ਫਗਵਾੜਾ (ਜਲੋਟਾ) - ਫਗਵਾੜਾ ’ਚ ਬੀਤੇ ਦਿਨੀਂ ਸਥਾਨਕ ਧਿਆਨ ਸਿੰਘ ਕਾਲੋਨੀ ’ਚ ਇਕ ਨਿੱਜੀ ਫਾਇਨਾਂਸ ਕੰਪਨੀ ’ਚ ਹੋਈ ਲੁੱਟ ਦੇ ਮਾਮਲੇ ਨੂੰ ਫਗਵਾੜਾ ਪੁਲਸ ਵੱਲੋਂ ਟ੍ਰੇਸ ਕਰ ਕੇ ਮਾਮਲੇ ਸਬੰਧੀ ਨਿੱਜੀ ਕੰਪਨੀ ਦੇ ਕਰਮਚਾਰੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਵਿਅਕਤੀਆਂ ਤੋਂ 2 ਮੋਟਰਸਾਈਕਲ, ਲੁੱਟੀ ਗਈ ਤਿਜੌਰੀ ਅਤੇ ਲੁੱਟੀ ਹੋਈ ਰਕਮ ਦਾ ਕੁੱਝ ਹਿੱਸਾ ਬਰਾਮਦ ਕਰਨ ਦੀ ਸੂਚਨਾ ਮਿਲੀ ਹੈ। ਦੱਸਣਯੋਗ ਹੈ ਕਿ ਪੁਲਸ ਨੇ ਲੁੱਟ ਹੋਣ ਤੋਂ ਬਾਅਦ ਨਿੱਜੀ ਕੰਪਨੀ ਦੇ ਕਰਮਚਾਰੀ ਸੁਖਦੇਵ ਸਿੰਘ ਦੇ ਬਿਆਨ ’ਤੇ ਮੁਕੱਦਮਾ ਦਰਜ ਕਰ ਕੇ ਜਦ ਮਾਮਲੇ ਦੀ ਜਾਂਚ ਕੀਤੀ, ਤਦ ਕਈ ਅਹਿਮ ਲੀਡਜ਼ ਪੁਲਸ ਨੂੰ ਮੌਕੇ ਤੋਂ ਮਿਲੀਆਂ ਸਨ।
ਇਸ ਨੂੰ ਟ੍ਰੇਸ ਕਰਨ ਲਈ ਮੁਲਜ਼ਮਾਂ ਦੀ ਭਾਲ ਵਿਚ ਟੈਕਨੀਕਲ ਅਤੇ ਵਿਗਿਆਨਕ ਤਰੀਕੇ ਨਾਲ ਤਫਤੀਸ਼ ਕੀਤੀ ਜਾ ਰਹੀ ਸੀ। ਸਿਕੰਦਰ ਸਿੰਘ ਵਿਰਕ ਇੰਚਾਰਜ ਸੀ. ਆਈ. ਏ. ਸਟਾਫ਼ ਫਗਵਾੜਾ ਦੀ ਪੁਲਸ ਟੀਮ ਅਤੇ ਸਬ ਇੰਸਪੈਕਟਰ ਹਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਟੀਮ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਮੁਖਬਰ ਦੀ ਇਤਲਾਹ ’ਤੇ ਟੀ ਪੁਆਇੰਟ ਪੰਡਵਾ ਵਿਖੇ ਕੀਤੀ ਨਾਕਾਬੰਦੀ ਦੌਰਾਨ 2 ਨੌਜਵਾਨ, ਜੋ ਪਿੰਡ ਘੁੜਕਾ ਦੀ ਸਾਈਡ ਵੱਲੋਂ ਦੋ ਮੋਟਰਸਾਈਕਲਾਂ ’ਤੇ ਆ ਰਿਹੇ ਸਨ, ਨੂੰ ਪੁਲਸ ਨੇ ਕਾਬੂ ਕਰ ਲਿਆ। ਜਦੋਂ ਇਨ੍ਹਾਂ ਦਾ ਨਾਮ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਨਾਮ ਪ੍ਰਦੀਪ ਸਿੰਘ ਉਰਫ ਪ੍ਰਦੀਪ ਪੁੱਤਰ ਭੋਲਾ ਸਿੰਘ ਵਾਸੀ ਪੱਤੀ ਨੀਲੋਵਾਲ ਬਿਲਗਾ ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਅਜੇਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਦੱਸਿਆ।
ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪਾਸੋਂ 1 ਲੱਖ 15 ਹਜ਼ਾਰ ਰੁਪਏ ਰਕਮ ਬਰਾਮਦ ਹੋਈ। ਉਨ੍ਹਾਂ ਨੇ ਪੁੱਛਗਿੱਛ ਦੌਰਾਨ ਜ਼ੁਰਮ ਨੂੰ ਕਬੂਲਿਆ ਅਤੇ ਵਾਰਦਾਤ ਵਿਚ ਵਰਤੇ ਦੋਨੋਂ ਮੋਟਰਸਾਈਕਲ ਮੌਕੇ ਤੋਂ ਬਰਾਮਦ ਕਰਵਾਏ। ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਇਨ੍ਹਾਂ ਨਾਲ ਤੀਸਰਾ ਸਾਥੀ ਸ਼ੀਰਾ ਉਰਫ਼ ਸ਼ੀਰੂ ਵਾਸੀ ਪਿੰਡੀਆਂ ਜ਼ਿਲ੍ਹਾ ਤਰਨਤਾਰਨ ਨਾਲ ਕਾਫ਼ੀ ਮੇਲ ਮਿਲਾਪ ਸੀ। ਹੁਣ ਕਰੀਬ ਇੱਕ ਮਹੀਨੇ ਤੋਂ ਪ੍ਰਦੀਪ ਸਿੰਘ ਦੀ ਬਦਲੀ ਜ਼ਿਲ੍ਹਾ ਹੁਸ਼ਿਆਰਪੁਰ ਬ੍ਰਾਂਚ ’ਚ ਹੋਈ ਹੈ। ਜੋ ਅਜੇਪਾਲ ਅਤੇ ਪ੍ਰਦੀਪ ਸਿੰਘ ਨੇ ਮੋਬਾਇਲ ਫੋਨ ’ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਲਾਹ ਬਣਾਈ ਅਤੇ ਨਾਲ ਸ਼ੀਰਾ ਉਰਫ਼ ਸ਼ੀਰੂ ਜੋ ਅਜੇਪਾਲ ਸਿੰਘ ਦਾ ਦੋਸਤ ਹੈ, ਨੂੰ ਸ਼ਾਮਲ ਕਰ ਲਿਆ।
3 ਜਨਵਰੀ ਦੀ ਰਾਤ ਅਜੇਪਾਲ ਅਤੇ ਸ਼ੀਰਾ ਉਰਫ ਸ਼ੀਰੂ ਦੋਵੇਂ ਜਣੇ ਬੱਸ ਰਾਹੀਂ ਪ੍ਰਦੀਪ ਸਿੰਘ ਦੇ ਘਰ ਪਹੁੰਚ ਗਏ ਸੀ। ਮਿੱਥੇ ਹੋਏ ਸਮੇਂ ਮੁਤਾਬਕ ਪ੍ਰਦੀਪ ਸਿੰਘ ਦੇ ਘਰੋਂ ਦੋਵਾਂ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸਵੇਰੇ ਕਰੀਬ 9 ਵਜੇ ਫਗਵਾੜਾ ਪੁੱਜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸੈਟਨ ਕ੍ਰੈਡਿਟ ਕੇਅਰ ਨੈੱਟਵਰਕ ਲਿਮਟਿਡ ਪ੍ਰਾਈਵੇਟ ਬੈਂਕ ਦੇ ਦਫ਼ਤਰ ਵਿਚੋਂ ਤਿਜੋਰੀ ਜਿਸ ਵਿੱਚ ਕਰੀਬ 4,11000 ਰੁਪਏ ਕੈਸ਼ ਸੀ, ਉਸ ਨੂੰ ਮੋਟਰਸਾਈਕਲ ਵਿਚਕਾਰ ਰੱਖ ਕੇ ਲੈ ਗਏ ਅਤੇ ਉਸ ਨੂੰ ਤੋੜ ਕੇ ਪੈਸੇ ਆਪਸ ਵਿਚ ਵੰਡ ਲਏ ਸਨ।
ਤੀਸਰੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਜਾਰੀ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲੁੱਟੇ ਹੋਏ ਪੈਸੇ ਅਤੇ ਪੈਸਿਆਂ ਵਾਲੀ ਤਿਜੋਰੀ ਅਤੇ ਵਾਰਦਾਤ ਵਿਚ ਵਰਤੇ ਗਏ ਦੋਵੇਂ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ। ਤੀਸਰਾ ਮੁਲਜ਼ਮ ਸ਼ੀਰਾ ਉਰਫ਼ ਸ਼ੀਰੂ ਦੀ ਭਾਲ ਵਿਚ ਪੁਲਸ ਵੱਲੋਂ ਉਸ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਆਸ ਹੈ ਕਿ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਲੁੱਟੀ ਹੋਈ ਬਾਕੀ ਰਕਮ ਬਰਾਮਦ ਕਰ ਲਈ ਜਾਵੇਗੀ।
ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਡਕੈਤੀ ਸਬੰਧੀ ਇਨ੍ਹਾਂ ਪਾਸੋਂ ਹੁੰਦੀ ਪੁਲਸ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਤਫਤੀਸ਼ ਜਾਰੀ ਹੈ।
ਆਨਲਾਈਨ ਵੀਡੀਓ ਸੈਕਸ ਦੀ ਗੰਦੀ ਖੇਡ ’ਚ ਬਰਬਾਦ ਹੋ ਰਹੇ ਨੌਜਵਾਨ, ਬਲੈਕਮੇਲ ਕਰਕੇ ਠੱਗੇ ਜਾ ਰਹੇ ਲੱਖਾਂ ਰੁਪਏ
NEXT STORY