ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)-ਪੰਜਾਬ ਸਰਕਾਰ ਵੱਲੋਂ ਬਜਟ ਦੌਰਾਨ ਟਰੱਕ ਯੂਨੀਅਨ ਨੂੰ ਤੋੜਨ ਦੇ ਐਲਾਨ ਤੋਂ ਭੜਕੇ ਕਸਬੇ ਦੇ ਟਰੱਕ ਆਪ੍ਰੇਟਰਾਂ ਨੇ 'ਦਿ ਦਸਮੇਸ਼ ਟਰੱਕ ਯੂਨੀਅਨ' ਸੰਗਰੂਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਸਬੰਧੀ ਮੰਗ ਪੱਤਰ ਐੱਸ.ਡੀ.ਐੱਮ. ਸਾਹਿਬ ਨੂੰ ਸੌਂਪਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ 'ਚ ਪਹਿਲਾਂ ਹੀ ਬੇਰੋਜ਼ਗਾਰੀ ਹੈ ਅਤੇ ਇੰਡਸਟਰੀ ਹਿਮਾਚਲ ਅਤੇ ਹਰਿਆਣਾ ਵਰਗੇ ਸੂਬਿਆਂ ਵੱਲ ਰੁਖ਼ ਕਰ ਰਹੀ ਹੈ ਅਤੇ ਸਰਕਾਰ ਦਾ ਯੂਨੀਅਨ ਤੋੜਨ ਦਾ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਇਸ ਨਾਲ ਟਰੱਕਾਂ ਵਾਲਿਆਂ ਦੇ ਨਾਲ-ਨਾਲ ਉਨ੍ਹਾਂ 'ਤੇ ਨਿਰਭਰ ਕਰਦੇ ਕਾਮਿਆਂ ਦੇ ਪਰਿਵਾਰਾਂ ਨੂੰ ਕਾਫ਼ੀ ਨੁਕਸਾਨ ਹੋਵੇਗਾ ਤੇ ਬੇਰੋਜ਼ਗਾਰੀ ਵਧੇਗੀ। ਪੰਜਾਬ 'ਚ ਇੰਡਸਟਰੀ ਨਾ ਹੋਣ ਕਾਰਨ ਅਨਪੜ੍ਹ ਅਤੇ ਪੜ੍ਹੇ-ਲਿਖੇ ਨੌਜਵਾਨ ਟਰੱਕਾਂ 'ਤੇ ਕੰਮ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ 'ਚ ਤਕਰੀਬਨ 134 ਯੂਨੀਅਨਾਂ ਹਨ ਤੇ 93,000 ਹਜ਼ਾਰ ਟਰੱਕ ਹਨ। ਇਸ ਨਾਲ ਜੁੜੇ 4 ਲੱਖ ਪਰਿਵਾਰ ਤਕਰੀਬਨ 12 ਲੱਖ ਲੋਕ ਭੁੱਖ ਨਾਲ ਮਰਨ ਲਈ ਮਜਬੂਰ ਹੋ ਜਾਣਗੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਦੌਰ ਨਾਲ ਟਰੱਕ ਆਪ੍ਰੇਟਰਾਂ ਦੀਆਂ ਖੁਦਕੁਸ਼ੀਆਂ ਵੀ ਵੱਧ ਜਾਣਗੀਆਂ। ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਟਰੱਕ ਆਪ੍ਰੇਟਰਾਂ ਵੱਲੋਂ ਦਿੱਤਾ ਜਾ ਰਿਹਾ ਟੈਕਸ ਬੰਦ ਹੋ ਜਾਵੇਗਾ ਅਤੇ ਪੰਜਾਬ 'ਚ ਦੂਸਰੇ ਸੂਬਿਆਂ ਦੇ ਟਰੱਕ ਚੱਲਣਗੇ ਅਤੇ ਪੰਜਾਬ ਦੇ ਟਰੱਕ ਆਪ੍ਰੇਟਰ ਬੇਰੋਜ਼ਗਾਰ ਹੋਣਗੇ। ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਇਹ ਫੈਸਲਾ ਵਾਪਿਸ ਲਵੇ। ਇਸ ਮੌਕੇ ਪ੍ਰਧਾਨ ਰਣਦੀਪ ਸਿੰਘ, ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ, ਰਵਿੰਦਰਪਾਲ ਸਿੰਘ ਸਰਪੰਚ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਜੀਤ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਕਾਕਾ, ਸਾਬਕਾ ਪ੍ਰਧਾਨ ਹਰਜੀਤ ਸਿੰਘ ਆਦਿ ਹਾਜ਼ਰ ਸਨ।
ਖੜਕਾਂ ਵਾਸੀਆਂ ਨੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਨੂੰ ਜੜਿਆ ਤਾਲਾ
NEXT STORY