ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਰਫਵਾਰੀ ਨਾਲ ਪੰਜਾਬ ਵੀ ਪੂਰੀ ਤਰ੍ਹਾਂ ਠੰਡ ਦੀ ਲਪੇਟ 'ਚ ਆ ਗਿਆ ਹੈ। ਪਹਿਲੀ ਜਨਵਰੀ ਨੂੰ ਸ਼ਾਮ 5 ਵਜੇ ਹੀ ਜ਼ਿਲੇ 'ਚ ਧੁੰਦ ਪੈਣੀ ਸ਼ੁਰੂ ਹੋ ਗਈ ਜੋ ਕਿ 2 ਜਨਵਰੀ ਤੱਕ ਪੈਂਦੀ ਰਹੀ, ਜਿਸ ਨਾਲ ਜਨ ਜੀਵਨ ਕਾਫੀ ਪ੍ਰਭਾਵਿਤ ਰਿਹਾ। ਜ਼ਿਲੇ 'ਚ ਪਈ ਸੰਘਣੀ ਧੁੰਦ ਨਾਲ ਜਿਥੇ ਸੜਕਾਂ 'ਤੇ ਚਲਦੇ ਵਾਹਨਾਂ ਦੀ ਰਫਤਾਰ ਘਟ ਗਈ ਉਥੇ ਧੁੰਦ ਨੇ ਲੋਕਾਂ ਨੂੰ ਘਰਾਂ ਅੰਦਰ ਤਾੜੀ ਰੱਖਿਆ। ਬੱਸ ਸੇਵਾਵਾਂ ਤੇ ਰੇਲ ਸੇਵਾਵਾਂ ਵੀ ਕਾਫੀ ਪ੍ਰਭਾਵਿਤ ਹੋਈਆਂ।
ਦਿਨੇ ਹੀ ਲਾਈਟਾਂ ਜਗਾ ਕੇ ਲੰਘੇ ਵਾਹਨ : ਨਵੇਂ ਸਾਲ ਦੀ ਪਹਿਲੀ ਸ਼ਾਮ ਨੂੰ 5 ਕੁ ਵਜੇ ਦੇ ਕਰੀਬ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ, ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਜਗਾਉਣੀਆਂ ਪਈਆਂ ਅਤੇ ਵਾਹਨ ਚਾਲਕਾਂ ਨੂੰ ਡਰਾਈਵਿੰਗ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਵੀ ਜਲਦੀ ਦੁਕਾਨਾਂ ਬੰਦ ਕਰ ਦਿੱਤੀਆਂ। ਲੋਕਾਂ ਨੇ ਘਰਾਂ 'ਚ ਠੰਡ ਤੋਂ ਬਚਣ ਲਈ ਅੱਗ ਤੇ ਹੀਟਰਾਂ ਦਾ ਆਸਰਾ ਲਿਆ।
ਸਕੂਲੀ ਬੱਚੇ ਹੋਏ ਪ੍ਰੇਸ਼ਾਨ
ਦਸੰਬਰ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਨਵੇਂ ਵਰ੍ਹੇ ਤੋਂ ਜ਼ਿਲੇ 'ਚ ਅੱਜ ਕਈ ਸਕੂਲ ਖੁੱਲ੍ਹੇ, ਜਿਸ ਕਰ ਕੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਜਾਣ ਵਾਲੇ ਸਕੂਲੀ ਬੱਚੇ ਠੰਡ ਅਤੇ ਧੁੰਦ ਕਾਰਨ ਪ੍ਰੇਸ਼ਾਨ ਹੋਏ। ਛੋਟੇ ਬੱਚਿਆਂ ਨੂੰ ਮਾਪੇ ਆਪ ਸਕੂਲ ਛੱਡਣ ਆਏ।
ਕਿਰਤੀਆਂ ਦੀਆਂ ਮੁਸ਼ਕਿਲਾਂ ਵਧੀਆਂ
ਹੱਡ ਚੀਰਵੀਂ ਠੰਡ ਤੇ ਪੈ ਰਹੀ ਧੁੰਦ ਨੇ ਲੇਬਰ ਚੌਕ 'ਚ ਦਿਹਾੜੀ ਮਿਲਣ ਦੀ ਆਸ ਨਾਲ ਆਉਂਦੇ ਕਿਰਤੀਆਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ। ਲੇਬਰ ਚੌਕ 'ਚ ਖੜ੍ਹੇ ਮਜ਼ਦੂਰਾਂ ਹਰਜੀਤ, ਕਾਲਾ, ਰਮੇਸ਼, ਸੱਤੂ, ਮਹਿੰਦਰ ਤੇ ਪਾਲਾ ਆਦਿ ਨੇ ਕਿਹਾ ਇਸ ਠੰਡ ਤੇ ਧੁੰਦ ਕਾਰਨ ਉਨ੍ਹਾਂ ਨੂੰ ਦਿਹਾੜੀ ਬਹੁਤ ਮੁਸ਼ਕਿਲ ਨਾਲ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਡੇ ਹੋ ਗਏ ਹਨ।
ਹਵਾ 'ਚ ਸੌ ਫੀਸਦੀ ਰਹੀ ਨਮੀ
ਮੌਸਮ ਵਿਭਾਗ ਦੇ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਸੰਗਰੂਰ 'ਚ 0 ਵਿਜ਼ੀਬਿਲਟੀ ਰਹੀ। ਧੁੰਦ ਕਾਰਨ ਤ੍ਰੇਲ ਦੀਆਂ ਬੂੰਦਾਂ 9 ਡਿਗਰੀ ਸੈਲਸੀਅਸ ਪੈਂਦੀਆਂ ਰਹੀਆਂ ਅਤੇ ਹਵਾ 'ਚ ਨਮੀ 100 ਫੀਸਦੀ ਰਹੀ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟੇ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਹੈ।
ਸਬਜ਼ੀਆਂ 'ਤੇ ਪਈ ਕੋਹਰੇ ਦੀ ਮਾਰ
ਠੰਡ ਤੇ ਧੁੰਦ ਦਾ ਮੌਸਮ ਕਣਕ ਦੀ ਫਸਲ ਲਈ ਜਿਥੇ ਬਹੁਤ ਲਾਹੇਵੰਦ ਹੈ ਉਥੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਨੂੰ ਬੈਂਗਣ, ਟਮਾਟਰ, ਮਿਰਚਾਂ ਨੂੰ ਕੋਹਰੇ ਦੀ ਮਾਰ ਤੋਂ ਬਚਾਉਣ ਲਈ ਘਾਹ ਜਾਂ ਪਲਾਸਟਿਕ ਦੇ ਲਿਫਾਫੇ ਉਕਤ ਸਬਜ਼ੀਆਂ 'ਤੇ ਪਾਉਣੇ ਪੈ ਰਹੇ ਹਨ।
ਲਾਪ੍ਰਵਾਹੀ : ਲੁਧਿਆਣਾ ਦੇ 4 ਸਕੂਲਾਂ ਨੇ ਐੱਲ. ਓ. ਸੀ. ਨੇੜੇ ਦਰਸਾਇਆ ਆਪਣਾ ਇਲਾਕਾ
NEXT STORY