ਬਠਿੰਡਾ(ਸੁਖਵਿੰਦਰ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫਤਰ ਸਾਹਮਣੇ ਦਿਨ-ਰਾਤ ਧਰਨਾ ਜਾਰੀ ਰੱਖਣ ਦੇ ਨਾਲ-ਨਾਲ ਕਾਲੀ ਹੋਲੀ ਮਨਾਉਣ ਦਾ ਵੀ ਐਲਾਨ ਕੀਤਾ। ਮੁਲਾਜ਼ਮਾਂ ਨੇ ਸ਼ਹਿਰ 'ਚ ਰੋਸ ਮਾਰਚ ਕਰ ਕੇ ਵੀ ਗੁੱਸਾ ਕੱਢਿਆ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ 2 ਮਾਰਚ ਨੂੰ ਹੋਲੀ ਵਾਲੇ ਦਿਨ ਆਂਗਣਵਾੜੀ ਮੁਲਾਜ਼ਮ ਸੂਬੇ ਭਰ 'ਚ ਕਾਲੀ ਹੋਲੀ ਮਨਾਉਣਗੇ। ਇਸ ਦੇ ਤਹਿਤ ਪੂਰਾ ਦਿਨ ਰਾਜ ਭਰ 'ਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਸਰਕਾਰ ਦੀ ਤਰਜ਼ 'ਤੇ ਵਰਕਰਾਂ ਨੂੰ 10 ਹਜ਼ਾਰ ਅਤੇ ਹੈਲਪਰਾਂ ਨੂੰ 5 ਹਜ਼ਾਰ ਰੁਪਏ ਮਾਣ ਭੱਤਾ ਦੇਵੇ ਅਤੇ ਆਂਗਣਵਾੜੀ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਲਾਭ ਦੇਣ ਲਈ 100 ਕਰੋੜ ਰੁਪਏ ਦੇ ਬਿੱਲਾਂ ਨੂੰ ਪਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਦੇ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪਰ ਯੂਨੀਅਨ ਦੀਆਂ ਆਗੂ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੀਆਂ। ਇਸ ਦੌਰਾਨ ਮੁਲਾਜ਼ਮਾਂ ਨੇ ਜ਼ਿਲਾ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਸ਼ੀਲਾ ਰਾਣੀ ਗੁਰੂਹਰ ਸਹਾਏ, ਜੀਵਨ ਕੌਰ ਮਖੂ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਰੂਪ ਰਾਣੀ ਬਠਿੰਡਾ, ਸੋਮਾ ਰਾਣੀ ਬੀੜ ਤਲਾਬ, ਦਰਸ਼ਨਾ ਰਾਣੀ ਨਹੀਆਂਵਾਲਾ, ਬਲਵੀਰ ਕੌਰ ਭੋਖੜਾ ਆਦਿ ਹਾਜ਼ਰ ਸਨ। ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਜ਼ਿਲਾ ਪ੍ਰਧਾਨ ਬਲਵੀਰ ਕੌਰ ਦੀ ਅਗਵਾਈ ਹੇਠ ਪਿੰਡ ਨਰਿੰਦਰਪੁਰਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਕੁਲਦੀਪ ਕੌਰ, ਬਲਵਿੰਦਰ ਕੌਰ, ਬੇਅੰਤ ਕੌਰ, ਬਲਜੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਮਾਣਭੱਤੇ ਵਿਚ ਵਾਧਾ ਕੀਤਾ ਜਾਵੇ, ਰੋਕੇ ਹੋਏ ਫੰਡਾਂ ਨੂੰ ਪਾਸ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।
ਜਬਰ-ਜ਼ਨਾਹ ਦੀ ਵੀਡੀਓ ਬਣਾ ਕੇ ਲੁੱਟਦਾ ਰਿਹਾ ਲੜਕੀ ਦੀ ਪੱਤ
NEXT STORY