ਲੁਧਿਆਣਾ (ਖੁਰਾਣਾ) - ਘਰੇਲੂ ਗੈਸ ਸਿਲੰਡਰਾਂ ਦੀ ਕਿੱਲਤ ਨੂੰ ਲੈ ਕੇ ਸ਼ੁਰੂ ਹੋਇਆ ਸਿਲਸਿਲਾ ਕਰੀਬ ਡੇਢ ਮਹੀਨੇ ਬਾਅਦ ਵੀ ਉਥੇ ਦਾ ਉਥੇ ਖੜ੍ਹਾ ਹੈ। ਅਧਿਕਾਰੀ ਕੇਵਲ ਕੁਝ ਹੀ ਦਿਨਾਂ ’ਚ ਸਥਿਤੀ ਆਮ ਹੋਣ ਦਾ ਦਾਅਵਾ ਕਰ ਰਹੇ ਹਨ, ਜਦੋਂ ਕਿ ਇੰਡੇਨ ਗੈਸ ਕੰਪਨੀ ਸਮੇਤ ਹਿੰਦੂਸਤਾਨ ਗੈਸ ਕੰਪਨੀ ਨਾਲ ਸਬੰਧਤ ਜ਼ਿਆਦਾਤਰ ਡੀਲਰ ਆਪਣੇ ਖਪਤਕਾਰਾਂ ਨੂੰ ਫੋਨ ਕਰਕੇ ਮੁਆਫੀ ਮੰਗਦੇ ਹੋਏ 7 ਦਿਨ ਤੋਂ ਪਹਿਲਾਂ ਗੈਸ ਸਪਲਾਈ ਨਾ ਦੇਣ ਸਬੰਧੀ ਆਪਣੀ ਮਜ਼ਬੂਰੀ ਬਿਆਨ ਕਰ ਰਹੇ ਹਨ।
ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਵਿਚ ਭਾਰੀ ਕਿੱਲਤ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਜ਼ਿਆਦਾਤਰ ਗੈਸ ਏਜੰਸੀਆਂ ਦੇ ਡੀਲਰ ਖਪਤਕਾਰਾਂ ਵਲੋਂ ਗੈਸ ਸਿਲੰਡਰਾਂ ਦੀ ਕਰਵਾਈ ਜਾ ਰਹੀ ਬੁਕਿੰਗ ਤੋਂ ਬਾਅਦ ਖਪਤਕਾਰਾਂ ਤੋਂ 5 ਤੋਂ 7 ਦਿਨਾਂ ਤੱਕ ਦਾ ਬੈਕਲਾਗ ਲੱਗਾ ਹੋਣ ਦੀ ਗੱਲ ਦੱਸ ਕੇ ਗੈਸ ਸਿਲੰਡਰ ਦੀ ਡਲਿਵਰੀ ਇਕ ਹਫਤੇ ਬਾਅਦ ਕਰਨ ਦਾ ਦਾਅਵਾ ਕਰਦੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਦੀ ਸਮੱਸਿਆ ਅਚਾਨਕ ਆਸਮਾਨ ਛੂਹਣ ਲੱਗੀ ਹੈ।
ਠੰਢ ਦੇ ਜ਼ੋਰ ਫੜਨ ਕਾਰਨ ਆਮ ਕਰ ਕੇ ਘਰੇਲੂ ਖਪਤਕਾਰਾਂ ਦੇ ਰਸੋਈ ਘਰਾਂ ’ਚ ਵਰਤੀ ਜਾਣ ਵਾਲੀ ਗੈਸ ਦੀ ਮੰਗ ਵਧ ਜਾਂਦੀ ਹੈ, ਜਿਸ ਕਾਰਨ ਗੈਸ ਏਜੰਸੀਆਂ ਦੇ ਡੀਲਰਾਂ ’ਤੇ ਸਿਲੰਡਰਾਂ ਦੀ ਸਪਲਾਈ ਸਬੰਧਤ ਖਪਤਕਾਰਾਂ ਅਤੇ ਰਸੋਈ ਘਰਾਂ ਤੱਕ ਪਹੁੰਚਾਉਣ ਸਬੰਧੀ ਦਬਾਅ ਵਧਣਾ ਵੀ ਲਾਜ਼ਮੀ ਹੈ, ਜਦੋਂਕਿ ਸਰਦੀਆਂ ਦੇ ਦਿਨਾਂ ਵਿਚ ਸ਼ਹਿਰ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਲੋਕਾਂ ਨੂੰ ਬੁਕਿੰਗ ਕਰਵਾਉਣ ਦੇ ਬਾਵਜੂਦ ਕਈ ਕਈ ਦਿਨਾਂ ਤੱਕ ਇਕ ਸਿਲੰਡਰ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ।
