ਚੰਡੀਗੜ੍ਹ : ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਸਪਲਾਈ ਹੋਣ ਅਤੇ ਰੋਪੜ ਜੇਲ ਤੋਂ ਕੈਦੀ ਦਾ ਵੀਡੀਓ ਬਾਹਰ ਆਉਣ ਤੋਂ ਬਾਅਦ ਜੇਲ ਵਿਭਾਗ ਅਤੇ ਪੰਜਾਬ ਪੁਲਸ ਨੇ ਹੁਣ ਠੋਸ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਜੇਲ ਵਿਭਾਗ ਦੇ ਆਲਾ ਅਧਿਕਾਰੀਆਂ ਨੇ ਬੈਠਕ ਕਰਕੇ ਸੋਸ਼ਲ ਮੀਡੀਆ ਅਤੇ ਫੋਨ 'ਤੇ ਸਰਗਰਮ ਗੈਂਗਸਟਰ ਅਤੇ ਪਹਿਲਾਂ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਵਿਅਕਤੀਆਂ ਦੀਆਂ ਸਰਗਰਮੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਨੂੰ ਲੈ ਕੇ ਵਿਚਾਰ ਕੀਤਾ ਹੈ। ਮੀਟਿੰਗ ਵਿਚ ਤੈਅ ਹੋਇਆ ਕਿ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਹਰ ਜੇਲ ਵਿਚ ਇੰਟੈਲੀਜੈਂਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਜੇ ਕਿਸੇ ਜੇਲ ਵਿਚ ਸਾਈਬਰ ਵਿੰਗ ਦੀ ਰਿਪੋਰਟ ਵਿਚ ਮੋਬਾਈਲ ਵਰਤੋਂ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸੰਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਅਤੇ ਮੋਬਾਈਲ ਦੀ ਜਾਂਚ ਦੀ ਜ਼ਿੰਮੇਵਾਰੀ ਸਾਈਬਰ ਵਿੰਗ ਦੀ ਹੋਵੇਗੀ।
ਦਰਅਸਲ, ਪਿਛਲੇ ਦਿਨਾਂ ਵਿਚ ਡਰੋਨ ਰਾਹੀਂ ਅਤੇ ਹੋਰ ਤਰੀਕਿਆਂ ਰਾਹੀਂ ਪੰਜਾਬ ਵਿਚ ਪਹੁੰਚ ਰਹੇ ਹਥਿਆਰ ਅਤੇ ਅੱਤਵਾਦੀ ਫੜੇ ਗਏ ਸਨ। ਇਨ੍ਹਾਂ ਮਾਮਲਿਆਂ ਵਿਚ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਸਾਜ਼ਿਸ਼ ਰਚਣ ਵਿਚ ਜੇਲਾਂ ਵਿਚ ਬੈਠੇ ਅਪਰਾਧੀਆਂ ਦੀ ਵੀ ਭੂਮਿਕਾ ਹੈ। ਇਸ ਗੱਲ ਨੂੰ ਲੈ ਕੇ ਸੋਮਵਾਰ ਨੂੰ ਜੇਲ ਵਿਭਾਗ ਦੇ ਆਲਾ ਅਧਿਕਾਰੀਆਂ ਨੇ ਬੈਠਕ ਕੀਤੀ। ਇਸ ਵਿਚ ਅਧਿਕਾਰੀ ਕਰਮਚਾਰੀਆਂ ਦੀ ਭੂਮਿਕਾ ਹੋਣ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਸਾਈਬਰ ਵਿੰਗ ਨੂੰ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਹੈ। ਬੈਠਕ ਵਿਚ ਰੋਪੜ ਜੇਲ ਤੋਂ ਕੈਦੀ ਦਾ ਵੀਡੀਓ ਵਾਇਰਲ ਹੋਣ ਦਾ ਮਾਮਲਾ ਵੀ ਚੁੱਕਿਆ ਗਿਆ। ਵਾਇਰਲ ਵੀਡੀਓ ਵਿਚ ਕੈਦੀ ਨੇ ਜੇਲ ਅਧਿਕਾਰੀਆਂ 'ਤੇ ਹੀ ਜੇਲ ਵਿਚ ਫੋਨ ਅਤੇ ਨਸ਼ਾ ਵੇਚਣ ਦੇ ਦੋਸ਼ ਲਗਾਏ ਸਨ।
ਜੇਲ ਅੰਦਰ ਹੀ ਹੋ ਰਹੀ ਹੈ ਇੰਟਰਨੈਸ਼ਨਲ ਕਾਲ
ਕਾਊਂਟਰ ਇੰਟੈਲੀਜੈਂਸ ਦੇ ਆਲਾ ਅਧਿਕਾਰੀ ਨੇ ਦੱਸਿਆ ਕਿ ਜੇਲਾਂ ਦੇ ਅੰਦਰ ਬੈਠੇ ਅੱਤਵਾਦੀ, ਗੈਂਗਸਟਰਸ ਤੇ ਹੋਰ ਅਪਰਾਧੀ ਫੇਸਬੁੱਕ 'ਤੇ ਵਟਸਐੱਪ ਰਾਹੀਂ ਇੰਟਰਨੈਸ਼ਨਲ ਕਾਲ ਕਰਦੇ ਹਨ। ਵਿਦੇਸ਼ਾਂ ਵਿਚ ਬੈਠੇ ਸਾਥੀਆਂ ਨਾਲ ਗੱਲ ਕਰਕੇ ਵੱਡੇ ਪੱਧਰ 'ਤੇ ਫੰਡ ਲੈਂਦੇ ਹਨ ਤਾਂ ਕਿ ਉਨ੍ਹਾਂ ਦਾ ਇਹ ਨੈਟਵਰਕ ਚੱਲਦਾ ਰਹੇ। ਉਥੋਂ ਹੀ ਅੰਦਰ ਬੈਠ ਕੇ ਫਿਰੌਤੀ ਮੰਗਣ ਵਰਗੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਇਸ ਦੇ ਚੱਲਦੇ ਸਾਰੀਆਂ ਜੇਲਾਂ ਵਿਚ ਇੰਟੈਲੀਜੈਂਸ ਦੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।
ਦੂਜੇ ਮਾਮਲਿਆਂ 'ਚ ਉਲਝੇ ਹੋਣ ਕਾਰਨ ਨਹੀਂ ਹੁੰਦੀ ਜਾਂਚ ਪੂਰੀ : ਰੰਧਾਵਾ
ਇਸ ਸੰਬੰਧੀ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਮੋਬਾਈਲ ਜੇਲ 'ਚੋਂ ਫੜੇ ਜਾਣ ਤੋਂ ਬਾਅਦ ਵੀ ਜ਼ਿਲਾ ਪੁਲਸ ਖੁੱਲ੍ਹ ਕੇ ਜਾਂਚ ਨਹੀਂ ਕਰ ਪਾਉਂਦੀ ਕਿਉਂਕਿ ਉਹ ਹੋਰ ਮਾਮਲਿਆਂ ਵਿਚ ਉਲਝੀ ਰਹਿੰਦੀ ਹੈ। ਇਸ ਲਈ ਸਾਈਬਰ ਵਿੰਗ ਦਾ ਸਹਾਰਾ ਲਿਆ ਜਾਵੇਗਾ ਤਾਂ ਜੋ ਹਰ ਫੋਨ 'ਚ ਲੁਕੇ ਅਧਿਕਾਰੀ ਕਰਮਚਾਰੀਆਂ ਦੇ ਨਾਲ ਗੈਂਗਸਟਰਸ ਤੇ ਅੱਤਵਾਦੀਆਂ ਦਾ ਖੁਲਾਸਾ ਹੋ ਸਕੇ। ਜੇਲ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਸਾਈਬਰ ਕ੍ਰਾਈਮ ਕੰਟਰੋਲ ਕਰਨ ਨੂੰ ਠੋਸ ਪਲਾਨਿੰਗ ਤਿਆਰ ਕਰਨ।
ਕੇ. ਜ਼ੈੱਡ. ਐੱਫ. ਦਾ ਅੱਤਵਾਦੀ ਸਾਜਨ 11 ਤੱਕ ਪੁਲਸ ਰਿਮਾਂਡ 'ਤੇ
NEXT STORY