ਼ਤ ਗਰਭ ਦੇ ਛੇ ਮਹੀਨਿਆਂ ਤੋਂ ਪਹਿਲਾਂ ਚੈੱਕਅਪ ਕਰਨ ਅਤੇ 2000 ਰੁਪਏ ਦੀ ਤੀਸਰੀ ਕਿਸ਼ਤ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਗੇੜ ਦਾ ਟੀਕਾਕਰਨ ਕਰਵਾਉਣ 'ਤੇ ਮਿਲੇਗੀ। 1 ਜਨਵਰੀ 2017 ਤੋਂ ਬਾਅਦ ਪਹਿਲੀ ਵਾਰ ਮਾਂ ਬਣ ਚੁੱਕੀਆਂ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਸ਼੍ਰੀਮਤੀ ਸੁਰਭੀ ਮਲਿਕ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲਾਭ ਉਸ ਮਹਿਲਾ ਨੂੰ ਮਿਲੇਗਾ, ਜਿਸ ਦੇ ਆਪਣੇ ਨਾਂ 'ਤੇ ਸਿੰਗਲ ਬੈਂਕ ਖਾਤਾ ਹੋਵੇਗਾ।
ਇਸ ਯੋਜਨਾ ਦਾ ਦੂਸਰੀਆਂ ਯੋਜਨਾਵਾਂ 'ਤੇ ਨਹੀਂ ਪਵੇਗਾ ਅਸਰ
ਉਪਰੋਕਤ ਯੋਜਨਾ ਦਾ ਲਾਭ ਸਰਕਾਰ ਦੇ ਕਿਸੇ ਵੀ ਵਿਭਾਗ ਵਲੋਂ ਗਰਭਵਤੀ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੋਂ ਵੱਖਰਾ ਹੋਵੇਗਾ।
ਸਰਕਾਰੀ ਹਸਪਤਾਲ 'ਚ ਵਧਣਗੀਆਂ ਡਲਿਵਰੀਆਂ
ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਦਾ ਲਾਭ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਹੋਵੇਗਾ। ਇਸ ਨਾਲ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਵਿਚ ਡਲਿਵਰੀਆਂ ਹੋਰ ਵਧਣਗੀਆਂ ਤੇ ਘਰਾਂ 'ਚ ਹੋਣ ਵਾਲੀਆਂ ਡਲਿਵਰੀਆਂ ਵਿਚ ਕਮੀ ਆਵੇਗੀ। ਇਸ ਨਾਲ ਜੱਚਾ-ਬੱਚਾ ਮੌਤ ਦਰ 'ਚ ਵੀ ਕਮੀ ਆਵੇਗੀ।
ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਡ ਨੇ ਮੱਠੀ ਕੀਤੀ ਜ਼ਿੰਦਗੀ ਦੀ ਰਫਤਾਰ
NEXT STORY