ਚੰਡੀਗੜ੍ਹ (ਨੀਰਜ) : ਕੇਂਦਰ ਤੋਂ ਲੈ ਕੇ ਨਗਰ ਨਿਗਮ ਤਕ ਦੀ ਸੱਤਾ ਵਿਚ ਬੈਠੀ ਭਾਜਪਾ ਦੀ ਸਥਾਨਕ ਇਕਾਈ ਦੀਆਂ ਕੋਸ਼ਿਸ਼ਾ ਸਿਰੇ ਚੜ੍ਹੀਆਂ ਤਾਂ ਆਉਣ ਵਾਲੇ ਸਮੇਂ ਵਿਚ ਲਾਲ ਡੋਰੇ ਤੋਂ ਬਾਹਰ ਜ਼ਮੀਨ ਖਰੀਦ ਕੇ ਬੈਠੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਭਾਜਪਾ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੋ ਮਤੇ ਦਿੱਤੇ ਹਨ। ਦੋਵਾਂ ਵਿਚ ਹੀ ਲਾਲ ਡੋਰੇ ਤੋਂ ਬਾਹਰ ਵਾਲੀ ਜ਼ਮੀਨ ਦੀ ਸਹੀ ਵਰਤੋਂ ਲਈ ਯੋਜਨਾ ਬਣਾਏ ਜਾਣ ਲਈ ਕਿਹਾ ਹੈ। ਪਾਰਟੀ ਦੀ ਸਥਾਨਕ ਲੀਡਰਸ਼ਿਪ ਦੀ ਮੰਨੀਏ ਤਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਨ੍ਹਾਂ ਮਤਿਆਂ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਇਨ੍ਹਾਂ ਅਨੁਸਾਰ ਰਸਤਾ ਕੱਢਣ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ।
ਆਗੂਆਂ ਤੇ ਅਫਸਰਾਂ ਦੀਆਂ ਵੀ ਹਨ ਜ਼ਮੀਨਾਂ
ਚੰਡੀਗੜ੍ਹ ਵਿਚ ਲਾਲ ਡੋਰੇ ਤੋਂ ਬਾਹਰ ਕਈ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਹਨ। ਇਨ੍ਹਾਂ ਵਿਚ ਆਗੂ ਤੇ ਅਫਸਰ ਵੀ ਸ਼ਾਮਲ ਹਨ। ਕਈ ਥਾਵਾਂ 'ਤੇ ਤਾਂ ਪੱਕਾ ਨਿਰਮਾਣ ਤਕ ਕਰ ਲਿਆ ਗਿਆ ਹੈ, ਜਦਕਿ ਇਹ ਨਾਜਾਇਜ਼ ਹੈ ਪਰ ਕੁਝ ਆਗੂਆਂ ਤੇ ਅਫਸਰਾਂ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਨਿਰਮਾਣ ਜਾਰੀ ਰੱਖਿਆ ਤਾਂ ਪਿਛਲੇ ਦਿਨੀਂ ਮੀਡੀਆ ਵਿਚ ਖਬਰਾਂ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਇਨ੍ਹਾਂ ਨਿਰਮਾਣਾਂ ਨੂੰ ਰੋਕ ਦਿੱਤਾ ਸੀ। ਹੁਣ ਭਾਜਪਾ ਲਾਲ ਡੋਰੇ ਤੋਂ ਬਾਹਰ ਵਾਲੇ ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦਿਵਾਉਣ ਦੇ ਮੂਡ ਵਿਚ ਹੈ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਤਾ ਭੇਜਿਆ ਗਿਆ ਹੈ ਕਿ ਲਾਲ ਡੋਰੇ ਤੋਂ ਬਾਹਰ ਵਾਲੀ ਜ਼ਮੀਨ ਦੀ ਅਜਿਹੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਨਾਲ ਜ਼ਮੀਨ ਮਾਲਕ ਤੇ ਸਰਕਾਰ ਦੋਵਾਂ ਨੂੰ ਫਾਇਦਾ ਹੋਵੇ।
ਇਹ ਹਨ ਮਤੇ
ਇਸ ਦੇ ਤਹਿਤ ਸੁਝਾਇਆ ਗਿਆ ਹੈ ਕਿ ਲਾਲ ਡੋਰੇ ਤੋਂ ਬਾਹਰ ਵਾਲੀ ਜ਼ਮੀਨ ਦੇ ਮਾਲਕ ਆਪਣੀ ਜ਼ਮੀਨ 'ਤੇ ਸੋਲਰ ਪਲਾਂਟ ਲਾ ਲੈਣ ਤੇ ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਸਰਕਾਰ ਖਰੀਦੇ ਤਾਂ ਜ਼ਮੀਨ ਮਾਲਕਾਂ ਨੂੰ ਵੀ ਆਪਣੀ ਇਸ ਜ਼ਮੀਨ ਤੋਂ ਆਮਦਨ ਹੋ ਜਾਵੇਗੀ ਤੇ ਸਰਕਾਰ ਨੂੰ ਬਿਜਲੀ ਮਿਲ ਜਾਵੇਗੀ। ਦਲੀਲ ਦਿੱਤੀ ਗਈ ਕਿ ਅਜੇ ਤਕ ਇਸ ਜ਼ਮੀਨ ਦੀ ਵਰਤੋਂ ਨਹੀਂ ਕੀਤੀ ਗਈ ਤੇ ਕਰੋੜਾਂ ਰੁਪਏ ਖਰਚ ਕਰਕੇ ਬੈਠੇ ਜ਼ਮੀਨ ਦੇ ਮਾਲਕ ਇਸ 'ਤੇ ਕੋਈ ਨਿਰਮਾਣ ਵੀ ਨਹੀਂ ਕਰ ਸਕਦੇ ਹਨ। ਕਰੋੜਾਂ ਰੁਪਏ ਦਾ ਖਰਚ ਕਰਨ ਦਾ ਜ਼ਮੀਨ ਮਾਲਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੈ। ਉਹ ਜ਼ਮੀਨ ਵੇਚਣ ਦਾ ਵੀ ਰਿਸਕ ਨਹੀਂ ਲੈਣਾ ਚਾਹੁੰਦੇ। ਲਾਲ ਡੋਰੇ ਤੋਂ ਬਾਹਰ ਵਾਲੀ ਜ਼ਮੀਨ ਦੇ ਮਾਲਕਾ ਨੂੰ ਹੀ ਰਾਹਤ ਦਿਵਾਉਣ ਦੇ ਇਰਾਦੇ ਨਾਲ ਦੂਸਰਾ ਮਤਾ ਇਹ ਦਿੱਤਾ ਗਿਆ ਕਿ ਮਾਸਟਰ ਪਲਾਨ ਤਹਿਤ ਕੁਝ ਥਾਵਾਂ ਅਜਿਹੀਆਂ ਤੈਅ ਕਰ ਦਿੱਤੀਆਂ ਜਾਣ, ਜਿਥੇ ਕਮਿਊਨਿਟੀ ਸੈਂਟਰ, ਸਟੇਡੀਅਮ, ਜੰਝਘਰ, ਪਾਰਕ, ਭਾਈਚਾਰਕ ਜਿਮ ਆਦਿ ਬਣਾਏ ਜਾ ਸਕਣ ਤੇ ਮਾਸਟਰ ਪਲਾਨ ਤਹਿਤ ਹੀ ਸੜਕਾਂ ਮਾਰਕ ਕਰ ਦਿੱਤੀਆਂ ਜਾਣ ਤੇ ਤੈਅ ਕਰ ਦਿੱਤਾ ਜਾਵੇ ਕਿ ਕਿਥੇ-ਕਿਥੇ ਨਿਰਮਾਣ ਕੀਤਾ ਜਾ ਸਕਦਾ ਹੈ।
ਮਕਾਨਾਂ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਜਾਰੀ : ਭਾਜਪਾ
ਕੈਂਬਵਾਲਾ ਵਿਚ ਨਾਜਾਇਜ਼ ਨਿਰਮਾਣਾਂ ਖਿਲਾਫ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਕਾਰਵਾਈ 'ਤੇ ਚੰਡੀਗੜ੍ਹ ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਮਕਾਨਾਂ ਨੂੰ ਟੁੱਟਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਲਾਲ ਡੋਰੇ ਸਬੰਧੀ ਨਹੀਂ ਕੀਤੀ ਗਈ ਹੈ, ਬਲਕਿ ਸੁਖਨਾ ਕੈਚਮੈਂਟ ਏਰੀਏ ਦੇ ਦਾਇਰੇ ਵਿਚ ਆਉਣ ਕਾਰਨ ਹਾਈ ਕੋਰਟ ਦੇ ਹੁਕਮਾਂ 'ਤੇ ਕੀਤੀ ਗਈ ਹੈ। ਇਸ ਦਾਇਰੇ ਵਿਚ 172 ਮਕਾਨ ਆ ਰਹੇ ਹਨ। ਟੰਡਨ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨਾਲ ਵੀ ਗੱਲਬਾਤ ਹੋਈ ਹੈ। ਇਨ੍ਹਾਂ ਮਕਾਨਾਂ ਨੂੰ ਟੁੱਟਣ ਤੋਂ ਬਚਾਉਣ ਲਈ ਜਲਦੀ ਹੀ ਕੋਈ ਰਸਤਾ ਕੱਢਿਆ ਜਾਵੇਗਾ।
ਵੀਡੀਓ ਵਾਇਰਲ ਹੋਣ ਦੇ ਬਾਵਜੂਦ ਦੋਸ਼ੀ 'ਤੇ ਕਾਰਵਾਈ ਦੀ ਜਗ੍ਹਾ ਜਾਂਚ ਦੇ ਨਾਂ 'ਤੇ ਸਮਾਂ ਕੱਢਣ 'ਚ ਲੱਗੇ ਅਫਸਰ
NEXT STORY