ਆਜ਼ਾਦੀ ਦੇ 78 ਸਾਲ ਬੀਤ ਜਾਣ ਤੋਂ ਬਾਅਦ ਵੀ ਭੁੱਖਮਰੀ ਦੇਸ਼ ਲਈ ਕਲੰਕ ਬਣੀ ਹੋਈ ਹੈ। ਬੀਤੇ ਸਾਢੇ 7 ਦਹਾਕਿਆਂ ਤੋਂ ਭਾਰਤ ਇਸ ਕਲੰਕ ਨੂੰ ਮਿਟਾਉਣ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ ਪਰ ਗਲੋਬਲ ਹੰਗਰ ਇੰਡੈਕਸ ਦੀ ਤਾਜ਼ਾ ਰਿਪੋਰਟ ਭਾਰਤ ’ਚ ਭੁੱਖਮਰੀ ਲਈ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਦੀ ਪੋਲ ਖੋਲ੍ਹਦੀ ਨਜ਼ਰ ਆਉਂਦੀ ਹੈ। ਕੁਪੋਸ਼ਣ ਨਾਲ ਗ੍ਰਸਤ ਦੇਸ਼ਾਂ ਦੇ ਗਲੋਬਲ ਭੁੱਖ ਸੂਚਕਅੰਕ ’ਚ ਇਸ ਸਾਲ ਭਾਰਤ 105ਵੇਂ ਸਥਾਨ ’ਤੇ ਜਾ ਪਹੁੰਚਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ’ਚ ਕੁਪੋਸ਼ਣ ਦੀ ਹਾਲਤ ਬਹੁਤ ਗੰਭੀਰ ਹੈ, ਜੋ ਦੇਸ਼ ਦੇ ਆਰਥਿਕ ਵਿਕਾਸ ਦੇ ਬਾਵਜੂਦ ਵਿਆਪਕ ਭੁੱਖ ਦੇ ਉੱਚ ਪੱਧਰ ਨੂੰ ਦਰਸਾਉਂਦੀ ਹੈ।
ਰਿਪੋਰਟ ਅਨੁਸਾਰ 2024 ਦੇ ਗਲੋਬਲ ਭੁੱਖ ਸੂਚਕਅੰਕ ’ਚ 27.3 ਦੇ ਸਕੋਰ ਨਾਲ ਭਾਰਤ ’ਚ ਭੁੱਖ ਦਾ ਪੱਧਰ ਗੰਭੀਰ ਹੈ। ਪਿਛਲੇ ਕਈ ਸਾਲਾਂ ਤੋਂ ਭਾਰਤ ਹੇਠਲੇ ਦਰਜੇ ’ਤੇ ਹੀ ਰਿਹਾ ਹੈ। ਪਿਛਲੇ ਸਾਲ ਭਾਵ 2023 ’ਚ 124 ਦੇਸ਼ਾਂ ’ਚ ਭਾਰਤ ਦਾ ਨੰਬਰ 111ਵਾਂ ਸੀ ਅਤੇ ਉਸ ਤੋਂ ਪਹਿਲਾਂ ਭਾਵ 2022 ’ਚ 117ਵਾਂ ਸੀ। ਥੋੜ੍ਹੇ ਸੁਧਾਰ ਦੇ ਬਾਵਜੂਦ ਹਾਲਤ ਅਜੇ ਵੀ ਚਿੰਤਾਜਨਕ ਹੈ। ਗਲੋਬਲ ਭੁੱਖ ਸੂਚਕਅੰਕ ’ਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਮਿਆਂਮਾਰ ਤੋਂ ਵੀ ਪਿੱਛੇ ਹੈ। ਨਾਲ ਹੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨਾਲ ਇਹ ਉਨ੍ਹਾਂ 42 ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੈ ਜਿਨ੍ਹਾਂ ’ਚ ਭੁੱਖ ਦਾ ਪੱਧਰ ਬਹੁਤ ਜ਼ਿਆਦਾ ਹੈ।
