ਅੰਮ੍ਰਿਤਸਰ (ਇੰਦਰਜੀਤ, ਅਰੁਣ) - ਪ੍ਰਾਈਵੇਟ ਬੱਸਾਂ ਦੇ ਮਾਲਕ ਬੱਸ ਅੰਦਰ ਜ਼ਿਆਦਾ ਸਵਾਰੀਆਂ ਬੈਠਾਉਣ ਲਈ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰਦੇ ਹੋਏ ਅਜਿਹੀ ਯੋਜਨਾ ਬਣਾ ਬੈਠੇ ਹਨ ਕਿ ਵਿਭਾਗ ਵੀ ਇਸ ਵਿਚ ਬੇਬਸ ਹੈ। ਇਸ ਪ੍ਰਕਿਰਿਆ ਵਿਚ ਇਹ ਬੱਸਾਂ ਤਾਂ ਪੰਜਾਬ ਵਿਚ ਚੱਲਦੀਆਂ ਹਨ ਪਰ ਇਨ੍ਹਾਂ ਦੀ ਪਾਸਿੰਗ ਜੰਮੂ-ਕਸ਼ਮੀਰ ਦੇ ਖੇਤਰਾਂ ਵਿਚ ਹੁੰਦੀ ਹੈ। ਇਹ ਬੱਸਾਂ ਮਜਬੂਰੀਵਸ ਤੇਜ਼ ਚਲਾਈਆਂ ਜਾਂਦੀਆਂ ਹਨ ਤਾਂ ਕਿ ਸਰਕਾਰ ਨੂੰ ਦਿੱਤਾ ਜਾਣ ਵਾਲਾ ਟੈਕਸ ਬਚਾਇਆ ਜਾ ਸਕੇ।
ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਬਣਾਏ ਕਾਨੂੰਨ ਅਨੁਸਾਰ ਪੰਜਾਬ ਅੰਦਰ ਜੋ ਵੀ ਬੱਸਾਂ ਪਾਸ ਹੁੰਦੀਆਂ ਹਨ ਉਨ੍ਹਾਂ ਵਿਚ 39 ਤੋਂ ਜ਼ਿਆਦਾ ਸਵਾਰੀਆਂ ਨਹੀਂ ਬੈਠ ਸਕਦੀਆਂ ਪਰ ਕਈ ਬੱਸਾਂ ਦੇ ਮਾਲਕ ਇਨ੍ਹਾਂ ਵਿਚ ਸੀਟਾਂ ਜ਼ਿਆਦਾ ਵਧਾ ਲੈਂਦੇ ਹਨ ਕਿਉਂਕਿ ਜੰਮੂ-ਕਸ਼ਮੀਰ ਦੇ ਨਿਯਮਾਂ ਮੁਤਾਬਿਕ ਉਥੇ ਜ਼ਿਆਦਾ ਸੀਟਾਂ ਵਾਲੀਆਂ ਬੱਸਾਂ ਪਾਸ ਹੋ ਜਾਂਦੀਆਂ ਹਨ। ਦੂਜੇ ਪਾਸੇ ਪ੍ਰਾਈਵੇਟ ਬੱਸਾਂ ਵਿਚ ਜ਼ਿਆਦਾ ਸੀਟਾਂ ਵਧਾਉਣ ਵਾਲੇ ਮਾਲਕ ਬੱਸ ਦੇ ਅੰਦਰ ਵੱਡੇ ਬੈੱਡ ਬਣਾ ਦਿੰਦੇ ਹਨ। ਇਸ ਵਿਚ ਯਾਤਰੀ ਸੌਂ ਕੇ ਸਫਰ ਕਰ ਸਕਦਾ ਹੈ। ਇਸ ਵਿਚ ਦੂਜਾ ਫਾਇਦਾ ਇਹ ਹੁੰਦਾ ਹੈ ਕਿ ਬੈੱਡ ਦੀ ਟਿਕਟ ਸੀਟ ਤੋਂ ਡਬਲ ਹੁੰਦੀ ਹੈ ਪਰ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਬੱਸਾਂ ਅੰਦਰ ਬੈੱਡ ਬਣਾ ਕੇ ਇਸ ਵਿਚ ਸਵਾਰੀਆਂ ਢੋਣ ਵਿਚ ਰਿਸਕ ਵੀ ਹੁੰਦਾ ਹੈ ਕਿਉਂਕਿ ਜਦੋਂ ਬੱਸ ਚਲਦੇ ਸਮੇਂ ਸੱਜੇ- ਖੱਬੇ ਟਰਨ ਲੈਂਦੀ ਹੈ ਤਾਂ ਲੇਟੇ ਹੋਏ ਵਿਅਕਤੀ ਪਾਸੇ ਪਲਟਦੇ ਰਹਿੰਦੇ ਹਨ ਜਿਸ ਕਾਰਨ ਚੱਲਦੀਆਂ ਬੱਸਾਂ ਦਾ ਬੈਲੇਂਸ ਵਿਗੜਨ ਦਾ ਖ਼ਤਰਾ ਹੁੰਦਾ ਹੈ ਪਰ ਇਸ ਵਿਚ ਵੱਡੀ ਦੁਵਿਧਾ ਇਹ ਹੁੰਦੀ ਹੈ ਕਿ ਟ੍ਰਾਂਸਪੋਰਟ ਵਿਭਾਗ ਦੂਜੇ ਪ੍ਰਦੇਸ਼ ਦੀਆਂ ਪਾਸ ਕੀਤੀਆਂ ਗਈਆਂ ਬੱਸਾਂ ਨੂੰ ਚੈਲੇਂਜ ਨਹੀਂ ਕਰ ਸਕਦਾ ।
ਟੈਕਸ ਬਚਾਉਣ ਲਈ ਬੱਸ ਦੀ ਸਪੀਡ ਦਾ ਫੰਡਾ
ਪ੍ਰਾਈਵੇਟ ਬੱਸਾਂ 'ਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਸਰਕਾਰ ਵੱਲੋਂ ਆਉਣ -ਜਾਣ ਵਿਚ ਟੈਕਸ 8 ਹਜ਼ਾਰ ਰੁਪਏ ਲੱਗਦਾ ਹੈ ਜਦੋਂ ਕਿ ਦੂਜੇ ਪਾਸੇ ਟੋਲ ਬੈਰੀਅਰ 'ਤੇ ਵੀ ਇਸ ਵੱਡੇ ਵਾਹਨ ਦੇ ਆਉਣ ਜਾਣ ਦਾ ਟੋਲ ਤਿੰਨ ਹਜ਼ਾਰ ਤੋਂ ਸਾਢੇ ਤਿੰਨ ਹਜ਼ਾਰ ਰੁਪਏ ਪੈਂਦਾ ਹੈ, ਇਸ ਵਿਚ ਸਮੇਂ ਦੀ ਸੀਮਾ 24 ਘੰਟੇ ਹੁੰਦੀ ਹੈ। ਇਸ ਵਿਚ ਦੇਖਣ ਵਾਲੀ ਗੱਲ ਹੈ ਕਿ ਆਮ ਤੌਰ 'ਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਰਾਤ ਨੂੰ 11 ਤੋਂ 11.30 ਵਿਚਕਾਰ ਨਿਕਲਦੀ ਹੈ। ਸੂਬੇ 'ਚੋਂ ਨਿਕਲਣ ਸਮੇਂ ਲਗਭਗ ਹਰਿਆਣਾ ਵਿਚ ਪ੍ਰਵੇਸ਼ ਕਰਦੇ 3 ਵੱਜ ਜਾਂਦੇ ਹਨ। ਦੂਜੇ ਪਾਸੇ ਇਹ ਬੱਸ ਅਗਲੇ ਦਿਨ ਦਿੱਲੀ ਵਿਚ ਹੀ ਪਾਰਕ ਹੋਣ ਦੇ ਬਾਅਦ ਅਗਲੀ ਰਾਤ ਵਾਪਸ ਅੰਮ੍ਰਿਤਸਰ ਨੂੰ ਰਵਾਨਾ ਹੁੰਦੀ ਹੈ ਉਥੋਂ ਵਾਪਸ ਆਉਣ ਦੀ ਸਮਾਂ ਸਾਰਣੀ ਵੀ ਹੁੰਦੀ ਹੈ। ਇਸ ਅਨੁਸਾਰ ਵਾਪਸੀ ਦੇ ਸਮੇਂ ਬੱਸ ਨੂੰ 24 ਘੰਟਿਆਂ ਦੇ ਅੰਦਰ ਆਉਣ ਲਈ ਅਗਲੀ ਰਾਤ 3 ਵਜੇ ਤੋਂ ਪਹਿਲਾਂ ਐਂਟਰ ਕਰਨਾ ਪੈਂਦਾ ਹੈ ਪਰ ਦਿੱਲੀ ਵਿਚ ਟਰੈਫਿਕ ਜ਼ਿਆਦਾ ਹੋਣ ਕਾਰਨ ਕਈ ਵਾਰ ਚਾਲਕ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਮੇਂ ਦੇ ਮੁਤਾਬਿਕ ਪੰਜਾਬ ਦੀ ਸੀਮਾ ਵਿਚ ਨਹੀਂ ਪਹੁੰਚ ਸਕੇਗਾ। ਇਸ ਮਜਬੂਰੀ ਕਾਰਨ ਬੱਸ ਚਾਲਕ ਨੂੰ ਸਪੀਡ ਵਧਾਉਣੀ ਪੈਂਦੀ ਹੈ ਜੋ ਅਕਸਰ ਦੁਰਘਟਨਾ ਦਾ ਕਾਰਨ ਬਣਦੀ ਹੈ।
ਜੀ. ਟੀ. ਰੋਡ 'ਤੇ ਸਪੀਡ ਹੱਦ
ਭਾਰੀ ਵਾਹਨਾਂ ਲਈ ਜੀ. ਟੀ. ਰੋਡ 'ਤੇ ਸਪੀਡ ਦੀ ਸੀਮਾ 60 ਕਿਲੋ ਮੀਟਰ ਪ੍ਰਤੀ ਘੰਟਾ ਦੇ ਅੰਦਰ-ਅੰਦਰ ਹੁੰਦੀ ਹੈ ਪਰ ਅਕਸਰ ਬੱਸਾਂ 100 ਤੋਂ 120 ਕਿਲੋਮੀਟਰ ਦੀ ਸਪੀਡ 'ਤੇ ਆਉਂਦੀਆਂ ਹਨ ਕਿਉਂਕਿ ਅੰਮ੍ਰਿਤਸਰ ਤੋਂ ਦਿੱਲੀ 450 ਕਿਲੋਮੀਟਰ ਹੈ ਪਰ ਨਵੀਆਂ ਬਣੀਆਂ ਸੜਕਾਂ ਅਤੇ ਪੁਲਾਂ ਦੇ ਕਾਰਨ ਇਹ ਰਸਤਾ 480 ਕਿਲੋਮੀਟਰ ਹੋ ਗਿਆ ਹੈ। ਇਸ 'ਤੇ ਜੇਕਰ 100 ਦੀ ਰਫਤਾਰ ਨਾਲ ਵਾਹਨ ਚਲਾਇਆ ਜਾਵੇ ਤਾਂ ਉਸ ਦੀ ਏਵਰੇਜ 70 ਤੋਂ ਜ਼ਿਆਦਾ ਨਹੀਂ ਆਉਂਦੀ ਕਿਉਂਕਿ ਰਸਤੇ ਵਿਚ ਕਈ ਵਾਰ ਵਾਹਨ ਦੀ ਰਫਤਾਰ ਦਾ ਘਟਾਉਣਾ-ਵਧਾਉਣਾ ਅਤੇ ਮੁਸਾਫਰਾਂ ਨੂੰ ਖਾਣਾ ਖਵਾਉਣਾ ਆਦਿ ਸ਼ਾਮਿਲ ਹੁੰਦੇ ਹਨ । ਇਸ ਅਨੁਮਾਨ ਨਾਲ ਜੇਕਰ ਬੱਸ ਦੀ ਰਫਤਾਰ 120 ਦੀ ਬਣਾਈ ਜਾਵੇ ਤਾਂ ਹੀ ਵਾਹਨ 6 ਤੋਂ 7 ਘੰਟੇ ਵਿਚ ਆ ਸਕਦਾ ਹੈ।
ਨਗਰ ਨਿਗਮ 140 ਕਰੋੜ ਦਾ ਬਜਟ ਪੇਸ਼ ਕਰੇਗਾ
NEXT STORY