ਲੁਧਿਆਣਾ(ਸਲੂਜਾ)-ਪਾਵਰਕਾਮ ਦੀ ਜਨਤਾ ਨਗਰ ਡਵੀਜ਼ਨ 'ਚ ਅੱਜ ਸਵੇਰੇ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਨ ਵਾਲੇ 27 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰਨ ਦਾ ਐਲਾਨ ਕਰ ਦਿੱਤਾ ਤਾਂ ਉਥੇ ਭੱਜ-ਦੌੜ ਮਚ ਗਈ। ਪਾਵਰਕਾਮ ਅਧਿਕਾਰੀਆਂ ਦੇ ਪਸੀਨੇ ਛੁੱਟ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਉਨ੍ਹਾਂ ਦੀ ਮੀਟਿੰਗ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਨਾਲ ਕਰਵਾਉਣ ਦਾ ਭਰੋਸਾ ਦਿੱਤਾ। ਬਿਜਲੀ ਮੁਲਾਜ਼ਮਾਂ ਨੇ ਭਰੋਸੇ 'ਤੇ ਯਕੀਨ ਕਰਨ ਦੀ ਜਗ੍ਹਾ ਪਾਵਰਕਾਮ ਆਫਿਸ ਕੈਂਪਸ 'ਚ ਰੋਸ ਧਰਨ ਲਗਾ ਦਿੱਤਾ। ਪੰਜਾਬ ਸਰਕਾਰ ਮੁਰਦਾਬਾਦ, ਠੇਕੇਦਾਰ ਮੁਰਦਾਬਾਦ, ਪਾਵਰਕਾਮ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਨੌਕਰੀ 'ਤੇ ਬਹਾਲ ਕਰੋ ਆਦਿ ਨਾਅਰਿਆਂ ਦੀ ਗੂੰਜ 'ਚ ਸੰਬੋਧਨ ਕਰਦੇ ਹੋਏ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਠੇਕੇਦਾਰ ਦੀ ਇਸ ਕਾਰਵਾਈ ਨੂੰ ਸਿੱਧੇ ਤੌਰ 'ਤੇ ਕਾਨੂੰਨ ਦੀ ਉਲੰਘਣਾ ਦੱਸਦੇ ਹੋਏ ਕਿਹਾ ਕਿ ਇਨਸਾਫ ਮਿਲਣ ਤੱਕ ਉਹ ਇਨ੍ਹਾਂ ਦੇ ਨਾਲ ਡਟ ਕੇ ਖੜ੍ਹੇ ਰਹਿਣਗੇ।
ਮਕਾਨ ਵੇਚ ਕੇ ਮੁਲਾਜ਼ਮਾਂ ਨੇ ਕਰਵਾਇਆ ਇਲਾਜ
ਇਸ ਸਾਲ ਜੂਨ ਮਹੀਨੇ 'ਚ ਸਾਹਨੇਵਾਲ ਦੇ ਰਹਿਣ ਵਾਲੇ ਵਰਿੰਦਰ ਸਿੰਘ ਨਾਮਕ ਮੁਲਾਜ਼ਮ ਨੂੰ ਡਿਊਟੀ ਦੌਰਾਨ ਕਰੰਟ ਲੱਗ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਇਲਾਜ 'ਤੇ ਲਗਭਗ 12 ਲੱਖ ਰੁਪਏ ਖਰਚ ਆਇਆ। ਉਸ ਸਮੇਂ ਠੇਕੇਦਾਰ ਨੇ ਹੱਥ ਖੜ੍ਹੇ ਕਰ ਦਿੱਤੇ। ਵਰਿੰਦਰ ਸਿੰਘ ਨੂੰ ਆਪਣਾ ਇਲਾਜ ਕਰਵਾਉਣ ਲਈ ਆਪਣਾ ਮਕਾਨ ਤਕ ਵੇਚਣਾ ਪਿਆ। ਇਕ ਦੋ ਦਿਨ ਪਹਿਲਾਂ ਹੀ ਜਦ ਉਹ ਹਸਪਤਾਲ ਤੋਂ ਘਰ ਮੁੜਿਆ ਤਾਂ ਠੇਕੇਦਾਰ ਨੇ ਉਸ ਦਾ ਹਾਲ-ਚਾਲ ਤਾਂ ਕੀ ਪੁੱਛਣਾ ਸੀ ਕਿ ਬਲਕਿ ਉਸ ਨੂੰ ਵੀ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਅੱਜ ਰੋਸ ਧਰਨੇ 'ਤੇ ਬੈਠੇ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਵੀ ਆਪਣੀ ਦਾਸਤਾਨ ਸੁਣਾਉਂਦੇ ਹੋਏ ਦੱਸਿਆ ਕਿ ਉਹ ਵੀ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਸਮੇਂ ਵੀ ਠੇਕੇਦਾਰ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਸੀ ਬਲਕਿ ਉਸ ਨੂੰ ਆਪਣਾ ਇਲਾਜ ਖੁਦ ਹੀ ਕਰਵਾਉਣਾ ਪਿਆ।