ਅਸਲ ਗੱਲ ਇਹ ਹੈ ਕਿ ਅਸੀਂ ਅਜੇ ਵੀ ਦੁਨੀਆ ਨੂੰ ਭੁੱਖਮਰੀ, ਅਨਾਜ ਅਸੁਰੱਖਿਆ ਅਤੇ ਕੁਪੋਸ਼ਣ ਤੋਂ ਛੁਟਕਾਰਾ ਦਿਵਾਉਣ ਦੇ ਟੀਚੇ ਦੀ ਦਿਸ਼ਾ ’ਚ ਲੋੜੀਂਦੀ ਗਤੀ ਤੋਂ ਕਾਫੀ ਪਿੱਛੇ ਹਾਂ। ਦੁਨੀਆ ’ਚ ਸਿਹਤਮੰਦ ਖਾਣੇ ਤੱਕ ਪਹੁੰਚ ਵੀ ਇਕ ਗੰਭੀਰ ਮੁੱਦਾ ਹੈ, ਜੋ ਦੁਨੀਆ ਦੀ ਇਕ ਵੱਡੀ ਆਬਾਦੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਫ ਹੈ, ਭੁੱਖ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਜੇ ਲੰਬਾ ਰਸਤਾ ਤੈਅ ਕੀਤਾ ਜਾਣਾ ਬਾਕੀ ਹੈ ਪਰ ਗੌਰ ਕਰਨ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਇਕ ਪਾਸੇ ਸਾਡੇ ਅਤੇ ਤੁਹਾਡੇ ਘਰ ’ਚ ਰੋਜ਼ ਸਵੇਰੇ-ਰਾਤ ਦਾ ਬਚਿਆ ਹੋਇਆ ਖਾਣਾ ਬੇਹਾ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਤਾਂ ਉਥੇ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਸਮੇਂ ਦਾ ਖਾਣਾ ਤਕ ਨਸੀਬ ਨਹੀਂ ਹੁੰਦਾ ਅਤੇ ਉਹ ਭੁੱਖ ਨਾਲ ਮਰ ਰਹੇ ਹਨ।
ਦੁਨੀਆ ’ਚ ਪੈਦਾ ਕੀਤੇ ਜਾਣ ਵਾਲੇ ਖੁਰਾਕੀ ਪਦਾਰਥਾਂ ’ਚੋਂ ਲਗਭਗ ਅੱਧਾ ਹਰ ਸਾਲ ਬਿਨਾਂ ਖਾਧੇ ਸੜ ਜਾਂਦਾ ਹੈ। ਜੇਕਰ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇਥੇ ਵੀ ਕੇਂਦਰ ਤੇ ਸੂਬਾ ਸਰਕਾਰਾਂ ਖੁਰਾਕ ਸੁਰੱਖਿਆ ਅਤੇ ਭੁੱਖਮਰੀ ’ਚ ਕਮੀ ਲਈ ਕਈ ਯੋਜਨਾਵਾਂ ਚਲਾ ਰਹੀਆਂ ਹਨ। ਇਨ੍ਹਾਂ ’ਤੇ ਅਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾ ਪੂਰਾ ਲਾਭ ਗਰੀਬਾਂ ਤਕ ਹੁਣ ਵੀ ਨਹੀਂ ਪਹੁੰਚ ਪਾਉਂਦਾ ਹੈ। ਇਹੀ ਕਾਰਨ ਹੈ ਕਿ ਅਜੇ ਵੀ ਵੱਡੇ ਪੱਧਰ ’ਤੇ ਲੋਕਾਂ ਨੂੰ ਖਾਣਾ ਨਸੀਬ ਨਹੀਂ ਹੋ ਰਿਹਾ ਹੈ। ਭਾਰਤ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਰਹੀ ਹੈ ਕਿ ਅੰਨ ਦਾ ਵਿਸ਼ਾਲ ਭੰਡਾਰ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਲੋਕ ਭੁੱਖਮਰੀ ਦੇ ਸ਼ਿਕਾਰ ਹੁੰਦੇ ਹਨ।