ਡੀਲਰਾਂ ਨੇ ਦੱਸਿਆ ਕਿ ਜ਼ਿਆਦਾਤਰ ਗੈਸ ਏਜੰਸੀਆਂ ਦੇ ਹਾਲਾਤ ਇਸ ਤਰ੍ਹਾਂ ਖਸਤਾ ਹਾਲ ਬਣੇ ਹੋਏ ਹਨ ਕਿ ਕਿਸੇ ਨੂੰ 2 ਦਿਨਾਂ ਬਾਅਦ ਇਕ ਲੋਡ (ਗੈਸ ਸਿਲੰਡਰ ਨਾਲ ਭਰਿਆ ਟਰੱਕ) ਮਿਲ ਰਿਹਾ ਹੈ, ਤਾਂ ਕਿਸੇ ਨੂੰ ਇਕ ਦਿਨ ਛੱਡ ਕੇ। ਹੈਰਾਨੀ ਦੀ ਗੱਲ ਇਹ ਹੈ ਕਿ ਗੈਸ ਕੰਪਨੀਆਂ ਦੇ ਅਧਿਕਾਰੀ ਡੀਲਰਾਂ ਦੀ ਗੱਲ ਤੱਕ ਸੁਣਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਜ਼ਿਆਦਾਤਰ ਗੈਸ ਏਜੰਸੀਆਂ ਦੇ ਡਲਿਵਰੀਮੈਨ ਅਤੇ ਸਟਾਫ ਦਫਤਰਾਂ ਅਤੇ ਗੋਦਾਮਾਂ ’ਚ ਹੱਥ ’ਤੇ ਹੱਥ ਧਰ ਕੇ ਬੈਠਾ ਹੋਇਆ ਹੈ।
ਕੀ ਕਹਿੰਦੇ ਹਨ ਸੇਲਜ਼ ਅਧਿਕਾਰੀ
ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਅਰਜਨ ਕੁਮਾਰ ਅਤੇ ਗੌਰਵ ਜੋਸ਼ੀ ਨੇ ਦਾਅਵਾ ਕੀਤਾ ਹੈ ਕਿ ਕੁਝ ਗੈਸ ਏਜੰਸੀਆਂ ’ਤੇ ਹੀ 3 ਤੋਂ 5 ਦਿਨਾਂ ਤੱਕ ਦਾ ਬੈਕਲਾਗ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਸਥਿਤੀ ਆਮ ਹੋ ਜਾਵੇਗੀ ਅਤੇ ਗੈਸ ਦੀ ਕਿੱਲਤ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਘਰੇਲੂ ਗੈਸ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿਕ ਸਥਿਤੀ ਤੋਂ ਬਚਣ ਦੀ ਅਪੀਲ ਕੀਤੀ ਹੈ, ਜਦੋਂਕਿ ਹਿੰਦੂਸਤਾਨ ਪੈਟ੍ਰੋਲੀਅਮ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਅਭਿਮੰਨਿਊ ਝਾ ਨੇ ਫੋਨ ਨਹੀਂ ਚੁੱਕਿਆ।
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ
NEXT STORY