ਠੇਕੇਦਾਰ 'ਤੇ ਇਹ ਹਨ ਦੋਸ਼
ਨੌਕਰੀ ਤੋਂ ਜਬਰੀ ਕੱਢ ਦਿੱਤੇ ਗਏ, ਇਨ੍ਹਾਂ ਬਿਜਲੀ ਮੁਲਾਜ਼ਮਾਂ ਨੇ ਠੇਕੇਦਾਰ ਬਲਵਿੰਦਰ ਸਿੰਘ 'ਤੇ ਦੋਸ਼ ਲਾਉਂਦੇ ਦੱਸਿਆ ਕਿ ਉਨਾਂ ਨੂੰ ਦੋ ਮੁਲਾਜ਼ਮਾਂ ਦੀ ਜੋੜੀ ਦੇ ਰੂਪ ਵਿਚ 18000 ਰੁਪਏ ਤਨਖਾਹ ਮਿਲਦੀ ਹੈ, ਜਦਕਿ ਠੇਕੇਦਾਰ ਪਾਵਰਕਾਮ ਤੋਂ 38950 ਰੁਪਏ ਵਸੂਲ ਰਿਹਾ ਹੈ। ਜਦ ਵੀ ਆਪਣੀ ਤਨਖਾਹ ਵਧਾਉਣ ਜਾਂ ਫਿਰ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਠੇਕੇਦਾਰ ਬਿਨਾਂ ਕਿਸੇ ਸੂਚਨਾ ਦੇ ਨੌਕਰੀ ਤੋਂ ਕੱਢ ਦਿੰਦਾ ਹੈ ।
ਨੌਕਰੀ ਤੋਂ ਕੱਢੇ ਗਏ ਮੁਲਾਜ਼ਮ
ਸਿਮਰਨਜੀਤ ਸਿੰਘ, ਬਲਦੇਵ ਸਿੰਘ, ਆਜ਼ਾਦ ਸਿੰਘ, ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ, ਚਰਨਜੀਤ ਸਿੰਘ, ਵਿਕਾਸ ਵਰਮਾ, ਮਨਜੀਤ ਸਿੰਘ, ਰਵੀ ਸ਼ੰਕਰ, ਗੁਰਮੀਤ ਸਿੰਘ, ਰਣਜੀਤ ਕੁਮਾਰ, ਜਸਪਾਲ ਸਿੰਘ, ਅਸੀਸ ਕੁਮਾਰ, ਹਰਮੀਤ ਸਿੰਘ, ਰਵੀ ਚੰਦ, ਵਿਜੇ ਕੁਮਾਰ, ਰਛਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ।
ਕਿਰਤ ਵਿਭਾਗ ਨੂੰ ਸੌਂਪਿਆ ਮੰਗ-ਪੱਤਰ
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਨੇ ਕਿਰਤ ਵਿਭਾਗ ਨੂੰ ਮੁਲਾਜ਼ਮਾਂ ਦੇ ਨਾਲ ਹੋਈ ਬੇਇਨਸਾਫੀ ਨੂੰ ਲੈ ਕੇ ਮੰਗ-ਪੱਤਰ ਸੌਂਪ ਕੇ ਇਹ ਫਰਿਆਦ ਕੀਤੀ ਕਿ ਗੈਰ-ਕਾਨੂੰਨੀ ਤੌਰ 'ਤੇ ਕੰਮ ਤੋਂ ਹਟਾਏ ਗਏ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਅਤੇ ਦੇਰੀ ਤੋਂ ਬਹਾਲ ਕਰਵਾਇਆ ਜਾਵੇ।
ਕੀ ਕਹਿਣੈ ਠੇਕੇਦਾਰ ਦਾ
ਬਿਜਲੀ ਮੁਲਾਜ਼ਮਾਂ ਨਾਲ ਸੰਬੰਧਿਤ ਪੈਦਾ ਹੋਏ ਵਿਵਾਦ ਬਾਰੇ ਜਦ ਠੇਕੇਦਾਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪਾਵਰਕਾਮ ਦੇ ਨਿਯਮਾਂ ਤਹਿਤ ਹੀ ਕੰਮ ਕਰਦੇ ਆ ਰਹੇ ਹਨ। ਪੈਡੀ ਅਤੇ ਨਾਨ-ਪੈਡੀ ਸੀਜ਼ਨ ਦੇ ਦੌਰਾਨ ਜ਼ਰੂਰਤ ਮੁਤਾਬਕ ਮੁਲਾਜ਼ਮਾਂ ਦੀ ਸੰਖਿਆ ਵਧਦੀ ਅਤੇ ਘੱਟਦੀ ਰਹਿੰਦੀ ਹੈ। ਇਸ ਦੀ ਜਾਣਕਾਰੀ ਧਰਨੇ 'ਤੇ ਬੈਠੇ ਮੁਲਾਜ਼ਮਾਂ ਨੂੰ ਵੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਪਹਿਲੀ ਅਕਤੂਬਰ ਤੋਂ ਮੁਲਾਜ਼ਮਾਂ ਦੀ ਛਾਂਟੀ ਹੋਵੇਗੀ। ਇਸ ਦੇ ਬਾਵਜੂਦ ਅੱਜ ਇਹ ਧਰਨੇ 'ਤੇ ਬੈਠ ਗਏ ਅਤੇ ਉਨ੍ਹਾਂ 'ਤੇ ਬੇਬੁਨਿਆਦ ਦੋਸ਼ ਲਾਉਣ ਦੇ ਨਾਲ ਪ੍ਰੈਸ਼ਰ ਬਣਾਉਣ ਲੱਗੇ ਹਨ। ਮੁਲਾਜ਼ਮਾਂ ਦੇ ਦੋਸ਼ਾਂ 'ਚ ਭੋਰਾ ਵੀ ਸਚਾਈ ਨਹੀਂ ਹੈ।
ਸਿਹਤ ਵਿਭਾਗ ਚੌਕਸ, 13 ਸੈਂਪਲ ਭਰੇ
NEXT STORY