ਜੇਕਰ ਇਸ ਦੇ ਕਾਰਨਾਂ ਦੀ ਪੜਤਾਲ ਕਰੀਏ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਾਲੇ ਤਾਲਮੇਲ ਦੀ ਕਮੀ, ਨਿਕੰਮੀ ਨੌਕਰਸ਼ਾਹੀ, ਭ੍ਰਿਸ਼ਟ ਸਿਸਟਮ ਅਤੇ ਭੰਡਾਰਨ ਸਮਰੱਥਾ ਦੀ ਕਮੀ ’ਚ ਅੰਨ ਦੀ ਬਰਬਾਦੀ ਵਰਗੇ ਕਾਰਨ ਸਾਹਮਣੇ ਆਉਂਦੇ ਹਨ। ਇਹ ਅਜਿਹੇ ਦੇਸ਼ ਦੀ ਤਸਵੀਰ ਹੈ ਜਿਥੇ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਲੋਕ ਰਹਿੰਦੇ ਹਨ, ਉਨ੍ਹਾਂ ਕੋਲ ਇੰਨਾ ਪੈਸਾ ਹੈ ਕਿ ਕੁਝ ਵਿਅਕਤੀਆਂ ਦੇ ਖਜ਼ਾਨੇ ਦੇ ਬਲ ’ਤੇ ਪੂਰੇ ਦੇਸ਼ ’ਚ ਖੁਸ਼ਹਾਲੀ-ਅਮੀਰੀ ਲਿਆਂਦੀ ਜਾ ਸਕਦੀ ਹੈ ਪਰ ਜੋ ਗਰੀਬ ਹੈ ਉਹ ਇੰਨਾ ਗਰੀਬ ਹੈ ਕਿ ਜੀਵਨ ਜਿਊਣ ਵਰਗੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ।
ਇਹੀ ਕਾਰਨ ਹੈ ਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਸਵਾਲਾਂ ਦੇ ਘੇਰੇ ’ਚ ਆ ਜਾਂਦੀਆਂ ਹਨ। ਇਹ ਹਕੀਕਤ ਆਰਥਿਕ ਤਰੱਕੀ ਦਾ ਦਾਅਵਾ ਕਰਨ ਵਾਲੇ ਹੁਣ ਤਕ ਦੇ ਸਾਰੇ ਸਰਕਾਰੀ ਦਾਅਵਿਆਂ ’ਤੇ ਸਵਾਲ ਖੜ੍ਹਾ ਕਰਦੀ ਹੈ। ਭਾਰਤ ਦਾ ਇਹ ਉਲਟ ਅਕਸ ਅਸਲ ’ਚ ਸੋਚਣ ਨੂੰ ਮਜਬੂਰ ਕਰ ਦਿੰਦਾ ਹੈ। ਵਿਕਾਸ ਦੇ ਇਸ ਡਰਾਉਣੇ ਗੈਰ-ਸੰਤੁਲਨ ਨੂੰ ਦੂਰ ਕਰਨ ਲਈ ਨੀਤੀਆਂ ਅਤੇ ਤਰਜੀਹਾਂ ’ਚ ਬਦਲਾਅ ਕਰਨ ਦੀ ਲੋੜ ਹੈ। ਦੇਸ਼ ’ਚ ਭੁੱਖਮਰੀ ਮਿਟਾਉਣ ’ਤੇ ਜਿੰਨਾ ਪੈਸਾ ਖਰਚ ਹੋਇਆ, ਉਹ ਘੱਟ ਨਹੀਂ। ਕੇਂਦਰ ਸਰਕਾਰ ਦੇ ਹਰੇਕ ਬਜਟ ਦਾ ਵੱਡਾ ਹਿੱਸਾ ਆਰਥਿਕ ਅਤੇ ਸਮਾਜਿਕ ਨਜ਼ਰੀਏ ਨਾਲ ਪੱਛੜੇ ਵਰਗ ਦੇ ਵਿਕਾਸ ਲਈ ਅਲਾਟ ਹੁੰਦਾ ਹੈ ਪਰ ਉਮੀਦ ਅਨੁਸਾਰ ਨਤੀਜੇ ਦੇਖਣ ਨੂੰ ਨਹੀਂ ਮਿਲਦੇ। ਇਸ ਤਰ੍ਹਾਂ ਲੱਗਦਾ ਹੈ ਕਿ ਕੋਸ਼ਿਸ਼ਾਂ ’ਚ ਜਾਂ ਤਾਂ ਪ੍ਰਤੀਬੱਧਤਾ ਨਹੀਂ ਹੈ ਜਾਂ ਉਨ੍ਹਾਂ ਦੀ ਦਿਸ਼ਾ ਹੀ ਗਲਤ ਹੈ।
