ਚੰਡੀਗੜ੍ਹ (ਰਜਿੰਦਰ) : ਘਰ ਖਰੀਦਣ ਤੋਂ ਪਹਿਲਾਂ ਹਰ ਕੋਈ ਇਹ ਪਤਾ ਕਰਨਾ ਚਾਹੁੰਦਾ ਹੈ ਕਿ ਸਬੰਧਤ ਪ੍ਰਾਪਰਟੀ ’ਤੇ ਕੋਈ ਝਗੜਾ ਤਾਂ ਨਹੀਂ ਹੈ ਪਰ ਲੋਕਾਂ ਨੂੰ ਪ੍ਰਾਪਰਟੀ ਦੀ ਫਾਈਲ ਦੀ ਜਾਂਚ ਕਰਨ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਨੇ ਪ੍ਰਾਪਰਟੀ ਦੀ ਫਾਈਲ ਇੰਸਪੈਕਸ਼ਨ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ। ਹੁਣ ਜੇਕਰ ਸਬੰਧਤ ਅਧਿਕਾਰੀ ਕਿਸੇ ਕਾਰਨ ਦਫ਼ਤਰ ਵਿਚ ਉਪਲੱਬਧ ਨਹੀਂ ਹੁੰਦਾ ਹੈ ਤਾਂ ਚੀਫ਼ ਲਾਇਜਨਿੰਗ ਅਫ਼ਸਰ ਤੋਂ ਪ੍ਰਾਪਰਟੀ ਦੀ ਫਾਈਲ ਦੀ ਇੰਸਪੈਕਸ਼ਨ ਲਈ ਅਰਜ਼ੀ ਨੂੰ ਮਾਰਕ ਕਰਵਾਇਆ ਜਾ ਸਕੇਗਾ। ਪਹਿਲਾਂ ਅਕਾਊਂਟਸ ਅਫ਼ਸਰ ਦੇ ਲਿੰਕ ਅਧਿਕਾਰੀ ਕੋਲ ਇਹ ਜ਼ਿੰਮੇਵਾਰੀ ਹੁੰਦੀ ਸੀ ਤਾਂ ਉਹ ਇਸ ਲਈ ਛੇਤੀ ਤਿਆਰ ਨਹੀਂ ਹੁੰਦੇ ਸੀ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਵਲੋਂ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਨਿਰਦੇਸ਼ਾਂ ਤਹਿਤ ਅਲਾਟੀ ਅਧਿਕਾਰਤ ਵਕੀਲ ਰਾਹੀਂ ਫਾਈਲ ਦੀ ਇੰਸਪੈਕਸ਼ਨ ਲਈ ਆਪਣੇ ਲੈਟਰ ਪੈਡ ’ਤੇ ਅਰਜ਼ੀ ਦੇ ਸਕਦਾ ਹੈ, ਜਿਸ ਨੂੰ ਸਬੰਧਤ ਐਕਾਊਂਟਸ ਅਫ਼ਸਰ ਵਲੋਂ ਰਿਕਾਰਡ ਰੂਮ ਮੈਨੇਜਰ ਨੂੰ ਮਾਰਕ ਕੀਤਾ ਜਾਵੇਗਾ। ਵਰਕਿੰਗ ਡੇਅ ’ਤੇ ਸਵੇਰੇ 11 ਤੋਂ 12 ਵਜੇ ਤਕ ਇੰਸਪੈਕਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ। ਇੰਸਪੈਕਸ਼ਨ ਲਈ ਅਰਜ਼ੀ ਦੇ ਨਾਲ ਮੌਜੂਦਾ ਅਲਾਟੀ ਅਤੇ ਮਾਲਕ ਦਾ ਅਥਾਰਟੀ ਲੈਟਰ ਵੀ ਹੋਣਾ ਚਾਹੀਦਾ ਹੈ, ਜਿਸ ਨੂੰ ਬਲਿਊ ਪੈੱਨ ਨਾਲ ਸਾਈਨ ਕੀਤਾ ਹੋਇਆ ਹੋਵੇ। ਫਾਈਲ ਇੰਸਪੈਕਸ਼ਨ ਦੀ ਅਰਜ਼ੀ ਲਈ ਸਿਰਫ਼ ਇਕ ਹੀ ਵਕੀਲ ਜਾਂ ਵਿਅਕਤੀ ਨੂੰ ਰਿਕਾਰਡ ਰੂਮ ’ਚ ਐਂਟਰੀ ਦੀ ਇਜਾਜ਼ਤ ਦਿੱਤੀ ਗਈ ਹੈ।
ਮੋਬਾਇਲ ਫ਼ੋਨ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ
