ਫਰੀਦਕੋਟ (ਹਾਲੀ) - ਸਥਾਨਕ ਸ਼ਹਿਰ ਵਿਚ ਲੋਕਾਂ ਦੀ ਸਹੂਲਤ ਲਈ 120 ਕਰੋੜ ਰੁਪਏ ਖਰਚ ਕਰ ਕੇ ਸੀਵਰੇਜ ਪਾਇਆ ਜਾ ਰਿਹਾ ਹੈ ਪਰ ਇਸ ਕਾਰਨ ਹਰਿੰਦਰਾ ਨਗਰ, ਨਿਊ ਹਰਿੰਦਰਾ ਨਗਰ, ਕੰਮੇਆਣਾ ਗੇਟ, ਸੰਜੇ ਨਗਰ, ਬਾਜ਼ੀਗਰ ਬਸਤੀ, ਪੁਰਾਣੀ ਛਾਉਣੀ ਰੋਡ, ਨਵੀਂ ਛਾਉਣੀ ਰੋਡ ਅਤੇ ਬੱਸ ਸਟੈਂਡ ਨਜ਼ਦੀਕ ਸਮੇਤ ਕੁਝ ਹੋਰ ਹਿੱਸਿਆਂ ਵਿਚ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਇਨ੍ਹਾਂ ਖੇਤਰਾਂ ਵਿਚ ਸੀਵਰੇਜ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਪਿਛਲੇ 7 ਮਹੀਨਿਆਂ ਤੋਂ ਇਨ੍ਹਾਂ ਖੇਤਰਾਂ ਦੀਆਂ ਬਹੁਤੀਆਂ ਮੁੱਖ ਸੜਕਾਂ ਅਤੇ ਗਲੀਆਂ ਬੰਦ ਹਨ, ਜਿਹੜੀਆਂ ਗਲੀਆਂ ਚੱਲਦੀਆਂ ਹਨ, ਉਨ੍ਹਾਂ ਨੂੰ ਵੀ ਲੋਕਾਂ ਨੇ ਬਿਨਾਂ ਸੂਚਨਾ ਦਿੱਤਿਆਂ ਰੋਕ ਰੱਖਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰਾ ਨਗਰ ਦੀਆਂ ਬਹੁਤੀਆਂ ਗਲੀਆਂ ਅਤੇ ਬਾਬਾ ਫ਼ਰੀਦ ਸਕੂਲ ਨੂੰ ਜਾਣ ਵਾਲਾ ਰਸਤਾ, ਬੱਸ ਸਟੈਂਡ ਨਜ਼ਦੀਕ ਮੁੱਖ ਸੜਕ ਦਾ ਹੈ, ਕੰਮੇਆਣਾ ਗੇਟ ਅਤੇ ਨਵੀਂ- ਪੁਰਾਣੀ ਛਾਉਣੀ ਰੋਡ ਜਿਥੇ ਸੀਵਰੇਜ ਦਾ ਕੰਮ ਫ਼ਿਲਹਾਲ ਮੁਕੰਮਲ ਕਰ ਲਿਆ ਗਿਆ ਹੈ ਪਰ ਇਨ੍ਹਾਂ ਸੜਕਾਂ ਨੂੰ ਚਾਲੂ ਕਰਨ ਦੀ ਬਜਾਏ, ਉਸੇ ਤਰ੍ਹਾਂ ਛੱਡਿਆ ਹੋਇਆ ਹੈ, ਜਿਸ ਕਾਰਨ ਇਨ੍ਹਾਂ ਸੜਕਾਂ ਉਪਰੋਂ ਦੀ ਲੰਘਿਆ ਨਹੀਂ ਜਾ ਰਿਹਾ। ਤਿੰਨ ਦਿਨ ਪਹਿਲਾਂ ਹੋਈ ਬਾਰਿਸ਼ ਨੇ ਇਨ੍ਹਾਂ ਸੜਕਾਂ ਦਾ ਮੁਹਾਂਦਰਾ ਹੋਰ ਵਿਗਾੜ ਦਿੱਤਾ ਹੈ।
ਕੀ ਹੈ ਪ੍ਰਾਜੈਕਟ
ਕੇਂਦਰ ਅਤੇ ਪੰਜਾਬ ਸਰਕਾਰ ਦਾ ਇਹ ਸਾਂਝਾ ਪ੍ਰਾਜੈਕਟ ਸ਼ਹਿਰਾਂ ਨੂੰ 100 ਫ਼ੀਸਦੀ ਸੀਵਰੇਜ, ਸਟਰੀਟ ਲਾਈਟ ਅਤੇ ਇੰਟਰਲਾਕ ਸੜਕਾਂ ਨਾਲ ਜੋੜਨ ਦਾ ਸੀ, ਜਿਸ ਦੀ ਅਨੁਮਾਨਿਤ ਲਾਗਤ 112 ਕਰੋੜ ਰੁਪਏ ਹੈ। ਇਹ ਪ੍ਰਾਜੈਕਟ ਡੇਢ ਸਾਲ ਵਿਚ ਪੂਰਾ ਕੀਤਾ ਜਾਣਾ ਸੀ। ਇਸ ਪ੍ਰਾਜੈਕਟ ਵਿਚ ਸਾਰੇ ਸ਼ਹਿਰ ਵਿਚ ਸੀਵਰੇਜ ਪਾਉਣ ਤੋਂ ਇਲਾਵਾ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣਾ, ਸਾਰੇ ਸ਼ਹਿਰ ਵਿਚ ਸਟਰੀਟ ਲਾਈਟਾਂ ਲਾਉਣਾ ਅਤੇ ਸਾਰੀਆਂ ਸੜਕਾਂ ਨੂੰ ਦੁਬਾਰ ਇੰਟਰਲਾਕਿੰਗ ਟਾਈਲਾਂ ਰਾਹੀਂ ਬਣਾਉਣਾ ਸ਼ਾਮਲ ਸੀ ਤੇ ਨਾਲ-ਨਾਲ ਇਸ ਪ੍ਰਾਜੈਕਟ ਦੀ 5 ਸਾਲਾਂ ਤੱਕ ਸਬੰਧਤ ਕੰਪਨੀ ਵੱਲੋਂ ਦੇਖ-ਭਾਲ ਕਰਨੀ ਵੀ ਸ਼ਾਮਲ ਸੀ।
ਚੋਣਾਂ ਤੋਂ ਪਹਿਲਾਂ ਨਵੰਬਰ ਵਿਚ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਸ਼ੁਰੂਆਤ ਟੱਕ ਲਾ ਕੇ ਕਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਇਹ ਪ੍ਰਾਜੈਕਟ ਸੜਕਾਂ ਪੁੱਟਣ, ਸੀਵਰੇਜ ਪਾਉਣ ਅਤੇ ਉਨ੍ਹਾਂ ਨੂੰ ਬੰਦ ਕਰਨ ਤੱਕ ਹੀ ਸੀਮਤ ਰਿਹਾ ਹੈ ਅਤੇ ਇਸ ਪ੍ਰਾਜੈਕਟ ਤਹਿਤ ਕਿਸੇ ਵੀ ਮੁਹੱਲੇ ਨੂੰ ਪੂਰਨ ਰੂਪ 'ਚ ਤਿਆਰ ਨਹੀਂ ਕੀਤਾ ਗਿਆ।
ਕੀ ਕਹਿਣਾ ਹੈ ਲੋਕਾਂ ਦਾ
ਸ਼ਹਿਰ ਨਿਵਾਸੀ ਇਸ ਪ੍ਰਾਜੈਕਟ ਨੂੰ ਲੈ ਕੇ ਕਾਫ਼ੀ ਉਤਸੁਕ ਸਨ ਪਰ 7 ਮਹੀਨਿਆਂ ਵਿਚ ਸਾਰੀ ਉਨ੍ਹਾਂ ਦੀ ਉਤਸੁਕਤਾ ਖਤਮ ਹੋ ਚੁੱਕੀ ਹੈ। ਨਿਊ ਕੈਂਟ ਰੋਡ ਨਿਵਾਸੀ ਜਗਜੀਵਨ ਸਿੰਘ, ਕੰਮੇਆਣਾ ਗੇਟ ਨਿਵਾਸੀ ਗਗਨਦੀਪ, ਬੱਸ ਸਟੈਂਡ ਨਜ਼ਦੀਕ ਨਿਵਾਸੀ ਸੁਖਦੀਪ ਸਿੰਘ, ਸੰਜੇ ਨਗਰ ਨਿਵਾਸੀ ਰਜਿੰਦਰ ਕੁਮਾਰ ਅਤੇ ਬਾਜ਼ੀਗਰ ਬਸਤੀ ਨਿਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲਿਆਂ ਵਿਚ ਸੀਵਰੇਜ ਪੈ ਚੁੱਕਾ ਹੈ ਅਤੇ ਪਿਛਲੇ 5 ਮਹੀਨਿਆਂ ਤੋਂ ਸੜਕਾਂ ਨਹੀਂ ਬਣਾਈਆਂ ਗਈਆਂ, ਜਿਸ ਕਾਰਨ ਕਈ ਲੋਕਾਂ ਨੂੰ ਘਰਾਂ 'ਚ ਜਾਣ ਲਈ ਵੀ ਪ੍ਰੇਸ਼ਾਨੀ ਆ ਰਹੀ ਹੈ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੁਕੰਮਲ ਹੋ ਚੁੱਕੇ ਪ੍ਰਾਜੈਕਟ ਵਾਲੀਆਂ ਸੜਕਾਂ ਬਣਾਈਆਂ ਜਾਣ।
ਸਾਬਕਾ ਸਰਪੰਚ ਤੇ ਸੂਬਾ ਭਾਜਪਾ ਦੇ ਮੈਂਬਰ ਸਮੇਤ 4 ਗ੍ਰਿਫਤਾਰ
NEXT STORY