ਖੁਰਾਕ ਸੁਰੱਖਿਆ ਉਦੋਂ ਹੀ ਸੰਭਵ ਹੈ, ਜਦੋਂ ਸਾਰੇ ਲੋਕਾਂ ਨੂੰ ਹਰ ਸਮੇਂ ਲੋੜੀਂਦੀ, ਸੁਰੱਖਿਅਤ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਮਿਲੇ ਜੋ ਉਨ੍ਹਾਂ ਦੀਆਂ ਖਾਣ ਸਬੰਧੀ ਲੋੜਾਂ ਨੂੰ ਪੂਰਾ ਕਰ ਸਕੇ। ਇਸ ਲਈ ਕਈ ਮੋਰਚਿਆਂ ’ਤੇ ਇਕੱਠਿਆਂ ਮਜ਼ਬੂਤ ਇੱਛਾਸ਼ਕਤੀ ਦਾ ਪ੍ਰਦਰਸ਼ਨ ਕਰਨਾ ਪਵੇਗਾ। ਕੁਲ ਮਿਲਾ ਕੇ ਗਲੋਬਲ ਭੁੱਖ ਸੂਚਕਅੰਕ ਭਾਰਤ ਲਈ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਅਸਲੀ ਵਿਕਾਸ ਦਾ ਮਕਸਦ ਸਿਰਫ ਜੀ. ਡੀ. ਪੀ. ਵਾਧਾ ਨਹੀਂ ਸਗੋਂ ਸਾਰਿਆਂ ਲਈ ਭੋਜਨ ਅਤੇ ਪੋਸ਼ਣ ਵਰਗੀਆਂ ਬੁਨਿਆਦੀ ਲੋੜਾਂ ਤਕ ਪਹੁੰਚ ਯਕੀਨੀ ਕਰਨ ’ਚ ਹੈ।
ਅਜਿਹਾ ਨਹੀਂ ਹੈ ਕਿ ਦੁਨੀਆ ਦੇ ਦੇਸ਼ਾਂ ’ਚ ਇਸ ਦੇ ਲਈ ਜ਼ਰੂਰੀ ਧਨ ਅਤੇ ਸਰੋਤਾਂ ਦੀ ਕੋਈ ਕਮੀ ਹੈ, ਅਸਲ ’ਚ ਸਮੱਸਿਆ ਇੱਛਾ, ਇਰਾਦੇ ਅਤੇ ਸਭ ਤੋਂ ਵੱਧ ਆਰਥਿਕ ਅਤੇ ਸਿਆਸੀ ਦ੍ਰਿਸ਼ਟੀਕੋਣ ਦੀ ਹੈ। ਮੌਜੂਦਾ ਸਮੇਂ ’ਚ ਹਰ ਦੇਸ਼ ਵਿਕਾਸ ਦੇ ਰਸਤੇ ’ਤੇ ਅੱਗੇ ਵਧਣ ਦਾ ਦਾਅਵਾ ਕਰਦਾ ਹੈ। ਅਜਿਹੇ ’ਚ ਜਦ ਕੋਈ ਅਜਿਹਾ ਅੰਕੜਾ ਸਾਹਮਣੇ ਆ ਜਾਵੇ ਜੋ ਤੁਹਾਨੂੰ ਇਹ ਦੱਸੇ ਕਿ ਅਜੇ ਤਾਂ ਦੇਸ਼ ਭੁੱਖ ਵਰਗੀ ਸਮੱਸਿਆ ਨੂੰ ਵੀ ਹੱਲ ਨਹੀਂ ਕਰ ਸਕਿਆ ਹੈ ਉਦੋਂ ਵਿਕਾਸ ਦੇ ਅੰਕੜੇ ਝੂਠੇ ਲੱਗਣ ਲੱਗਦੇ ਹਨ। ਇਹ ਕਿਹੋ ਜਿਹਾ ਵਿਕਾਸ ਹੈ ਜਿਸ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਭੋਜਨ ਵੀ ਮੁਹੱਈਆ ਨਹੀਂ।
-ਰਵੀ ਸ਼ੰਕਰ
ਪੰਚਾਇਤਾਂ ਹੀ ਭਾਰਤ ਦੇ ਲੋਕਤੰਤਰ ਦਾ ਆਧਾਰ
NEXT STORY