ਫਤਿਹਗੜ੍ਹ ਸਾਹਿਬ (ਜਗਦੇਵ)—ਸੂਬੇ ਦੇ ਅਧਿਕਾਰ ਖੇਤਰਾਂ 'ਚ ਸੈਂਟਰ ਦੀ ਦਖਲਅੰਦਾਜ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਫਤਿਹਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ 'ਚ ਕੇਂਦਰੀ ਫੋਰਸਾਂ ਨੂੰ ਤਾਇਨਾਤ ਕਰਨ ਨੇ ਇਹ ਸਾਬਤ ਕਰ ਦਿੱਤਾ ਹੈ ਕੈਪਟਨ ਸਰਕਾਰ ਨੂੰ ਪੰਜਾਬ ਪੁਲਸ 'ਤੇ ਵਿਸ਼ਵਾਸ ਨਹੀਂ ਰਿਹਾ ਤੇ ਜੇਕਰ ਸੁਰੱਖਿਆ ਲਈ ਪੰਜਾਬ ਪੁਲਸ ਘੱਟ ਹੈ ਤਾਂ ਪੁਲਸ ਬਲਾਂ ਦੀ ਭਰਤੀ ਹੋਰ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਬਹਾਲ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਲਈ ਕੋਈ ਗ੍ਰਾਂਟ ਕੇਂਦਰ ਸਰਕਾਰ ਵੱਲੋਂ ਜਾਰੀ ਨਾ ਕਰਨ ਸਬੰਧੀ ਕਿਹਾ ਕਿ ਕਾਂਗਰਸ ਝੂਠ ਦੇ ਤੰਦੂਰ 'ਚ ਰਾਜਸੀ ਰੋਟੀਆਂ ਸੇਕਣ ਦੀ ਮਾਹਿਰ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਧਾਰਮਕ ਸ਼ਤਾਬਦੀ ਮਨਾਉਣ ਲਈ ਪਹਿਲਾਂ ਹੀ ਸੌ ਕਰੋੜ ਦਾ ਬਜਟ ਰਿਜ਼ਰਵ ਰੱਖਿਆ ਗਿਆ ਹੈ, ਜਿਸ 'ਚੋਂ ਤੀਹ ਕਰੋੜ ਰੁਪਏ ਦੀ ਰਾਸ਼ੀ ਸੂਬਾ ਸਰਕਾਰ ਨੂੰ ਪਹਿਲਾਂ ਹੀ ਜਾਰੀ ਹੋ ਚੁੱਕੀ ਹੈ, ਜਦੋਂਕਿ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨਿਰਮਾਣ ਲਈ ਵੱਖਰੇ ਤੌਰ 'ਤੇ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਧਾਰਮਕ ਆਸਥਾ ਨੂੰ ਰਾਜਨੀਤਕ ਮੁੱਦਾ ਬਣਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਦੇਸ਼ ਦਾ ਪ੍ਰਧਾਨ ਮੰਤਰੀ ਨੌਜਵਾਨ ਸ਼ਖ਼ਸ ਹੋਣ ਦੀ ਦਿੱਤੀ ਨਸੀਹਤ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਵਾਗਡੋਰ ਕਿਸੇ ਨੌਜਵਾਨ ਦੇ ਹੱਥ ਸੌਂਪਣ ਤਾਂ ਹੀ ਦੂਸਰਿਆਂ ਨੂੰ ਸਲਾਹਾਂ ਦਿੱਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਰਾਜਨੀਤਿਕ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਕੇ ਰਹਿ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲੋਂ ਆਪਣੇ ਫ਼ਰਜ਼ਾਂ ਦੀ ਪਹਿਰੇਦਾਰੀ ਕਰਦੇ ਹੋਏ ਲੋਕ ਆਵਾਜ਼ ਉਠਾਉਣ ਲਈ 12 ਜੁਲਾਈ ਨੂੰ ਮੋਗਾ, 17 ਜੁਲਾਈ ਨੂੰ ਪਟਿਆਲਾ ਤੇ 24 ਜੁਲਾਈ ਨੂੰ ਗੁਰਦਾਸਪੁਰ ਵਿਖੇ ਸੰਕੇਤਕ ਧਰਨੇ ਦਿੱਤੇ ਜਾਣਗੇ, ਕਿਉਂਕਿ ਸੂਬੇ 'ਚ ਨਾਜਾਇਜ਼ ਮਾਈਨਿੰਗ, ਨਸ਼ਾ ਸਮੱਗਲਰਾਂ 'ਚ ਵਾਧਾ, ਗੁੰਡਾਗਰਦੀ, ਜ਼ਮੀਨਾਂ 'ਤੇ ਕਬਜ਼ੇ ਆਦਿ ਦਾ ਜੰਗਲ ਰਾਜ ਬਣ ਕੇ ਰਹਿ ਗਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਇਨ੍ਹਾਂ ਪ੍ਰਤੀ ਰੱਤੀ ਭਰ ਵੀ ਸੰਜੀਦਾ ਨਜ਼ਰ ਨਹੀਂ ਆ ਰਹੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਪੰਜਾਬ 'ਚ ਮੁਕੰਮਲ ਤੌਰ 'ਤੇ ਲਾਗੂ ਨਹੀਂ ਕਰਵਾਇਆ ਜਾ ਰਿਹਾ, ਜਦੋਂ ਕਿ ਦੇਸ਼ ਦੇ ਹੋਰ ਸੂਬਿਆਂ 'ਚ ਇਹ ਸਫਲਤਾਪੂਰਵਕ ਚੱਲ ਰਹੀਆਂ ਹਨ। ਇਸ ਮੌਕੇ ਜ਼ਿਲਾ ਪ੍ਰੀਸ਼ਦ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਜ਼ਿਲਾ ਅਕਾਲੀ ਦਲ ਦੇ ਖਜ਼ਾਨਚੀ ਕੁਲਵਿੰਦਰ ਸਿੰਘ ਡੇਰਾ, ਭਾਜਪਾ ਆਗੂ ਨਰੇਸ਼ ਸਰੀਨ, ਅਕਾਲੀ ਆਗੂ ਜੈ ਸਿੰਘ ਬਾੜਾ, ਮੈਨੇਜਰ ਊਧਮ ਸਿੰਘ ਤੇ ਅਕਾਲੀ ਦਲ ਦੇ ਹੋਰ ਆਗੂ ਵੀ ਹਾਜ਼ਰ ਸਨ।
ਦਰੱਖਤਾਂ ਦੀ ਕਟਾਈ ਮਾਮਲੇ 'ਚ ਨਿਸ਼ਾਨੇ 'ਤੇ ਪੰਜਾਬ ਸਰਕਾਰ
NEXT STORY