ਸੀ. ਐੱਚ. ਬੀ. ਨੇ ਇੰਸਪੈਕਸ਼ਨ ਦੌਰਾਨ ਮੋਬਾਇਲ ਫ਼ੋਨ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਾਈ ਹੈ। ਵਿਭਾਗ ਅਨੁਸਾਰ ਫਾਈਲ ਦੀ ਫੋਟੋ ਕਲਿੱਕ ਕੀਤੀ ਜਾ ਸਕਦੀ ਹੈ, ਜਿਸ ਕਾਰਨ ਹੀ ਇਸ ’ਤੇ ਪਾਬੰਦੀ ਲਾਈ ਗਈ ਹੈ। ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਲੋਕਾਂ ਨੇ ਫੋਟੋਆਂ ਕਲਿੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਕਾਰਨ ਵਿਭਾਗ ਵਲੋਂ ਇਸ ਸਬੰਧੀ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕਿਸੇ ਕਾਰਨ ਅਲਾਟੀ ਅਤੇ ਮਾਲਕ ਦੇ ਦਸਤਖਤ ਬਦਲ ਜਾਂਦੇ ਹਨ, ਤਾਂ ਫਾਈਲ ਦੀ ਜਾਂਚ ਲਈ ਆਏ ਵਾਲੇ ਵਕੀਲ ਜਾਂ ਵਿਅਕਤੀ ਨੂੰ ਗਜ਼ਟਿਡ ਅਫ਼ਸਰ, ਨੋਟਰੀ ਪਬਲਿਕ ਵਲੋਂ ਅਟੈਸਟਡ ਤਾਜ਼ਾ ਦਸਤਖਤ ਪੇਸ਼ ਕਰਨੇ ਪੈਣਗੇ।
60 ਹਜ਼ਾਰ ਦੇ ਕਰੀਬ ਅਲਾਟੀ
ਚੰਡੀਗੜ੍ਹ ਹਾਊਸਿੰਗ ਬੋਰਡ ਸ਼ਹਿਰ ਵਿਚ ਹੁਣ ਤਕ 60 ਹਜ਼ਾਰ ਤੋਂ ਵੱਧ ਫਲੈਟ ਬਣਾ ਚੁੱਕਾ ਹੈ। ਇਨ੍ਹਾਂ ਵਿਚ ਈ. ਡਬਲਿਊ. ਐੱਸ. ਤੋਂ ਲੈ ਕੇ ਐੱਲ. ਆਈ. ਜੀ., ਐੱਮ. ਆਈ. ਜੀ. ਅਤੇ ਐੱਚ. ਆਈ. ਜੀ. ਦੇ ਫਲੈਟ ਸ਼ਾਮਲ ਹਨ। ਇਨ੍ਹਾਂ ਮਕਾਨਾਂ ਦੇ ਅਲਾਟੀਆਂ ਅਤੇ ਇਨ੍ਹਾਂ ਨੂੰ ਖਰੀਦਣ ਦੇ ਚਾਹਵਾਨ ਲੋਕਾਂ ਨੂੰ ਰਾਹਤ ਦੇਣ ਲਈ ਹੀ ਬੋਰਡ ਵਲੋਂ ਇੰਸਪੈਕਸ਼ਨ ਪ੍ਰਕਿਰਿਆ ਸੌਖੀ ਕੀਤੀ ਗਈ ਹੈ। ਅਜੇ ਬੋਰਡ ਦੀਆਂ ਦੋ ਹਾਊਸਿੰਗ ਸਕੀਮਾਂ ਸਿਰੇ ਨਹੀਂ ਚੜ੍ਹ ਸਕੀਆਂ, ਜਿਸ ਕਾਰਨ ਬੋਰਡ ਪ੍ਰਸ਼ਾਸਨ ਤੋਂ ਆਪਣੀ ਪੁਰਾਣੀ ਸਕੀਮ ਨੂੰ ਮਨਜ਼ੂਰੀ ਦਿਵਾਉਣ ਲਈ ਯਤਨ ਕਰ ਰਿਹਾ ਹੈ, ਤਾਂ ਜੋ ਸ਼ਹਿਰ ਵਿਚ ਇਸ ਤਰ੍ਹਾਂ ਦੇ ਹੋਰ ਫਲੈਟ ਬਣਾਏ ਜਾ ਸਕਣ।
ਬਟਾਲਾ 'ਚ ਸ਼ਰਮਨਾਕ ਕਾਰਾ, ਦਾਜ ਦੇ ਖ਼ਾਤਰ ਸਹੁਰਾ ਪਰਿਵਾਰ ਨੇ ਵਿਆਹੁਤਾ ਦੀ ਕੁੱਟਮਾਰ ਕਰ ਕਰਵਾਇਆ ਗਰਭਪਾਤ
NEXT STORY